Uncategorized
ਮੁੱਖ ਮੰਤਰੀ ਨੇ ਅਕਾਲੀਆਂ ਦੇ ਯੋਜਨਾਬੱਧ ਧਰਨਿਆਂ ਨੂੰ ਡਰਾਮੇਬਾਜ਼ੀ ਅਤੇ ਪਾਰਟੀ ਦੀ ਗੁਆਚੀ ਸ਼ਾਖ ਬਹਾਲ ਕਰਨ ਦੀ ਬੁਖਲਾਹਟ ਭਰੀ ਕੋਸ਼ਿਸ਼ ਦੱਸਿਆ
ਸ਼੍ਰੋਮਣੀ ਅਕਾਲੀ ਦਲ ਦੇ ਯੋਜਨਾਬੱਧ ਪ੍ਰਦਰਸ਼ਨਾਂ ਨੂੰ ਬਾਦਲਾਂ ਦਾ ਡਰਾਮਾ ਦੱਸਦੇ ਹੋਏ ਇਸ ਨੂੰ ਪੰਜਾਬ ਵਿੱਚ ਪਾਰਟੀ ਦੀ ਗਵਾਚੀ ਹੋਈ ਸ਼ਾਖ ਨੂੰ ਬਹਾਲ ਕਰਨ ਦੀ ਬੁਖਲਾਹਟ ਭਰੀ ਕੋਸ਼ਿਸ਼ ਦੱਸਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਤਵਾਰ ਨੂੰ ਕਿਹਾ ਕਿ ਅਜਿਹੀਆਂ ਨੌਟੰਕੀਆਂ ਕੰਮ ਨਹੀਂ ਆਉਣਗੀਆਂ। ਖੇਤੀ ਕਾਨੂੰਨਾਂ ਉਤੇ ਬੇਸ਼ਰਮੀ ਨਾਲ ਅਪਣਾਏ ਦੋਹਰੇ ਮਾਪਦੰਡਾਂ ਦਾ ਭਾਂਡਾ ਫੁੱਟਣ ਕਾਰਨ ਅਕਾਲੀ ਆਪਣਾ ਅਕਸ ਪੂਰੀ ਤਰਾਂ ਖਰਾਬ ਕਰ ਚੁੱਕੇ ਹਨ। ਮੌਜੂਦਾ ਸਮੇਂ ਚੱਲ ਰਹੇ ਕਿਸਾਨੀ ਅੰਦੋਲਨ ਸਮੇਤ ਹੋਰ ਕਈ ਵੱਡੇ ਮੁੱਦਿਆਂ ’ਤੇ ਦੋਗਲੀ ਬੋਲੀ ਕਾਰਨ ਸੂਬੇ ਦੇ ਲੋਕਾਂ ਦਾ ਸਾਹਮਣਾ ਕਰਨ ਦਾ ਨੈਤਿਕ ਆਧਾਰ ਗੁਆਉਣ ਤੋਂ ਬਾਅਦ ਅਕਾਲੀ ਦਲ ਹੁਣ ਸੂਬੇ ਵਿੱਚ ਆਗਾਮੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਲੋਕਾਂ ਦੀਆਂ ਨਜ਼ਰਾਂ ਵਿੱਚ ਚੰਗਾ ਸਾਬਤ ਕਰਨ ਦੀ ਪੂਰੀ ਕੋਸ਼ਿਸ਼ ਕਰ ਰਿਹਾ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਦਰਸ਼ਨਾਂ, ਜਿਨਾਂ ਨੂੰ ਉਨਾਂ ਨੇ ਕਈ ਪ੍ਰਮੁੱਖ ਮੁੱਦਿਆਂ ਉਤੇ ਸੂਬਾ ਸਰਕਾਰ ਦੇ ਅਸਫਲ ਰਹਿਣ ਦੇ ਵਿਰੁੱਧ ਦੱਸਿਆ ਹੈ, ਤੋਂ ਇਕ ਦਿਨ ਪਹਿਲਾਂ ਜਾਰੀ ਬਿਆਨ ਵਿਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ‘‘ਵੱਧ ਬਿਜਲੀ ਦਰਾਂ, ਤੇਲ ਉਤੇ ਵੱਧ ਟੈਕਸ ਅਤੇ ਅਮਨ-ਕਾਨੂੰਨ ਦੀ ਵਿਵਸਥਾ’’ ਬਾਰੇ ਅਕਾਲੀਆਂ ਦੇ ਦਾਅਵਿਆਂ ਨੂੰ ਹਾਸੋਹੀਣਾ ਕਰਾਰ ਦਿੰਦਿਆਂ ਕਿਹਾ ਕਿ ਇਹ ਅਕਾਲੀ ਦਲ ਹੀ ਹੈ। ਜਿਸ ਨੇ ਭਾਰਤੀ ਜਨਤਾ ਪਾਰਟੀ ਦੀ ਸਾਂਝ ਭਿਆਲੀ ਨਾਲ ਆਪਣੇ 10 ਸਾਲਾਂ ਦੇ ਸਾਸ਼ਨ ਦੌਰਾਨ ਪੰਜਾਬ ਨੂੰ ਅਜਿਹੇ ਹਾਲਾਤ ਵਿਚ ਧੱਕ ਦਿੱਤਾ।
ਜਿੱਥੋਂ ਤੱਕ ਸੂਬੇ ਦੀ ਅਮਨ-ਕਾਨੂੰਨ ਦੀ ਵਿਵਸਥਾ ਤੋਂ ਲੈ ਕੇ ਵਿੱਤੀ ਸਥਿਤੀ ਦੀ ਗੱਲ ਹੈ ਕਿ ਅਕਾਲੀਆਂ ਦੇ ਹਨੇਰਗਰਦੀ ਵਾਲੇ ਨਿਜ਼ਾਮ ਦੇ ਉਲਟ ਕਾਂਗਰਸ ਸਰਕਾਰ ਦੇ ਪਿਛਲੇ ਚਾਰ ਸਾਲਾਂ ਵਿਚ ਵਿਆਪਕ ਪੱਧਰ ਉਤੇ ਸੁਧਾਰ ਹੋਇਆ ਹੈ। ਬਾਦਲਾਂ ਦੇ ਸ਼ਾਸਨ ਦੌਰਾਨ ਅਮਨ-ਕਾਨੂੰਨ ਦੀ ਵਿਵਸਥਾ ਢਹਿ-ਢੇਰੀ ਹੋ ਗਈ ਸੀ ਜਦੋਂ ਗੈਂਗਸਟਰ ਅਤੇ ਗੁੰਡੇ ਸੂਬੇ ਦੀਆਂ ਗਲੀਆਂ ਵਿਚ ਦਨਦਨਾਉਂਦੇ ਫਿਰਦੇ ਸਨ ਜਦੋਂ ਕਿ ਪੰਜਾਬ ਨੂੰ ਹੁਣ ਅਜਿਹੇ ਅਨਸਰਾਂ ਤੋਂ ਰਾਹਤ ਮਿਲੀ ਹੈ। ਕੋਵਿਡ ਦੇ ਸੰਕਟ ਦੇ ਬਾਵਜੂਦ ਉਨਾਂ ਦੀ ਸਰਕਾਰ ਵਿੱਤੀ ਮੁਹਾਜ਼ ਉਤੇ ਪਕੜ ਬਣਾ ਰਹੀ ਹੈ ਅਤੇ ਪਿਛਲੇ 15 ਸਾਲਾਂ ਵਿਚ ਪਹਿਲੀ ਵਾਰ ਸੂਬੇ ਦੇ ਖਜਾਨੇ ਵੱਲ ਕੋਈ ਬਕਾਇਆ ਦੇਣਦਾਰੀ ਨਹੀਂ ਹੈ।
ਆਪਣੀ ਸਰਕਾਰ ਵੱਲੋਂ 85 ਫੀਸਦ ਤੋਂ ਵੱਧ ਚੋਣ ਵਾਅਦਿਆਂ ਨੂੰ ਪੂਰਾ ਕਰਕੇ ਸਥਾਪਤ ਕੀਤੇ ਰਿਕਾਰਡ ਵੱਲ ਇਸ਼ਾਰਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪਿਛਲੇ ਚਾਰ ਸਾਲਾਂ ਦੌਰਾਨ ਸੂਬੇ ਵੱਲੋਂ ਕੀਤੀ ਤਰੱਕੀ ਨੇ ਅਕਾਲੀਆਂ ਦੇ ਬੇਤੁਕੇ ਦੋਸ਼ਾਂ ਦਾ ਪਰਦਾਫਾਸ਼ ਕਰਕੇ ਰੱਖ ਦਿੱਤਾ ਹੈ। ਲੋਕ ਜ਼ਮੀਨੀ ਪੱਧਰ ’ਤੇ ਤਬਦੀਲੀ ਵੇਖ ਸਕਦੇ ਹਨ ਜਿੱਥੇ ਨਸ਼ੇ ਅਤੇ ਮਾਫੀਆਂ ਨੇ ਪਾਰਦਰਸ਼ੀ ਸ਼ਾਸਨ ਅੱਗੇ ਗੋਡੇ ਟੇਕ ਦਿੱਤੇ ਹਨ ਅਤੇ ਸੂਬੇ ਵਿੱਚ ਸਾਰੇ ਸਮਾਜਿਕ, ਸਿਹਤ, ਸਿੱਖਿਆ ਅਤੇ ਹੋਰ ਮਹੱਤਵਪੂਰਨ ਖੇਤਰਾਂ ਵਿੱਚ ਸਰਵਪੱਖੀ ਵਿਕਾਸ ਹੋ ਰਿਹਾ ਹੈ।
ਅਕਾਲੀਆਂ ਵੱਲੋਂ ਮੌਜੂਦਾ ਸਰਕਾਰ ’ਤੇ ਪੋਸਟ-ਮੈਟਿ੍ਰਕ ਐਸ.ਸੀ. ਸਕਾਲਰਸ਼ਿਪ ਵਾਪਸ ਲੈਣ ਵਾਲੇ ਇਲਜ਼ਾਮਾਂ ਨੂੰ ਕਰੜੇ ਹੱਥੀਂ ਲੈਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਜਾਂ ਤਾਂ ਅਕਾਲੀਆਂ ਜਾਣ-ਬੁੱਝ ਕੇ ਲੋਕਾਂ ਨੂੰ ਗੁੰਮਰਾਹ ਕਰਨ ਲਈ ਤੱਥਾਂ ਨੂੰ ਤੋੜ-ਮਰੋੜ ਕੇ ਪੇਸ਼ ਕਰ ਰਹੇ ਹਨ ਜਾਂ ਉਹ ਇਸ ਮਾਮਲੇ ਵਿੱਚ ਆਪਣੀ ਭੂਮਿਕਾ ਜੱਗ ਜ਼ਾਹਰ ਨਹੀਂ ਕਰਨਾ ਚਾਹੁੰਦੇ। ਅਕਾਲੀਆਂ ’ਤੇ ਤੰਜ ਕਸਦਿਆਂ ਉਨਾਂ ਕਿਹਾ ‘‘ਕੀ ਉਹ ਭੁੱਲ ਗਏ ਹਨ ਕਿ ਜਦੋਂ ਸਕਾਲਰਸ਼ਿਪ ਸਕੀਮ ਨੂੰ ਖਤਮ ਕੀਤਾ ਗਿਆ ਸੀ, ਉਦੋਂ ਉਹ (ਅਕਾਲੀ) ਕੇਂਦਰ ਸਰਕਾਰ ਦਾ ਹਿੱਸਾ ਹੁੰਦੇ ਸਨ?’’ ਉਨਾਂ ਕਿਹਾ ਕਿ ਅਸਲ ਵਿੱਚ ਉਨਾਂ ਦੀ ਸਰਕਾਰ ਨੇ ਸਮਾਜ ਦੇ ਐਸ.ਸੀ./ਐਸ.ਟੀ. ਵਰਗ ਲਈ ਕੀਤੇ ਹੋਰ ਉਪਾਵਾਂ ਸਮੇਤ ਸਕੀਮ ਨੂੰ ਬਹਾਲ ਕੀਤਾ ਹੈ। ਸ਼੍ਰੋਮਣੀ ਅਕਾਲੀ ਦਲ ਇਸ ਫਰੇਬ ਵਾਲੀ ਸਿਆਸੀ ਦੂਸ਼ਣਬਾਜ਼ੀ ਰਾਹੀਂ ਪੰਜਾਬ ਵਿੱਚ ਮੁੜ ਆਪਣੀ ਸਿਆਸੀ ਧਰਾਤਲ ਸਥਾਪਤ ਕਰਨ ਦੇ ਕੋਝੇ ਯਤਨ ਕਰ ਰਿਹਾ ਹੈ ਪੰਜਾਬ ਦੇ ਲੋਕ ਉਨਾਂ ਨੂੰ ਮੂੰਹ ਨਹੀਂ ਲਾਉਣਗੇ ਕਿਉਂਕਿ ਪੰਜਾਬੀਆਂ ਨੇ ਅਕਾਲੀ-ਭਾਜਪਾ ਹਾਕਮਾਂ ਦੇ ਸ਼ਾਸਨ ਨੂੰ ਨਾ ਤਾਂ ਭੁਲਾਇਆ ਹੈ ਅਤੇ ਨਾ ਅਕਾਲੀਆਂ ਨੂੰ ਮੁਆਫ ਹੀ ਕੀਤਾ, ਜਿਨਾਂ ਦੀਆਂ ਕੀਤੀਆਂ ਨੂੰ ਲੋਕਾਂ ਨੇ 10 ਸਾਲ ਭੁਗਤੀਆਂ ਹਨ। ਇਥੋਂ ਦੇ ਲੋਕਾਂ ਨੇ ਇਨਾਂ ਪਾਰਟੀਆਂ ਦੇ ਦੋਹਰੇ ਚਿਹਰੇ ਨੂੰ ਪਛਾਣ ਲਿਆ ਹੈ ਅਤੇ ਹੁਣ ਉਨਾਂ ਦੇ ਝਾਂਸੇ ਵਿੱਚ ਨਹੀਂ ਆਉਣਗੇ।