Connect with us

Uncategorized

1 ਮਈ ਤੋਂ 18 ਤੋਂ 45 ਸਾਲ ਦੇ ਉਮਰ ਵਰਗ ਲਈ ਟੀਕਾਕਰਨ ਦਾ ਮੁੱਖ ਮੰਤਰੀ ਵੱਲੋਂ ਕੀਤਾ ਐਲਾਨ

Published

on

capt amarinder singh says about covid vaccine

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਨੂੰ ਐਲਾਨ ਕੀਤਾ ਕਿ ਸੂਬੇ ਭਰ ਵਿੱਚ ਪਹਿਲੀ ਮਈ ਤੋਂ 18 ਤੋਂ 45 ਸਾਲ ਦੇ ਉਮਰ ਵਰਗ ਲਈ ਟੀਕਾਕਰਨ ਦੀ ਸ਼ੁਰੂਆਤ ਕੀਤੀ ਜਾਵੇਗੀ। ਇਹ ਵੀ ਯਕੀਨੀ ਬਣਾਉਣ ਲਈ ਕਿਹਾ ਹੈ ਕਿ ਸੂਬੇ ਦੀਆਂ ਸਾਰੀਆਂ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਟੀਕਿਆਂ ਦੀ ਸਪਲਾਈ ਮੁਫਤ ਕੀਤੀ ਜਾਵੇ। ਸ਼ੁਰੂਆਤ ਵਿੱਚ ਟੀਕਿਆਂ ਦੀ ਸੀਮਤ ਸਪਲਾਈ ਦੀ ਸੰਭਾਵਨਾ ਨੂੰ ਦੇਖਦਿਆਂ ਮੁੱਖ ਮੰਤਰੀ ਨੇ ਮਾਹਿਰਾਂ ਦਾ ਗਰੁੱਪ ਬਣਾਇਆ ਜਿਸ ਵਿੱਚ ਪ੍ਰਸਿੱਧ ਵਾਇਰੌਲੋਜਿਸਟ ਡਾ. ਗਗਨਦੀਪ ਕੰਗ, ਸੀ.ਐਮ.ਸੀ. ਵੈਲੋਰ ਦੇ ਕਮਿਊਨਟੀ ਹੈਲਥ ਦੇ ਪ੍ਰੋਫੈਸਰ ਡਾ.ਜੈਕਬ ਜੌਹਨ ਅਤੇ ਪੀ.ਜੀ.ਆਈ. ਦੇ ਜਨ ਸਿਹਤ ਵਿਭਾਗ ਸਕੂਲ ਦੇ ਸਾਬਕਾ ਮੁਖੀ ਡਾ. ਰਾਜੇਸ਼ ਕੁਮਾਰ ਨੂੰ ਸ਼ਾਮਲ ਕੀਤਾ ਗਿਆ। ਇਹ ਗਰੁੱਪ 18 ਤੋਂ 45 ਸਾਲ ਉਮਰ ਵਰਗ ਵਿੱਚ ਤਰਜੀਹਾਂ ਲਈ ਸੁਝਾਅ ਦੇਵੇਗਾ।

ਸੂਬੇ ਵਿੱਚ ਕੋਵਿਡ-19 ਦੀ ਮੌਜੂਦਾ ਸਥਿਤੀ ਦੀ ਸਮੀਖਿਆ ਕਰਨ ਲਈ ਸੱਦੀ ਉਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਮੰਤਰੀ ਨੇ ਮਾਹਿਰਾਂ ਦੇ ਗਰੁੱਪ ਨੂੰ ਟੀਕਾਕਰਨ ਸਬੰਧੀ ਰਣਨੀਤੀ ਉਲੀਕਣ ਅਤੇ ਸੂਬੇ ਵਿੱਚ ਕੋਵਿਡ ਮਹਾਂਮਾਰੀ ਦੇ ਅਣਕਿਆਸੇ ਸੰਕਟ ਕਾਰਨ ਪੈਦਾ ਹੋਈਆਂ ਚੁਣੌਤੀਆਂ ਦੇ ਟਾਕਰੇ ਲਈ ਇਕ ਵਿਸਥਾਰਤ ਯੋਜਨਾ ਸੂਬਾ ਸਰਕਾਰ ਨੂੰ ਇਕ ਹਫਤੇ ਵਿੱਚ ਸੌਂਪਣ ਲਈ ਕਿਹਾ। ਕੋਵਿਡ ਦੇ ਮੌਜੂਦਾ ਦੂਜੀ ਲਹਿਰ ਦਾ ਡਟਵਾਂ ਟਾਕਰਾ ਕਰਨ ਲਈ ਢੁੱਕਵੀਂ ਰਣਨੀਤੀ ਦੀ ਲੋੜ ਉਤੇ ਜ਼ੋਰ ਦਿੰਦਿਆਂ ਮਾਹਿਰ ਗਰੁੱਪ ਦੀ ਇਕ ਮੈਂਬਰ ਪ੍ਰਸਿੱਧ ਵਾਇਰੌਲੋਜਿਸਟ ਡਾ.ਗਗਨਦੀਪ ਕੰਗ ਜੋ ਅੱਜ ਵਿਸ਼ੇਸ਼ ਸੱਦੇ ਉਤੇ ਮੀਟਿੰਗ ਵਿੱਚ ਸ਼ਾਮਲ ਹੋਏ, ਨੇ ਲੁਧਿਆਣਾ, ਜਲੰਧਰ, ਅੰਮ੍ਰਿਤਸਰ, ਮੁਹਾਲੀ ਅਤੇ ਪਟਿਆਲਾ ਵਰਗੇ ਵੱਧ ਕੇਸਾਂ ਵਾਲੇ ਸ਼ਹਿਰਾਂ ਸਬੰਧੀ ਭੂਗੋਲਿਕ ਸਥਿਤੀ ਨੂੰ ਵੀ ਆਧਾਰ ਬਣਾਉਣ ਲਈ ਆਖਿਆ। ਮੈਡੀਕਲ ਜ਼ਰੂਰਤ ਤੇ ਅਧਿਆਪਕਾਂ ਆਦਿ ਵਰਗੇ ਕਿੱਤਾਮੁਖੀ ਸਮੂਹਾਂ ਨੂੰ ਆਧਾਰ ਬਣਾ ਕੇ ਤਰਜੀਹਾਂ ਮਿੱਥੀਆਂ ਜਾਣ।

ਇਸ ਤੋਂ ਪਹਿਲਾਂ ਅੱਜ ਪੰਜਾਬ ਨੂੰ ਕੋਵੀਸ਼ੀਲਡ ਦੀਆਂ 4 ਲੱਖ ਖੁਰਾਕਾਂ ਕੇਂਦਰ ਸਰਕਾਰ ਤੋਂ ਪ੍ਰਾਪਤ ਹੋ ਚੁੱਕੀਆਂ ਹਨ। ਉਨ੍ਹਾਂ ਹੋਰ ਦੱਸਿਆ ਕਿ ਟੀਕਾਕਰਨ ਮੁਹਿੰਮ ਦੀ ਗਤੀ ਨੂੰ ਦੇਖਦਿਆਂ ਇਹ ਦਵਾਈਆਂ ਵੀ ਮਹਿਜ਼ ਤਿੰਨ ਜਾਂ ਚਾਰ ਦਿਨਾਂ ਤੱਕ ਹੀ ਚੱਲਣਗੀਆਂ, ਇਸ ਲਈ ਉਨ੍ਹਾਂ ਸਿਹਤ ਵਿਭਾਗ ਨੂੰ ਕੋਵੈਕਸੀਨ ਦੀਆਂ ਭਰਪੂਰ ਮਾਤਰਾ ਵਿੱਚ ਲੋੜੀਂਦੀਆਂ ਖੁਰਾਕਾਂ ਦਾ ਮੁੱਦਾ ਪ੍ਰਭਾਵਸ਼ਾਲੀ ਢੰਗ ਨਾਲ ਕੇਂਦਰ ਸਰਕਾਰ ਕੋਲ ਚੁੱਕਣ ਲਈ ਕਿਹਾ। ਦੇਸ਼ ਵਿੱਚ ਰੈਮਡੇਸੀਵੀਰ ਤੇ ਟੋਸਿਲੀਜ਼ੁਮਾਬ ਜਿਹੀਆਂ ਐਂਟੀ ਵਾਇਰਲ ਦਵਾਈਆਂ ਦੀ ਕਾਲਾ ਬਜ਼ਾਰੀ ਦੀਆਂ ਰਿਪੋਰਟਾਂ ਦਾ ਹਵਾਲਾ ਦਿੰਦਿਆਂ ਸਾਡੇ ਮਾਹਿਰਾਂ ਨੇ ਅਜਿਹੀਆਂ ਦਵਾਈਆਂ ਦੀ ਵਰਤੋਂ ਦੇ ਬਾਰੇ ਸਪੱਸ਼ਟ ਮਾਪਦੰਡ ਤੈਅ ਕੀਤੇ ਹਨ ਅਤੇ ਇਨ੍ਹਾਂ ਨੂੰ ਢੁੱਕਵੇਂ ਢੰਗ ਨਾਲ ਪ੍ਰਚਾਰਿਆ ਅਤੇ ਸਹੀ ਤਰੀਕੇ ਨਾਲ ਅਪਣਾਇਆ ਜਾਣਾ ਚਾਹੀਦਾ ਹੈ।

ਸਿਹਤ ਸਲਾਹਕਾਰ ਡਾ. ਕੇ.ਕੇ. ਤਲਵਾੜ ਵੱਲੋਂ ਉਠਾਏ ਗਏ ਨੁਕਤੇ ਅਨੁਸਾਰ ਵਿਸ਼ਵ ਸਿਹਤ ਸੰਗਠਨ ਦੇ ਅਧਿਐਨ ਨੇ ਇਹ ਸਾਫ ਕਰ ਦਿੱਤਾ ਹੈ ਕਿ ਇਨ੍ਹਾਂ ਵਿੱਚੋਂ ਬਹੁਤ ਸਾਰੀਆਂ ਦਵਾਈਆਂ ਦਾ ਵਿਅਕਤੀ ਦੀ ਜਾਨ ਬਚਾਉਣ ਨਾਲ ਕੋਈ ਸਬੰਧ ਨਹੀਂ। ਇਸੇ ਤਰ੍ਹਾਂ ਡਾਕਟਰਾਂ ਦੇ ਮਾਹਿਰ ਗਰੁੱਰ ਵੱਲੋਂ ਟੋਸਿਲੀਜ਼ੁਮਾਬ ਦੇ ਬਦਲ ਅਤੇ ਗੰਭੀਰ ਮਰੀਜ਼ਾਂ ਦੇ ਪ੍ਰਬੰਧਨ ਬਾਰੇ ਪ੍ਰੋਟੋਕੋਲ ਨਿਰੰਤਰ ਸਾਂਝੇ ਕੀਤੇ ਜਾ ਰਹੇ ਹਨ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸੂਬੇ ਨੂੰ ਅਜਿਹੀਆਂ ਦਵਾਈਆਂ ਦੀ ਖਰੀਦ ਮਰੀਜ਼ਾਂ ਲਈ ਜਾਰੀ ਰੱਖਣੀ ਚਾਹੀਦੀ ਹੈ ਜਿਸ ਦੀ ਵਰਤੋਂ ਉਨ੍ਹਾਂ ਲਈ ਸਹਾਈ ਹੁੰਦੀ ਹੋਵੇਗੀ ਅਤੇ ਇਹ ਦਵਾਈਆਂ ਸਰਕਾਰੀ ਹਸਪਤਾਲਾਂ ਨੂੰ ਮੁਹੱਈਆ ਕਰਵਾਈਆਂ ਜਾਣ ਅਤੇ ਪ੍ਰਾਈਵੇਟ ਹਸਪਤਾਲ ਜੋ ਪਹਿਲਾਂ ਹੀ ਇਸ ਦੀ ਵਰਤੋਂ ਕਰ ਰਹੇ ਹਨ, ਦੀ ਵੀ ਮੱਦਦ ਕਰਨੀ ਚਾਹੀਦੀ ਹੈ।

Continue Reading
Click to comment

Leave a Reply

Your email address will not be published. Required fields are marked *