Connect with us

Punjab

ਪ੍ਰਿੰਸੀਪਲ ਸਕੱਤਰ ਸਕੂਲ ਸਿੱਖਿਆ ਨੇ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਅਧਿਕਾਰੀ ਅਤੇ ਕਰਮਚਾਰੀ ਤਨਦੇਹੀ ਨਾਲ ਕਾਰਜ ਕਰਦਿਆਂ ਵਿਭਾਗ ਦੇ ਅਕਸ ਨੂੰ ਹੋਰ ਨਿਖਾਰਨ ਆਲੋਕ ਸ਼ੇਖਰ

Published

on

ਐੱਸ.ਏ.ਐੱਸ. ਨਗਰ: ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਦੇਣ, ਸਰਕਾਰ ਵੱਲੋਂ ਜਾਰੀ ਭਲਾਈ ਸਕੀਮਾਂ ਦਾ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਲਾਭ ਪਹੁੰਚਾਉਣ, ਸਕੂਲ ਮੁਖੀਆਂ ਅਤੇ ਅਧਿਆਪਕਾਂ ਦੇ ਗ੍ਰੀਵੀਐਂਸਜ਼ ਨੂੰ ਬਿਨਾਂ ਦੇਰੀ ਨਿਪਟਾਉਣ ਦੇ ਨਾਲ-ਨਾਲ ਵਿਭਾਗੀ ਕਾਰਜਾਂ ਵਿੱਚ ਤੇਜ਼ੀ ਲਿਆਉਣ ਲਈ ਸਿੱਖਿਆ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਆਲੋਕ ਸ਼ੇਖਰ ਨੇ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਅਤੇ ਕਰਮਚਾਰੀਆਂ ਨਾਲ ਦਫ਼ਤਰ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਮੋਹਾਲੀ ਵਿਖੇ ਕਾਨਫਰੰਸ ਹਾਲ ਵਿੱਚ ਮੀਟਿੰਗ ਕੀਤੀ। ਇਸ ਮੌਕੇ ਪ੍ਰਦੀਪ ਕੁਮਾਰ ਅਗਰਵਾਲ ਡੀ.ਜੀ.ਐੱਸ.ਈ. ਪੰਜਾਬ ਅਤੇ ਕੁਲਜੀਤ ਪਾਲ ਸਿੰਘ ਮਾਹੀ ਡੀ.ਪੀ.ਆਈ. ਸੈਕੰਡਰੀ ਸਿੱਖਿਆ ਪੰਜਾਬ ਵੀ ਉਹਨਾਂ ਨਾਲ ਮੀਟਿੰਗ ਵਿੱਚ ਮੌਜੂਦ ਰਹੇ।

ਇਸ ਮੀਟਿੰਗ ਦੌਰਾਨ ਪ੍ਰਿੰਸੀਪਲ ਸਕੱਤਰ ਸਕੂਲ ਸਿੱਖਿਆ ਆਲੋਕ ਸ਼ੇਖਰ ਨੇ ਵਿਭਾਗ ਦੁਆਰਾ ਚਲਾਈਆਂ ਜਾ ਰਹੀਆਂ ਸਕੀਮਾਂ, ਗੁਣਾਤਮਿਕ ਸਿੱਖਿਆ ਦੇ ਪ੍ਰੋਗਰਾਮਾਂ, ਵਿਭਾਗ ਦੇ ਵੱਲੋਂ ਸਕੂਲਾਂ ਵਿੱਚ ਬੁਨਿਆਦੀ ਢਾਂਚੇ ਦੇ ਸੁਧਾਰ ਲਈ ਕੀਤੇ ਜਾ ਰਹੇ ਕਾਰਜਾਂ ਬਾਰੇ ਜਾਣਕਾਰੀ ਲਈ। ਉਹਨਾਂ ਨੇ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਅਤੇ ਬਾਕੀ ਸਮੂਹ ਵਿਭਾਗ ਦੇ ਕਰਮਚਾਰੀ ਅਤੇ ਅਧਿਕਾਰੀ ਇੱਕ ਟੀਮ ਹਨ। ਇੱਕ ਟੀਮ ਵੱਜੋਂ ਕੰਮ ਕਰਦਿਆਂ ਸਕੂਲਾਂ ਦੇ ਵਿੱਚ ਗੁਣਾਤਮਕ ਅਤੇ ਗਿਣਾਤਮਕ ਸੁਧਾਰ ਲਿਆਉਣਾ ਵਿਭਾਗ ਦੀ ਪਹਿਲ ਹੈ। ਉਹਨਾਂ ਨੇ ਵਿਭਾਗ ਦੇ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਉਤਸ਼ਾਹਿਤ ਕੀਤਾ ਕਿ ਸਭ ਮਿਲ ਕੇ ਆਪਣੇ-ਆਪਣੇ ਕੰਮ ਨੂੰ ਜ਼ਿੰਮੇਵਾਰੀ ਨਾਲ ਕਰਨ ਤਾਂ ਕਿ ਸਿੱਖਿਆ ਵਿਭਾਗ ਦਾ ਅਕਸ ਹੋਰ ਨਿਖਰ ਕੇ ਸਾਹਮਣੇ ਆਏ। ਉਹਨਾਂ ਸਮੂਹ ਅਧਿਕਾਰੀਆਂ ਨੂੰ ਹਰੇਕ ਕੰਮ ਦਾ ਰਿਵਿਊ ਸਮੇਂ ਸਿਰ ਕਰਨ ਲਈ ਵੀ ਪ੍ਰੇਰਿਤ ਕੀਤਾ।

ਇਸ ਮੌਕੇ ਹਰਿੰਦਰ ਕੌਰ ਡੀ.ਪੀ.ਆਈ. ਐਲੀਮੈਂਟਰੀ ਸਿੱਖਿਆ ਪੰਜਾਬ, ਡਾ. ਮਨਿੰਦਰ ਸਿੰਘ ਸਰਕਾਰੀਆ ਡਾਇਰੈਕਟਰ ਰਾਜ ਵਿੱਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ, ਮਨੋਜ ਕੁਮਾਰ ਡਿਪਟੀ ਸਟੇਟ ਪ੍ਰੋਜੈਕਟ ਡਾਇਰੈਕਟਰ, ਮੁੱਖ ਦਫ਼ਤਰ ਦੇ ਡਿਪਟੀ ਡਾਇਰੈਕਟਰ, ਸਹਾਇਕ ਡਾਇਰੈਕਟਰ ਅਤੇ ਵਿਭਾਗ ਦੇ ਹੋਰ ਆਹਲਾ ਅਧਿਕਾਰੀ ਵੀ ਮੀਟਿੰਗ ਵਿੱਚ ਮੌਜੂਦ ਰਹੇ।