punjab
ਜੂਨੀਅਰ ਡਰਾਫਟਸਮੈਨ ਦੀਆਂ 659 ਆਸਾਮੀਆਂ ਲਈ ਬਿਨੈ ਕਰਨ ਦੀ ਪ੍ਰਕਿਰਿਆ ਸ਼ੁਰੂ: ਰਮਨ ਬਹਿਲ

ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗਾਂ ਵਿੱਚ ਸਿੱਧੀ ਭਰਤੀ ਦੀਆਂ ਜੂਨੀਅਰ ਡਰਾਫਟਸਮੈਨ ਦੀਆਂ 659 ਖਾਲੀ ਅਸਾਮੀਆਂ ਲਈ ਬਿਨੈ ਕਰਨ ਦੀ ਪ੍ਰਕਿਰਿਆ ਆਰੰਭ ਹੋ ਗਈ ਹੈ। ਇਸ ਸਬੰਧੀ ਅਧੀਨ ਸੇਵਾਵਾਂ ਚੋਣ ਬੋਰਡ ਦੇ ਚੇਅਰਮੈਨ ਸ੍ਰੀ ਰਮਨ ਬਹਿਲ ਨੇ ਦੱਸਿਆ ਕਿ ਸਿੱਧੀ ਭਰਤੀ ਦੀਆਂ ਜੂਨੀਅਰ ਡਰਾਫਟਸਮੈਨ ਦੀਆਂ 659 ਖਾਲੀ ਅਸਾਮੀਆਂ ਲਈ ਯੋਗ ਉਮੀਦਵਾਰ ਮਿਤੀ 08.07.2021 ਤੋਂ 22.07.2021 ਸ਼ਾਮ 5.00 ਵਜੇ ਤੱਕ ਆਨਲਾਈਨ ਬਿਨੈ ਕਰ ਸਕਦੇ ਹਨ।ਸ੍ਰੀ ਬਹਿਲ ਨੇ ਦੱਸਿਆ ਕਿ ਸਿੱਧੀ ਭਰਤੀ ਅਧੀਨ ਡਰਾਫਟਸਮੈਨ ਦੀਆਂ ਅਸਾਮੀਆਂ ਲਈ ਬੋਰਡ ਵੱਲੋਂ 15-01-2021 ਨੂੰ ਜਾਰੀ ਇਸ਼ਤਿਹਾਰ ਨੰਬਰ 2 ਆਫ 2021 ਰਾਹੀਂ ਜੂਨੀਅਰ ਡਰਾਫਟਸਮੈਨ ਦੀਆਂ 547 ਅਸਾਮੀਆਂ ਦੀ ਅਰਜੀਆਂ ਦੀ ਮੰਗ ਕੀਤੀ ਗਈ ਸੀ ਪਰ ਇਨਾਂ ਅਸਾਮੀਆਂ ਦੀ ਭਰਤੀ ਸਬੰਧੀ ਉਚੇਰੀ ਯੋਗਤਾ ਰੱਖਣ ਵਾਲੇ ਕਈ ਉਮੀਦਵਾਰਾਂ ਵਲੋਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਵੱਖ-ਵੱਖ ਰਿੱਟ ਪਟੀਸ਼ਨਾਂ ਦਾਖਲ ਕਰਕੇ ਮੰਗ ਕੀਤੀ ਗਈ ਸੀ ਕਿ ਉਚੇਰੀ ਯੋਗਤਾ ਧਾਰਕ ਉਮੀਦਵਾਰਾਂ ਨੂੰ ਵੀ ਇਨਾਂ ਅਸਾਮੀਆਂ ਲਈ ਯੋਗ ਮੰਨਿਆ ਜਾਵੇ। ਜਿਸ ਉਪਰੰਤ ਬੋਰਡ ਵਲੋਂ ਸਬੰਧਤ ਵਿਭਾਗਾਂ ਤੋਂ ਪ੍ਰਵਾਨਗੀ ਲੈਣ ਉਪਰੰਤ ਉਚੇਰੀ ਸਿੱਖਿਆ ਵਾਲੇ ਉਮੀਦਵਾਰਾਂ ਨੂੰ ਵੀ ਅਪਲਾਈ ਕਰਨ ਆਗਿਆ ਦਿੱਤੀ ਗਈ।ਉਹਨਾਂ ਦੱਸਿਆ ਕਿ ਬੋਰਡ ਵਲੋਂ 15-01-2021 ਨੂੰ ਜਾਰੀ ਇਸ਼ਤਿਹਾਰ ਨੰਬਰ 2 ਆਫ 2021 ਨੂੰ 30.06.2021 ਇੱਕ ਜਨਤਕ ਸੂਚਨਾ ਜਾਰੀ ਕਰਕੇ ਵਾਪਸ ਲੈ ਲਿਆ ਗਿਆ ਸੀ ਅਤੇ ਹੁਣ ਇਸ਼ਤਿਹਾਰ ਨੰਬਰ 12 ਆਫ 2021 ਰਾਹੀਂ ਮੁੜ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ਉਹਨਾਂ ਇਹ ਵੀ ਸਪੱਸ਼ਟ ਕੀਤਾ ਕਿ ਪਹਿਲੇ ਇਸ਼ਤਿਹਾਰ ਅਨੁਸਾਰ ਅਪਲਾਈ ਕਰਨ ਵਾਲੇ ਉਮੀਦਵਾਰਾਂ ਨੂੰ ਹੁਣ ਸਿਰਫ ਆਪਣੇ ਲਾਗਨਿ-ਪਾਸਵਰਡ ਰਾਹੀਂ ਪ੍ਰੋਫਾਈਲ ਅਪਡੇਟ ਕਰਨਾ ਪਵੇਗਾ ਅਤੇ ਫੀਸ ਦੁਬਾਰਾ ਅਦਾ ਕਰਨ ਦੀ ਲੋੜ ਨਹੀਂ ਹੈ। ਉਨ੍ਹਾਂ ਕਿਹਾ ਕਿ ਟੈਸਟ ਵਿਚ ਯੋਗ ਪਾਏ ਗਏ ਉਮੀਦਵਾਰਾਂ ਦਾ ਸਕਿੱਲ ਟੈਸਟ ਵੀ ਲਿਆ ਜਾਵੇਗਾ। ਸ੍ਰੀ ਬਹਿਲ ਨੇ ਦੱਸਿਆ ਕਿ ਇਹ ਭਰਤੀ ਬੋਰਡ ਵਲੋਂ ਬਹੁਤ ਜਲਦ ਨੇਪਰੇ ਚਾੜ ਦਿੱਤੀ ਜਾਵੇਗੀ।