Punjab
ਸ਼ਹੀਦੀ ਜੋੜ ਮੇਲ ਵਿੱਚ ਸਿਹਤ ਵਿਭਾਗ ਵੱਲੋਂ ਮੈਡੀਕਲ ਸਹੂਲਤਾਂ ਸੰਬੰਧੀ ਪੁਖ਼ਤਾ ਪ੍ਰਬੰਧ: ਚੇਤਨ ਸਿੰਘ ਜੌੜਾਮਾਜਰਾ
ਚੰਡੀਗੜ੍ਹ:
ਧੰਨ-ਧੰਨ ਬਾਬਾ ਜੋਰਾਵਰ ਸਿੰਘ ਜੀ, ਧੰਨ-ਧੰਨ ਬਾਬਾ ਫਤਿਹ ਸਿੰਘ ਜੀ ਅਤੇ ਧੰਨ-ਧੰਨ ਮਾਤਾ ਗੁਜਰ ਕੌਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਫਤਿਹਗੜ੍ਹ ਸਾਹਿਬ ਵਿਖੇ 26 ਤੋਂ 28 ਦਸੰਬਰ ਤੱਕ ਲੱਗਣ ਵਾਲੇ ਸ਼ਹੀਦੀ ਜੋੜ ਮੇਲ ਦੌਰਾਨ ਦੇਸਾਂ ਵਿਦੇਸ਼ਾਂ ਤੋਂ ਲੱਖਾਂ ਦੀ ਤਾਦਾਦ ਵਿਚ ਨਤਮਸਤਕ ਹੋਣ ਲਈ ਆਉਣ ਵਾਲੀਆਂ ਸੰਗਤਾਂ ਲਈ ਮੁੱਖ ਮੰਤਰੀ ਭਗਵੰਤ ਮਾਨ ਦੇ ਵਿਸ਼ੇਸ਼ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ, ਚੇਤਨ ਸਿੰਘ ਜੌੜਾਮਾਜਰਾ ਦੀ ਯੋਗ ਅਗਵਾਈ ਹੇਠ 24 ਘੰਟੇ ਸਿਹਤ ਸਹੂਲਤਾਂ ਉਪਲੱਬਧ ਕਰਵਾਈਆਂ ਜਾ ਰਹੀਆਂ ਹਨ।
ਜੌੜਮਾਜਰਾ ਨੇ ਦੱਸਿਆ ਕਿ ਇਹ ਸਹੂਲਤਾਂ ਉਪਲੱਬਧ ਕਰਵਾਉਣ ਲਈ ਵਿਭਾਗ ਵੱਲੋਂ ਸੂਬੇ ਦੇ 9 ਹੋਰ ਜ਼ਿਲ੍ਹਿਆਂ ਵਿੱਚੋਂ ਮੈਡੀਕਲ ਤੇ ਪੈਰਾਮੈਡੀਕਲ ਸਟਾਫ ਬੁਲਾਇਆ ਗਿਆ। ਇਸ ਤਰ੍ਹਾਂ ਲਗਭਗ ਕੁੱਲ 75 ਡਾਕਟਰ, 9 ਸਪੈਸ਼ਲਿਸਟ ਡਾਕਟਰ, 55 ਫਾਰਮੇਸੀ ਅਫਸਰ ,13 ਸਿਹਤ ਸੁਪਰਵਾਈਜ਼ਰ, 57 ਦਰਜਾ ਚਾਰ ਕਰਮਚਾਰੀ ਤੋਂ ਇਲਾਵਾ 70 ਹੋਰ ਪੈਰਾ-ਮੈਡੀਕਲ ਕਰਮਚਾਰੀਆਂ ਨੂੰ ਤਾਇਨਾਤ ਕੀਤਾ ਗਿਆ। ਸੰਗਤਾਂ ਨੂੰ 24 ਘੰਟੇ ਸਿਹਤ ਸੇਵਾਵਾਂ ਦੇਣ ਲਈ 7 ਸਰਕਾਰੀ ਅਤੇ7 ਪ੍ਰਾਈਵੇਟ ਆਰਜ਼ੀ ਡਿਸਪੈਂਸਰੀਆਂ ਸਮੇਤ ਐਂਬੂਲੈਂਸ ਤਾਇਨਾਤ ਕੀਤੀਆਂ ਗਈਆ , ਇਹਨਾਂ ਡਿਸਪੈਂਸਰੀਆਂ ਵਿਚ ਸਭਾ ਦੇ ਵਿਚਕਾਰਲੇ ਦਿਨ 27 ਦਸੰਬਰ ਸ਼ਾਮ ਤਕ 7729 ਮਰੀਜਾਂ ਦੀ ਓ.ਪੀ. ਡੀ. ਕੀਤੀ ਗਈ ਜਦ ਕੇ 44 ਮਰੀਜਾਂ ਨੂੰ ਰੈਫਰ ਕੀਤਾ ਗਿਆ ,2 ਐਂਬੂਲੈਂਸਾਂ ਵੀ.ਵੀ.ਆਈ. ਪੀ.ਲਈ, 2 ਐਂਬੂਲੈਂਸਾਂ ਨਗਰ ਕੀਰਤਨ ਦੇ ਅੱਗੇ-ਪਿੱਛੇ ਲਈ ਤੇ ਇਕ ਐਂਬੂਲੈਂਸ ਡਿਸਪੈਂਸਰੀਆਂ ਨੂੰ ਦਵਾਈਆਂ ਅਤੇ ਹੋਰ ਲੋੜੀਂਦੀਆਂ ਚੀਜ਼ਾਂ ਦੀ ਸਪਲਾਈ ਦੇਣ ਲਈ , ਇਸ ਤਰਾਂ ਕੁੱਲ 17 ਐਂਬੂਲੰਸਾਂ ਦਾ ਪ੍ਰਬੰਧ ਕੀਤਾ ਗਿਆ।
ਇਸ ਤੋਂ ਇਲਾਵਾ ਸਰਕਾਰ ਤੇ ਸਿਹਤ ਵਿਭਾਗ ਦੀਆਂ ਸਕੀਮਾਂ ਨੂੰ ਜਾਗਰੂਕ ਕਰਦੀ ਇਕ ਪ੍ਰਦਰਸ਼ਨੀ ਲਗਾਈ ਗਈ ਜਿਸ ਵਿੱਚ ਆਮ ਆਦਮੀ ਕਲੀਨਿਕ ਵੀ ਦਰਸਾਈ ਗਈ ਅਤੇ ਨੁੱਕੜ ਨਾਟਕਾਂ ਰਾਹੀਂ ਸ਼ਰਧਾਲੂਆਂ ਨੂੰ ਸਿਹਤ ਵਿਭਾਗ ਦੀਆਂ ਸਕੀਮਾਂ ਅਤੇ ਸਿਹਤ ਸਬੰਧੀ ਜਾਗਰੂਕ ਕੀਤਾ ਗਿਆ। ਸਭਾ ਦੌਰਾਨ ਲੋਕਾਂ ਦੁਆਰਾ 348 ਲੰਗਰ ਲਗਾਏ ਗਏ ,ਸੈਂਪਲਿੰਗ ਲਈ ਚਾਰ ਫੂਡ ਟੀਮਾਂ ਤਾਇਨਾਤ ਕੀਤੀਆਂ ਗਈਆਂ, ਇਹਨਾਂ ਲੰਗਰਾਂ ਵਿੱਚ ਵਰਤੇ ਜਾਣ ਵਾਲੇ ਪੀਣ ਵਾਲੇ ਪਾਣੀ ਨੂੰ ਸਿਹਤ ਵਿਭਾਗ ਦੀ 16 ਮੈਂਬਰੀ ਟੀਮਾਂ ਵੱਲੋਂ ਕਲੋਰੀਨੇਟ ਕੀਤਾ ਗਿਆ ,ਪਾਣੀ ਦੀ ਸੈਂਪਲਿੰਗ ਕੀਤੀ ਗਈ ਤੇ ਪਾਣੀ ਟੈਸਟ ਦੌਰਾਨ ਪੀਣ ਯੋਗ ਪਾਇਆ ਗਿਆ।ਲੰਗਰਾਂ ਦੀ ਸਾਫ ਸਫਾਈ ਅਤੇ ਕੋਵਿਡ -19 ਸਬਂਧੀ ਆਮ ਲੋਕਾਂ ਨੂੰ ਜਾਗਰੂਕ ਕੀਤਾ ਗਿਆ ।ਇਸ ਸਾਰੇ ਕੰਮ ਦੀ ਦੇਖ-ਰੇਖ ਸਿਵਲ ਸਰਜਨ ਵੱਲੋਂ ਖੁਦ ਅਤੇ ਉਨ੍ਹਾਂ ਵੱਲੋਂ ਜ਼ਿਲ੍ਹਾ ਪ੍ਰੋਗਰਾਮ ਅਫ਼ਸਰਾਂ ਸਮੇਤ 16 ਸੁਪਰਵਾਈਜ਼ਰੀ ਟੀਮਾਂ ਦੁਆਰਾ 24 ਘੰਟੇ ਸੁਪਰਵੀਜ਼ਨ ਕੀਤੀ ਗਈ।