Corona Virus
ਕੋਰੋਨਾ ਕਾਰਨ ਲੱਗੇ ਕਰਫ਼ਿਊ ਨੇ ਕੀਤਾ ਗਰੀਬ ਦਾ ਮੰਦਾ ਹਾਲ

ਫਿਰੋਜ਼ਪੁਰ, 21 ਅਪ੍ਰੈਲ: ਦੇਸ਼ ਅੰਦਰ ਕਰਫਿਊ ਜਾਰੀ ਹੈ ਪੰਜਾਬ ਵਿੱਚ ਕਰੋਨਾਵਾਇਰਸ ਦੇ ਵਧਦੇ ਮਾਮਲਿਆਂ ਨੂੰ ਲੇ ਕੇ ਲਾਕਡਾਉਨ ਵਧਾਉਣ ਦੀ ਗੱਲ ਆਖੀ ਜਾ ਰਹੀ ਹੈ। ਗਰੀਬ ਲੋਕਾਂ ਦੇ ਹਾਲਾਤ ਬਦ ਤੋਂ ਬੱਤਰ ਬਣਦੇ ਜਾ ਰਹੇ ਹਨ। ਸੂਬੇ ਦੀ ਕੈਪਟਨ ਸਰਕਾਰ ਆਪਣੀ ਫੋਟੋ ਵਾਲਾ ਰਾਸ਼ਨ ਗਰੀਬਾਂ ਦੇ ਘਰ ਘਰ ਪਹੁੰਚਾਉਣ ਦਾ ਦਾਅਵਾ ਕਰ ਰਹੀ ਹੈ। ਪਰ ਕਿਤੇ ਨਾ ਕਿਤੇ ਇਸ ਰਾਸ਼ਨ ਨੂੰ ਲੈ ਕੇ ਗਰੀਬਾ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾ ਰਿਹਾ ਹੈ। ਤਾਜਾ ਮਾਮਲਾ ਸਾਹਮਣੇ ਆਇਆ ਹੈ ਜਿਲਾ ਫਿਰੋਜ਼ਪੁਰ ਤੋਂ ਜਿਥੋਂ ਦੀ ਬਸਤੀ ਸੂਬੇ ਕਾਹਨ ਸਿੰਘ ਵਾਲਾ ਦੇ ਵਸਨੀਕਾਂ ਨੇ ਦੱਸਿਆ ਕਿ ਉਹ ਭੱਠਾ ਮਜਦੂਰ ਹਨ ਅਤੇ ਭੱਠੇ ਤੇ ਕੰਮਕਾਜ ਕਰਕੇ ਉਹ ਆਪਣਾ ਗੁਜਾਰਾ ਕਰਦੇ ਸਨ। ਪਰ ਜਦੋਂ ਦਾ ਲਾਕਡਾਉਨ ਹੋਇਆ ਹੈ। ਭੱਠਿਆਂ ਦਾ ਵੀ ਕੰਮਕਾਜ ਬੰਦ ਪਿਆ ਹੋਇਆ ਹੈ ਅਤੇ ਨਾ ਹੀ ਉਨ੍ਹਾਂ ਤੱਕ ਕੋਈ ਸਰਕਾਰੀ ਵੱਲੋਂ ਰਾਸ਼ਨ ਪਹੁੰਚਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪੁਲਿਸ ਜਰੂਰ ਉਨ੍ਹਾਂ ਨੂੰ ਰੋਟੀ ਦੇ ਕੇ ਜਾਦੀ ਹੈ ਪਰ ਉਸ ਨਾਲ ਉਨ੍ਹਾਂ ਦਾ ਗੁਜਾਰਾ ਨਹੀਂ ਹੁੰਦਾ ਛੋਟੇ ਛੋਟੇ ਬੱਚੇ ਦੁੱਧ ਪੀਣ ਤੋਂ ਤਰਸ ਰਹੇ ਹਨ। ਕੋਈ ਉਨ੍ਹਾਂ ਦੀ ਸਾਰ ਨਹੀਂ ਲੈ ਰਿਹਾ ਉਨ੍ਹਾਂ ਕਿਹਾ ਵੋਟਾਂ ਲੈਣ ਵਾਲੇ ਲੀਡਰ ਵੀ ਉਨ੍ਹਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕਰ ਰਹੇ ਹਨ ਕਿਉਂਕਿ ਸਰਕਾਰ ਵੱਲੋਂ ਜੋ ਰਾਸ਼ਨ ਆਉਂਦਾ ਹੈ ਉਹ ਸਭ ਲੀਡਰਾਂ ਦੇ ਚਹੇਤਿਆਂ ਤੱਕ ਹੀ ਸੀਮਤ ਰਹਿੰਦਾ ਹੈ ਅਤੇ ਉਹ ਭੁੱਖੇ ਮਰ ਰਹੇ ਹਨ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਲੀਡਰ ਉਨ੍ਹਾਂ ਨਾਲ ਮਤ ਭੇਦ ਨਾ ਕਰਨ ਅਤੇ ਉਨ੍ਹਾਂ ਤੱਕ ਰਾਸ਼ਨ ਪਹੁੰਚਾਉਣ ਜਿਸ ਨਾਲ ਉਹ ਆਪਣਾ ਪੇਟ ਭਰ ਸਕਣ ਅਤੇ ਘਰ ਅੰਦਰ ਰਹਿ ਕੇ ਸਰਕਾਰ ਦੇ ਹੁਕਮਾਂ ਦੀ ਪਾਲਣਾ ਵੀ ਕਰ ਸਕਣ।