Punjab
ਪੁਲਿਸ ਨੇ ਲੁਧਿਆਣਾ ਰੇਲਵੇ ਸਟੇਸ਼ਨ ਤੋਂ ਅਗਵਾ ਹੋਇਆ 3 ਮਹੀਨੇ ਦਾ ਬੱਚਾ ਕੀਤਾ ਬਰਾਮਦ

ਕਪੂਰਥਲਾ ਤੋਂ ਗ੍ਰਿਫ਼ਤਾਰ ਮੁਲਜ਼ਮ ਪਤੀ-ਪਤਨੀ
10 ਨਵੰਬਰ 2023: ਲੁਧਿਆਣਾ ਰੇਲਵੇ ਸਟੇਸ਼ਨ ਤੋਂ ਅਗਵਾ ਕੀਤੇ ਗਏ 3 ਮਹੀਨੇ ਦੇ ਬੱਚੇ (ਆਰੀਅਨ) ਨੂੰ ਕਰੀਬ 19 ਘੰਟਿਆਂ ਵਿੱਚ ਬਰਾਮਦ ਕਰ ਲਿਆ ਗਿਆ ਹੈ ਅਤੇ ਦੋਸ਼ੀ ਪਤੀ-ਪਤਨੀ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ। ਮੁਲਜ਼ਮਾਂ ਨੇ ਬੁੱਧਵਾਰ ਦੇਰ ਰਾਤ ਲੁਧਿਆਣਾ ਰੇਲਵੇ ਸਟੇਸ਼ਨ ‘ਤੇ ਸੁੱਤੇ ਪਏ ਪਤੀ-ਪਤਨੀ ਤੋਂ ਬੱਚਾ ਚੋਰੀ ਕਰ ਲਿਆ ਸੀ। ਪੀੜਤ ਪਰਿਵਾਰ ਬਿਹਾਰ ਦੇ ਸੀਵਾਨ ਦਾ ਰਹਿਣ ਵਾਲਾ ਸੀ ਅਤੇ ਮਲੇਰਕੋਟਲਾ ਵੱਲ ਨੂੰ ਜਾਣਾ ਸੀ। ਪਰ ਦੇਰ ਰਾਤ ਹੋਣ ਕਰਕੇ ਉਹਨਾਂ ਨੇ ਲੁਧਿਆਣਾ ਰੇਲਵੇ ਸਟੇਸ਼ਨ ‘ਤੇ ਆਰਾਮ ਕਰ ਲਿਆ। ਇਸ ਦੌਰਾਨ ਉਹ ਸੌਂ ਗਏ ਅਤੇ ਦੋਸ਼ੀਆਂ ਨੇ ਮੌਕੇ ਦਾ ਫਾਇਦਾ ਉਠਾਉਂਦੇ ਹੋਏ ਬੱਚੇ ਨੂੰ ਅਗਵਾ ਕਰ ਲਿਆ।
ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਜੀਆਰਪੀ ਦੇ ਐਸਪੀ ਬਲਰਾਮ ਰਾਣਾ ਨੇ ਦੱਸਿਆ ਕਿ ਇਹ ਉਨ੍ਹਾਂ ਲਈ ਚੁਣੌਤੀ ਵਾਂਗ ਸੀ। ਜੀਆਰਪੀ ਅਤੇ ਆਰਪੀਐਫ ਵਿੱਚ ਟੀਮਾਂ ਬਣਾਈਆਂ ਗਈਆਂ। ਉਨ੍ਹਾਂ ਵੱਖ-ਵੱਖ ਜ਼ਿਲ੍ਹਿਆਂ ਵਿੱਚ ਆਪਣੀਆਂ ਟੀਮਾਂ ਭੇਜੀਆਂ। ਜ਼ਿਲ੍ਹਾ ਪੁਲੀਸ ਦੇ ਨਾਲ-ਨਾਲ ਸਥਾਨਕ ਆਟੋ ਚਾਲਕਾਂ, ਬੱਸ ਅਪਰੇਟਰਾਂ ਆਦਿ ਦੀ ਵੀ ਮਦਦ ਲਈ ਗਈ। ਆਖ਼ਰ ਰਾਤ ਕਰੀਬ 3 ਵਜੇ ਮੁਲਜ਼ਮਾਂ ਨੂੰ ਕਪੂਰਥਲਾ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ। ਦੋਸ਼ੀ ਦੇ ਆਪਣੇ ਦੋ ਬੱਚੇ ਵੀ ਹਨ। ਇਸ ਤੋਂ ਇਲਾਵਾ, ਉਹ ਲਗਾਤਾਰ ਬਿਆਨ ਬਦਲ ਰਹੇ ਹਨ। ਪੁਲਿਸ ਇਨ੍ਹਾਂ ਨੂੰ ਰਿਮਾਂਡ ‘ਤੇ ਲੈ ਕੇ ਹੋਰ ਪੁੱਛਗਿੱਛ ਕਰੇਗੀ।
ਦੂਜੇ ਪਾਸੇ ਪੀੜਤ ਪਰਿਵਾਰ ਆਪਣੇ ਬੱਚੇ ਵਾਪਸ ਮਿਲਣ ਤੋਂ ਬਾਅਦ ਕਾਫੀ ਖੁਸ਼ ਹੈ ਅਤੇ ਪੁਲਸ ਦਾ ਧੰਨਵਾਦ ਕਰ ਰਿਹਾ ਹੈ। ਉਸਨੇ ਦੱਸਿਆ ਕਿ ਇਹ ਉਸਦਾ ਪਹਿਲਾ ਬੱਚਾ ਹੈ।