Punjab
ਅਗਾਂਹਵਧੂ ਕਿਸਾਨ ਗਗਨਦੀਪ ਸਿੰਘ ਝੋਨੇ ਦੀ ਸਿੱਧੀ ਬਿਜਾਈ ਤਕਨੀਕ ਦੀ ਵਰਤੋਂ ਤੋਂ ਹੋਇਆ ਸੰਤੁਸ਼ਟ
ਪਟਿਆਲਾ: ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਝੋਨੇ ਦੀ ਸਿੱਧੀ ਬਿਜਾਈ ਮੁਹਿੰਮ ਵਿਚ ਯੋਗਦਾਨ ਪਾਉਂਦੇ ਹੋਏ ਬਲਾਕ ਪਟਿਆਲਾ ਵਿਚ ਪੈਂਦੇ ਪਿੰਡ ਸਿਉਣਾ ਦੇ ਅਗਾਂਹਵਧੂ ਕਿਸਾਨ ਗਗਨਦੀਪ ਸਿੰਘ ਨੇ ਬਲਾਕ ਖੇਤੀਬਾੜੀ ਅਫ਼ਸਰ ਡਾ. ਅਵਨਿੰਦਰ ਸਿੰਘ ਮਾਨ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਉਹ ਪਿਛਲੇ ਕੁਝ ਸਾਲਾਂ ਤੋਂ ਇਸ ਵਿਧੀ ਰਾਹੀਂ 32.5 ਕੁਇੰਟਲ ਪ੍ਰਤੀ ਏਕੜ ਦੇ ਹਿਸਾਬ ਨਾਲ ਝੋਨੇ ਦਾ ਝਾੜ ਪ੍ਰਾਪਤ ਕਰ ਰਿਹਾ ਹੈ ਅਤੇ ਇਸ ਸਾਲ ਉਹ 25 ਏਕੜ ਝੋਨੇ ਦੀ ਸਿੱਧੀ ਬਿਜਾਈ ਕਰੇਗਾ।
ਇਸ ਵਿਧੀ ਰਾਹੀਂ ਜਿੱਥੇ ਉਹ ਧਰਤੀ ਹੇਠਲੇ ਪਾਣੀ ਦੀ ਬੱਚਤ ਕਰ ਰਿਹਾ ਹੈ ਉੱਥੇ ਹੀ ਫ਼ਸਲੀ ਵਿਭਿੰਨਤਾ ਵਿਚ ਆਪਣਾ ਯੋਗਦਾਨ ਪਾ ਰਿਹਾ ਹੈ। ਉਸ ਨੇ ਦੱਸਿਆ ਕਿ ਇਸ ਵਿਧੀ ਨਾਲ ਤਿੰਨ ਹਜ਼ਾਰ ਰੁਪਏ ਪ੍ਰਤੀ ਏਕੜ ਦੀ ਬੱਚਤ ਹੁੰਦੀ ਹੈ ਕਿਉਂਕਿ ਇਸ ਫ਼ਸਲ ਨੂੰ ਬਿਮਾਰੀਆਂ ਘੱਟ ਲਗਦੀਆਂ ਹਨ ਤੇ ਖੇਤਾਂ ਵਿਚ ਪਾਣੀ ਨਹੀਂ ਖੜ੍ਹਾ ਹੁੰਦਾ ਅਤੇ ਝੋਨੇ ਦੀ ਫ਼ਸਲ ਜਲਦੀ ਪੱਕ ਜਾਂਦੀ ਹੈ। ਅਗਾਂਹਵਧੂ ਕਿਸਾਨ ਗਗਨਦੀਪ ਸਿੰਘ ਨੇ ਦੱਸਿਆ ਕਿ ਤਰ ਵੱਤਰ ਵਿਧੀ ਰਾਹੀਂ 21 ਦਿਨਾਂ ਬਾਅਦ ਪਾਣੀ ਲਾਉਣ ਨਾਲ ਲੋਹਾ ਅਤੇ ਜ਼ਿੰਕ ਦੀ ਘਾਟ ਦੀ ਸਮੱਸਿਆ ਤੋਂ ਵੀ ਛੁਟਕਾਰਾ ਪ੍ਰਾਪਤ ਹੁੰਦਾ ਹੈ। ਉਸ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਝੋਨੇ ਦੀ ਸਿੱਧੀ ਬਿਜਾਈ ਸ਼ਾਮ ਸਮੇਂ ਹੀ ਕਰਨ ਅਤੇ ਨਦੀਨ ਨਾਸ਼ਕ ਸਹੀ ਤਕਨੀਕ ਨਾਲ ਸ਼ਾਮ ਸਮੇਂ ਤਰ ਵੱਤਰ ਹਾਲਾਤ ਵਿਚ ਹੀ ਕਰਨ।
ਬਲਾਕ ਖੇਤੀਬਾੜੀ ਅਫ਼ਸਰ ਡਾ. ਅਵਨਿੰਦਰ ਸਿੰਘ ਮਾਨ ਅਤੇ ਸਰਕਲ ਇੰਚਾਰਜ ਡਾ. ਪਰਮਜੀਤ ਕੌਰ ਵੱਲੋਂ ਸਿਉਣਾ ਪਿੰਡ ਦੇ ਹੋਰ ਕਿਸਾਨਾਂ ਨੂੰ ਵੀ ਗਗਨਦੀਪ ਸਿੰਘ ਵਾਂਗ ਝੋਨੇ ਦੀ ਸਿੱਧੀ ਬਿਜਾਈ ਕਰਨ ਦੀ ਅਪੀਲ ਕੀਤੀ ਤਾਂ ਜੋ ਆਉਣ ਵਾਲੀਆਂ ਪੀੜੀਆਂ ਨੂੰ ਸੁਰੱਖਿਅਤ ਭਵਿੱਖ ਅਤੇ ਵਧੀਆ ਵਾਤਾਵਰਣ ਦਿੱਤਾ ਜਾ ਸਕੇ। ਕਿਸਾਨ ਵੱਲੋਂ ਅਪੀਲ ਕੀਤੀ ਗਈ ਕਿ ਬੀਜ ਨੂੰ ਬੀਜਣ ਤੋਂ ਪਹਿਲਾਂ 8 ਤੋਂ 10 ਘੰਟੇ ਪਾਣੀ ਵਿਚ ਡੁੱਬੋ ਕੇ ਅਤੇ ਚੰਗੀ ਤਰ੍ਹਾਂ ਸੁਕਾ ਕੇ ਬੀਜ ਸੋਧਕ ਦਵਾਈ ਲਾ ਕੇ ਹੀ ਬੀਜਿਆ ਜਾਵੇ।