India
ਕੁੱਝ ਦਿਨ ਪਹਿਲਾਂ ਹੋਈ ਸੱਤ ਸਾਲ ਦੇ ਬੱਚੇ ਦੀ ਮੌਤ ਨੂੰ ਲੈ ਕੇ ਹੰਗਾਮਾ
ਪਰਿਵਾਰ ਨੇ ਡਾਕਟਰਾਂ ਦੀ ਲਾਪਰਵਾਹੀ ਨੂੰ ਦੱਸਿਆ ਮੌਤ ਦਾ ਕਾਰਨ, ਇਨਸਾਫ਼ ਲਈ ਲਾਇਆ ਧਰਨਾ
ਪਠਾਨਕੋਟ, 22 ਮਈ(ਮੁਕੇਸ਼ ਸੈਣੀ):
ਕੋਰੋਨਾ ਮਹਾਂਮਾਰੀ ਦੇ ਚਲਦਿਆਂ, ਜਿੱਥੇ ਹਸਪਤਾਲ ਬੰਦ ਪਏ ਸਨ, ਉਥੇ ਨਿੱਜੀ ਡਾਕਟਰ ਕਿਸੇ ਮਰੀਜ਼ ਨੂੰ ਨਹੀਂ ਦੇਖ ਰਹੇ ਸਨ, ਸਿਰਫ਼ ਸਰਕਾਰੀ ਹਸਪਤਾਲ ਵਿੱਚ ਇਲਾਜ ਕੀਤਾ ਜਾ ਰਿਹਾ ਸੀ, ਇਹ ਲਾਪਰਵਾਹੀ ਪਠਾਨਕੋਟ ਦੇ ਇੱਕ ਸੱਤ ਸਾਲ ਦੇ ਮਾਸੂਮ ਦੀ ਮੌਤ ਦਾ ਕਾਰਨ ਬਣ ਗਈ ਸੀ। ਮ੍ਰਿਤਕ ਬੱਚੇ ਦੇ ਪਰਿਵਾਰ ਨੇ ਡਾਕਟਰਾਂ ਵੱਲੋਂ ਕੀਤੀ ਲਾਪਰਵਾਹੀ ਨੂੰ ਇਸ ਦਾ ਕਾਰਨ ਦੱਸਿਆ, ਪਰ ਜਦੋਂ ਉਨ੍ਹਾਂ ਨੂੰ ਕਿਸੇ ਪਾਸੇ ਇਨਸਾਫ਼ ਨਾ ਮਿਲਿਆ ਤਾਂ ਉਨ੍ਹਾਂ ਨੇ ਸੜਕ ‘ਤੇ ਧਰਨਾ ਦੇਣਾ ਉਚਿਤ ਸਮਝਿਆ, ਜਿਸ ਕਾਰਨ ਉਨ੍ਹਾਂ ਨੇ ਸੜਕ ‘ਤੇ ਧਰਨਾ ਲਾ ਕੇ ਇਨਸਾਫ਼ ਦੀ ਮੰਗ ਕੀਤੀ।
ਮ੍ਰਿਤਕ ਕ੍ਰਿਸ਼ਨ ਦੇ ਪਰਿਵਾਰ ਨੇ ਕਿਹਾ ਕਿ ਅੱਜ ਕਰੀਬ 25 ਦਿਨ ਹੋ ਗਏ ਹਨ ਬੱਚੇ ਦੀ ਮੌਤ ਹੋਈ ਨੂੰ, ਪਰ ਅੱਜ ਤੱਕ ਨਾ ਤਾਂ ਕਿਸੇ ਮੰਤਰੀ ਨੇ ਇਸ ‘ਤੇ ਕੋਈ ਕਾਰਵਾਈ ਕੀਤੀ ਹੈ, ਉਨ੍ਹਾਂ ਕਿਹਾ ਕਿ ਜੇ ਇਹ ਸਭ ਕਿਸੇ ਨੇਤਾ ਦੇ ਬੱਚੇ ਨਾਲ ਹੋਇਆ ਹੁੰਦਾ ਤਾਂ ਡਾਕਟਰ ਜੇਲ੍ਹ ਵਿਚ ਬੰਦ ਹੋਏ ਹੋਣੇ ਸਨ ਅਤੇ ਕਿਹਾ ਕਿ ਜਦੋਂ ਤੱਕ ਉਨ੍ਹਾਂ ਨੂੰ ਇਨਸਾਫ਼ ਨਹੀਂ ਮਿਲੇਗਾ, ਉਦੋਂ ਤੱਕ ਧਰਨਾ ਜਾਰੀ ਰਹੇਗਾ। ਮ੍ਰਿਤਕ ਦੇ ਨਜ਼ਦੀਕੀ ਡਾਕਟਰ ਧੀਰਜ ਨੇ ਕਿਹਾ ਕਿ ਉਨ੍ਹਾਂ ਨੂੰ ਦੇਸ਼ ਵਿਚ ਕਿਸੇ ਵੀ ਥਾਂ ਤੇ ਜਾਣਾ ਪਵੇ, ਉਹ ਬੱਚੇ ਨੂੰ ਨਿਆਂ ਜ਼ਰੂਰ ਦਿਵਾਉਣਗੇ।
ਇਸ ਧਰਨੇ ਵਿੱਚ ਅੱਜ ਹਲਕਾ ਭੋਆ ਵਿਧਾਇਕ ਜੋਗਿੰਦਰ ਪਾਲ ਵੀ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਧਰਨੇ ਵਿੱਚ ਪਹੁੰਚੇ, ਵਿਧਾਇਕ ਜੋਗਿੰਦਰ ਪਾਲ ਨੇ ਪਰਿਵਾਰ ਨੂੰ ਭਰੋਸਾ ਦਿੱਤਾ ਕਿ ਦੋਸ਼ੀਆਂ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ ਅਤੇ ਉਨ੍ਹਾਂ ਨੇ ਪਠਾਨਕੋਟ ਦੇ ਐੱਸ, ਡੀ, ਐਮ ਨੂੰ ਬੁਲਾ ਕੇ ਤੁਰੰਤ ਕਾਰਵਾਈ ਕਰਨ ਦਾ ਵੀ ਨਿਰਦੇਸ਼ ਦਿੱਤਾ।