punjab
ਮੁੱਖ ਮੰਤਰੀ ਨੇ ਵਧੀਕ ਮੁੱਖ ਸਕੱਤਰ ਬਿਜਲੀ ਨੂੰ ਸਕੂਲ ਸਿੱਖਿਆ ਮਾਡਲ ਦੇ ਪੈਟਰਨ ‘ਤੇ ਸਟਾਫ਼ ਨੂੰ ਤਰਕਸੰਗਤ ਬਣਾਉਣ ਲਈ ਕਿਹਾ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਵਧੀਕ ਮੁੱਖ ਸਕੱਤਰ ਬਿਜਲੀ ਅਨੁਰਾਗ ਅਗਰਵਾਲ ਨੂੰ ਸੂਬੇ ਦੇ ਕੁਝ ਹਿੱਸਿਆਂ ਵਿੱਚ ਤਾਇਨਾਤ ਵਾਧੂ ਸਟਾਫ ਨੂੰ ਤਰਕਸੰਗਤ ਕਰਨ ਲਈ ਸਕੂਲ ਸਿੱਖਿਆ ਵਿਭਾਗ ਦੇ ਪੈਟਰਨ ਅਨੁਸਾਰ ਕੰਮ ਕਰਨ ਲਈ ਕਿਹਾ ਹੈ। ਬਿਜਲੀ ਵਿਭਾਗ ਦੇ ਕੰਮਕਾਜ ਦੀ ਸਮੀਖਿਆ ਕਰਦਿਆਂ ਮੁੱਖ ਮੰਤਰੀ ਨੇ ਅਨੁਰਾਗ ਅਗਰਵਾਲ ਨੂੰ ਹਦਾਇਤ ਕੀਤੀ ਕਿ ਉਹ ਸਰਹੱਦੀ ਖੇਤਰਾਂ ਵਿੱਚ ਕੰਮ ਕਰ ਰਹੇ ਅਧਿਆਪਕਾਂ ਲਈ ਬਣਾਏ ਗਏ ਵੱਖਰੇ ਕਾਡਰ ਦੀ ਤਰਜ਼ ‘ਤੇ ਲੋੜ ਅਨੁਸਾਰ ਆਪਣੇ ਸਟਾਫ਼ ਨੂੰ ਢੁੱਕਵੇਂ ਤਰੀਕੇ ਨਾਲ ਤਾਇਨਾਤ ਕਰਨ ਲਈ ਇੱਕ ਵਿਹਾਰਕ ਤਰਕਸ਼ੀਲ ਨੀਤੀ ਲਾਗੂ ਕਰਨ। ਇਸੇ ਤਰ੍ਹਾਂ ਮੁੱਖ ਮੰਤਰੀ ਨੇ ਉਨ੍ਹਾਂ ਨੂੰ ਪੀ.ਐਸ.ਪੀ.ਸੀ.ਐਲ. ਵਿੱਚ ਮਨੁੱਖੀ ਸ੍ਰੋਤਾਂ ਦੀ ਢੁੱਕਵੀਂ ਵਰਤੋਂ ਨੂੰ ਯਕੀਨੀ ਬਣਾਉਣ ਲਈ ਜ਼ੋਨ-ਵਾਰ ਭਰਤੀ ਵਾਸਤੇ ਰੂਪ-ਰੇਖਾ ਤਿਆਰ ਕਰਨ ਲਈ ਵੀ ਕਿਹਾ। ਵੱਖ-ਵੱਖ ਵਿਭਾਗਾਂ ਵੱਲ ਲਗਭਗ 2142 ਕਰੋੜ ਰੁਪਏ ਦੇ ਬਿੱਲਾਂ ਦਾ ਵੱਡਾ ਬਕਾਇਆ ਖੜ੍ਹਾ ਹੋਣ ‘ਤੇ ਚਿੰਤਾ ਜ਼ਾਹਰ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਮੁੱਖ ਸਕੱਤਰ ਵਿੱਤ ਨੂੰ ਸਬੰਧਤ ਵਿਭਾਗਾਂ ਦੇ ਬਜਟ ਅਲਾਟਮੈਂਟ ਵਿੱਚ ਵਾਧਾ ਕਰਨ ਦੀ ਹਦਾਇਤ ਕੀਤੀ ਤਾਂ ਜੋ ਉਹ ਇਸ ਸਬੰਧ ਵਿੱਚ ਤੁਰੰਤ ਭੁਗਤਾਨ ਕਰ ਸਕਣ।
ਮੁੱਖ ਮੰਤਰੀ ਨੇ ਪੀ.ਐਸ.ਪੀ.ਸੀ.ਐਲ. ਦੇ ਸੀ.ਐਮ.ਡੀ. ਏ ਵੇਨੂੰ ਪ੍ਰਸਾਦ ਨੂੰ ਕਿਹਾ ਕਿ ਉਹ ਆਗਾਮੀ ਝੋਨੇ ਦੇ ਬਿਜਾਈ ਸੀਜ਼ਨ ਦੌਰਾਨ ਕਿਸਾਨਾਂ ਨੂੰ ਅੱਠ ਘੰਟੇ ਨਿਰਵਿਘਨ ਬਿਜਲੀ ਸਪਲਾਈ ਕਰਨ ਯਕੀਨੀ ਬਣਾਉਣ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਗਰਮੀ ਦੇ ਮੌਸਮ ਦੇ ਮੱਦੇਨਜ਼ਰ ਘਰੇਲੂ ਬਿਜਲੀ ਸਪਲਾਈ ‘ਤੇ ਵੀ ਕੋਈ ਅਸਰ ਨਹੀਂ ਪੈਣਾ ਚਾਹੀਦਾ। ਸੂਬੇ ਵਿੱਚ ਨਵੇਂ ਬਿਜਲੀ ਸਬ ਸਟੇਸ਼ਨ ਸਥਾਪਤ ਕਰਨ ਦੇ ਮੁੱਦੇ ‘ਤੇ ਮੁੱਖ ਮੰਤਰੀ ਨੇ ਸੀ.ਐਮ.ਡੀ. ਨੂੰ ਵਿਸ਼ੇਸ਼ ਤੌਰ ‘ਤੇ ਏਮਜ਼ ਬਠਿੰਡਾ ਤੇ ਕੈਂਸਰ ਹਸਪਤਾਲ ਸੰਗਰੂਰ ਵਰਗੇ ਹਸਪਤਾਲਾਂ ਤੋਂ ਇਲਾਵਾ ਹੋਰ ਜ਼ਰੂਰੀ ਖੇਤਰਾਂ ਵਿੱਚ ਤਰਜੀਹੀ ਆਧਾਰ ‘ਤੇ 66 ਕੇ.ਵੀ. ਸਬ ਸਟੇਸ਼ਨ ਸਥਾਪਤ ਕਰਨ ਦੀ ਹਦਾਇਤ ਕੀਤੀ। ਇੱਕ ਸੰਖੇਪ ਪੇਸਕਾਰੀ ਦਿੰਦਿਆਂ ਵਧੀਕ ਮੁੱਖ ਸਕੱਤਰ ਬਿਜਲੀ ਅਨੁਰਾਗ ਅਗਰਵਾਲ ਨੇ ਮੁੱਖ ਮੰਤਰੀ ਨੂੰ ਅਧੂਰੇ/ਲੰਬਿਤ ਪ੍ਰਾਜੈਕਟਾਂ, ਅੰਤਰ-ਵਿਭਾਗੀ ਮੁੱਦਿਆਂ, ਵਿੱਤੀ ਲੋੜਾਂ ਅਤੇ ਵਿਭਾਗ ਦੁਆਰਾ ਚੁੱਕੇ ਮਹੱਤਵਪੂਰਨ ਉਪਰਾਲਿਆਂ ਬਾਰੇ ਜਾਣੂੰ ਕਰਵਾਇਆ।
ਚੱਲ ਰਹੇ ਪ੍ਰਾਜੈਕਟਾਂ ਦੇ ਸਬੰਧ ਵਿੱਚ ਅਨੁਰਾਗ ਅਗਰਵਾਲ ਨੇ ਮੁੱਖ ਮੰਤਰੀ ਨੂੰ ਸ਼ਾਹਪੁਰ ਕੰਡੀ ਡੈਮ ਪ੍ਰਾਜੈਕਟ ਤੇ ਡੀ.ਡੀ.ਯੂ.ਜੀ.ਜੇ.ਵਾਈ. ਸਕੀਮ ਦੀ ਸਥਿਤੀ ਬਾਰੇ ਜਾਣੂੰ ਕਰਵਾਇਆ। ਮੁੱਖ ਮੰਤਰੀ ਨੂੰ ਇਹ ਦੱਸਿਆ ਗਿਆ ਕਿ ਕੁੱਲ 26 ਕਰੋੜ ਰੁਪਏ ਦੀ ਲਾਗਤ ਵਾਲੇ 7 ਨਵੇਂ 66 ਕੇ.ਵੀ. ਸਬ-ਸਟੇਸ਼ਨਾਂ ਨੂੰ ਚਾਲੂ ਕੀਤਾ ਜਾ ਰਿਹਾ ਹੈ ਅਤੇ ਇਹ ਕੰਮ 31 ਦਸੰਬਰ 2021 ਤੱਕ ਮੁਕੰਮਲ ਹੋ ਜਾਵੇਗਾ। ਇਸ ਤੋਂ ਇਲਾਵਾ ਕੁੱਲ 38 ਕਰੋੜ ਰੁਪਏ ਦੀ ਲਾਗਤ ਨਾਲ 10 ਨਵੀਆਂ 66 ਕੇ.ਵੀ. ਲਾਈਨਾਂ ਦਾ ਕੰਮ ਪ੍ਰਗਤੀ ਅਧੀਨ ਹੈ ਅਤੇ 30 ਨਵੰਬਰ 2021 ਤੱਕ ਮੁਕੰਮਲ ਹੋਣ ਦੀ ਸੰਭਾਵਨਾ ਹੈ। ਵਾਲਡ ਸਿਟੀ ਪਟਿਆਲਾ ਵਿਚ ਬਿਜਲੀ ਨਾਲ ਸਬੰਧਿਤ ਸੁਧਾਰ ਕੰਮਾਂ ਲਈ 40 ਕਰੋੜ ਰੁਪਏ ਦੀ ਲਾਗਤ ਨਾਲ ਦਿ ਵਾਲਡ ਸਿਟੀ ਪ੍ਰਾਜੈਕਟ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਕੰਮ ਪ੍ਰਗਤੀ ਅਧੀਨ ਹੈ ਅਤੇ 31 ਦਸੰਬਰ 2021 ਤਕ ਪੂਰਾ ਹੋਣ ਦੀ ਸੰਭਾਵਨਾ ਹੈ। ਇਸ ਦੌਰਾਨ ਏ. ਵੇਨੂੰ ਪ੍ਰਸਾਦ ਨੇ ਮੁੱਖ ਮੰਤਰੀ ਨੂੰ ਚਾਲੂ ਝੋਨੇ ਦੇ ਸੀਜ਼ਨ ਵਿੱਚ ਬਿਜਲੀ ਸਪਲਾਈ ਲਈ ਪੀ.ਐਸ.ਪੀ.ਸੀ.ਐਲ ਦੀ ਤਿਆਰੀ ਬਾਰੇ ਵੀ ਜਾਣਕਾਰੀ ਦਿੱਤੀ। ਭਾਰਤ ਸਰਕਾਰ ਨੇ ਹਾਲ ਹੀ ਵਿੱਚ ਪੀ.ਐਸ.ਪੀ.ਸੀ.ਐਲ. ਨੂੰ ਐਨ.ਟੀ.ਪੀ.ਸੀ. ਤੇ ਐਨ.ਐਚ.ਪੀ.ਸੀ. ਨਾਲ ਉੱਚ ਲਾਗਤ ਵਾਲੇ ਬਿਜਲੀ ਖਰੀਦ ਸਮਝੌਤੇ ਰੱਦ ਕਰਨ ਲਈ ਹਾਲ ਹੀ ਵਿੱਚ ਸਹਿਮਤੀ ਦੇ ਦਿੱਤੀ ਹੈ। ਉਨ੍ਹਾਂ ਮਹੱਤਵਪੂਰਨ ਪਹਿਲਕਦਮੀਆਂ ਜਿਵੇਂ ਨਵੇਂ 66 ਕੇ ਵੀ ਸਬ-ਸਟੇਸ਼ਨਾਂ ਦੀ ਉਸਾਰੀ, ਡਿਜੀਟਲ ਭੁਗਤਾਨਾਂ ਨੂੰ ਉਤਸ਼ਾਹਤ ਕਰਨ, ਨੁਕਸਾਨ ਘਟਾਉਣ ਲਈ ਸਮਾਰਟ ਮੀਟਰਾਂ ਦੀ ਸ਼ੁਰੂਆਤ ਆਦਿ ਬਾਰੇ ਵੀ ਦੱਸਿਆ। ਸੂਬੇ ਵਿੱਚ ਨਵੀਂ ਅਤੇ ਨਵਿਆਉਣਯੋਗ ਊਰਜਾ ਸੈਕਟਰ ਅਧੀਨ 169.55 ਮੈਗਾਵਾਟ ਸਮਰੱਥਾ ਵਾਲੇ ਛੋਟੇ ਪਣ ਬਿਜਲੀ ਪ੍ਰਾਜੈਕਟ ਚਾਲੂ ਕੀਤੇ ਗਏ ਹਨ, 20 ਮੈਗਾਵਾਟ ਸਮਰੱਥਾ ਵਾਲੇ ਕੈਨਾਲ ਟਾਪ ਸੋਲਰ ਪੀਵੀ ਪ੍ਰਾਜੈਕਟ ਚੱਲ ਰਹੇ ਹਨ, ਸੂਬੇ ਵਿੱਚ ਹੁਣ ਤੱਕ ਸਰਕਾਰੀ ਸਕੂਲਾਂ ਸਮੇਤ ਸਰਕਾਰੀ ਅਤੇ ਪ੍ਰਾਈਵੇਟ ਇਮਾਰਤਾਂ ‘ਤੇ 73.9 ਮੈਗਾਵਾਟ ਸਮਰੱਥਾ ਵਾਲੇ ਛੱਤ ਵਾਲੇ ਸੋਲਰ ਪਾਵਰ ਪਲਾਂਟ ਲਗਾਏ ਗਏ ਹਨ ਅਤੇ 15.37 ਮੈਗਾਵਾਟ ਸਮਰੱਥਾ ਦੇ ਹੋਰ ਪ੍ਰਾਜੈਕਟ ਮਾਰਚ 2022 ਤੱਕ ਮੁਕੰਮਲ ਹੋ ਜਾਣਗੇ। ਸੂਬੇ ਦੇ ਪਿੰਡਾਂ ਵਿੱਚ 89423 ਸੋਲਰ ਸਟਰੀਟ ਲਾਈਟਾਂ ਲਗਾਈਆਂ ਗਈਆਂ ਹਨ ਅਤੇ ਮਾਰਚ 2022 ਤੱਕ ਹੋਰ 19000 ਸੋਲਰ ਸਟਰੀਟ ਲਾਈਟਾਂ ਲਗਾਈਆਂ ਜਾਣਗੀਆਂ। ਖੇਤੀ ਪੰਪਾਂ ਦੇ ਸੋਲਰਾਈਜੇਸ਼ਨ ਪ੍ਰੋਗਰਾਮ ਤਹਿਤ 3000 ਸੋਲਰ ਪੰਪ ਸਥਾਪਤ ਕੀਤੇ ਜਾ ਚੁੱਕੇ ਹਨ ਅਤੇ ਮਾਰਚ, 2022 ਤਕ 6500 ਹੋਰ ਸੋਲਰ ਪੰਪ ਲਗਾਏ ਜਾਣਗੇ। ਸੂਬੇ ਵਿੱਚ 66 ਕੇਵੀ ਸਬ-ਸਟੇਸ਼ਨ ਨੂੰ ਖੇਤੀਬਾੜੀ ਬਿਜਲੀ ਦੀ ਸਪਲਾਈ ਲਈ ਕਿਸਾਨਾਂ ਨੂੰ 1 ਅਤੇ 2 ਮੈਗਾਵਾਟ ਸਮਰੱਥਾ ਦੇ ਕੁੱਲ 220 ਮੈਗਾਵਾਟ ਸਮਰੱਥਾ ਵਾਲੇ ਸੌਰ ਊਰਜਾ ਪਲਾਂਟ ਅਲਾਟ ਕੀਤੇ ਜਾਣਗੇ। ਇਸ ਤੋਂ ਇਲਾਵਾ ਫੀਡਰ ਲੈਵਲ ਸੋਲਰਾਈਜੇਸ਼ਨ ਪ੍ਰੋਗਰਾਮ ਜ਼ਰੀਏ ਗਰਿੱਡ ਨਾਲ ਜੁੜੇ 25000 ਪੰਪਾਂ ਨੂੰ ਸੋਲਰਾਈਜ਼ ਕੀਤਾ ਜਾਵੇਗਾ।