Connect with us

punjab

ਮੁੱਖ ਮੰਤਰੀ ਨੇ ਮੋਹਾਲੀ ਵਿਖੇ 350 ਬਿਸਤਰਿਆਂ ਵਾਲੇ ਸਿਵਲ ਹਸਪਤਾਲ ਦਾ ਰੱਖਿਆ ਨੀਂਹ ਪੱਥਰ

Published

on

CM Charanjit Singh Channi

ਨਵੇਂ ਹਸਪਤਾਲ ਦਾ ਨਾਮ ਸਾਹਿਬਜ਼ਾਦਾ ਅਜੀਤ ਸਿੰਘ ਸਿਵਲ ਹਸਪਤਾਲ ਰੱਖਣ ਦਾ ਐਲਾਨ

ਮੁੱਖ ਮੰਤਰੀ ਵੱਲੋਂ ਸ਼ਹਿਰ ਦੇ ਸਰਵਪੱਖੀ ਵਿਕਾਸ ਲਈ 10 ਕਰੋੜ ਰੁਪਏ ਦੀ ਰਾਸ਼ੀ ਪ੍ਰਵਾਨ

ਸੈਕਟਰ-78 ਦੇ ਖੇਡ ਸਟੇਡੀਅਮ ਵਿੱਚ ਸਿੰਥੈਟਿਕ ਟਰੈਕ ਵਿਛਾਉਣ ਲਈ 7 ਕਰੋੜ ਰੁਪਏ ਨੂੰ ਮਨਜ਼ੂਰੀ

ਸਨੇਟਾ ਅਤੇ ਘੜੂੰਆਂ ਦੀਆਂ ਡਿਸਪੈਸਰੀਆਂ ਨੂੰ ਕ੍ਰਮਵਾਰ ਪੀ.ਐਚ.ਸੀ. ਅਤੇ ਸੀ.ਐਚ.ਸੀ. ਵਜੋਂ ਕੀਤਾ ਜਾਵੇਗਾ ਅਪਗ੍ਰੇਡ

ਚੰਡੀਗੜ੍ਹ/ਐਸ.ਏ.ਐਸ. ਨਗਰ, 9 ਨਵੰਬਰ: ਸੂਬੇ ਦੇ ਨਾਗਰਿਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਪ੍ਰਦਾਨ ਕਰਨ ਦੇ ਉਦੇਸ਼ ਨਾਲ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਨੇ ਅੱਜ ਮੋਹਾਲੀ ਦੇ ਸੈਕਟਰ-66 ਵਿੱਚ 350 ਬਿਸਤਰਿਆਂ ਵਾਲੇ ਅਤਿ-ਆਧੁਨਿਕ ਸਿਵਲ ਹਸਪਤਾਲ ਦੀ ਇਮਾਰਤ ਦਾ ਨੀਂਹ ਪੱਥਰ ਰੱਖਿਆ, ਜਿਸ ਦਾ ਨਾਮ ਸਾਹਿਬਜ਼ਾਦਾ ਅਜੀਤ ਸਿੰਘ ਸਿਵਲ ਹਸਪਤਾਲ ਮੋਹਾਲੀ ਰੱਖਿਆ ਜਾਵੇਗਾ।

ਸਮਾਗਮ ਦੌਰਾਨ ਬੋਲਦਿਆਂ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਕਾਂਗਰਸ ਪਾਰਟੀ ਦੀ ਵਚਨਬੱਧਤਾ ਨੂੰ ਪੂਰਾ ਕਰਦੇ ਹੋਏ ਇਹ ਨਵਾਂ ਸਿਵਲ ਹਸਪਤਾਲ ਇਲਾਕੇ ਦੇ ਲੋਕਾਂ ਤੋਂ ਇਲਾਵਾ ਸੂਬੇ ਦੇ ਦੂਰ-ਦਰਾਡੇ ਖੇਤਰਾਂ ਤੋਂ ਇਲਾਜ ਲਈ ਚੰਡੀਗੜ੍ਹ ਆਉਣ ਵਾਲੇ ਲੋਕਾਂ ਨੂੰ ਵੀ ਮਿਆਰੀ ਸਿਹਤ ਸੇਵਾਵਾਂ ਪ੍ਰਦਾਨ ਕਰੇਗਾ। ਉਨ੍ਹਾਂ ਦੱਸਿਆ ਕਿ ਹਸਪਤਾਲ ਦੀ ਇਹ ਨਵੀਂ ਇਮਾਰਤ 40 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤੀ ਜਾਵੇਗੀ ਜੋ 24 ਘੰਟੇ ਐਮਰਜੈਂਸੀ ਸੇਵਾਵਾਂ ਪ੍ਰਦਾਨ ਕਰਨ ਦੇ ਨਾਲ ਨਾਲ ਸਾਰੀਆਂ ਸਪੈਸ਼ਲਟੀਜ਼ ਲਈ ਓਪੀਡੀ ਅਤੇ ਵਾਰਡ, 7 ਮਾਡੂਲਰ ਅਪਰੇਸ਼ਨ ਥੀਏਟਰ, ਵੱਖਰਾ ਮਦਰ ਐਂਡ ਚਾਈਲਡ ਵਿੰਗ, 4 ਬਿਸਤਰਿਆਂ ਵਾਲਾ ਡਾਇਲਸਿਸ ਯੂਨਿਟ, ਕੰਪੋਨੈਂਟ ਅਤੇ ਪਲੇਟਲੈਟ ਦੀ ਸਹੂਲਤ ਵਾਲਾ ਬਲੱਡ ਬੈਂਕ, ਮੁਰਦਾਘਰ, ਮੁਫਤ ਦਵਾਈ ਵਾਲੀ ਡਿਸਪੈਂਸਰੀ, ਹੋਮਿਓਪੈਥਿਕ ਅਤੇ ਆਯੂਰਵੇਦ ਡਿਪਾਰਟਮੈਂਟ, ਫਿਜ਼ੀਓਥੈਰੇਪੀ ਸੇਵਾਵਾਂ, ਸਟਾਫ ਲਈ ਰਿਹਾਇਸ਼ ਅਤੇ ਤਿੰਨ ਮੰਜ਼ਿਲਾ ਮਲਟੀ ਲੈਵਲ ਪਾਰਕਿੰਗ ਦੀਆਂ ਸਹੂਲਤਾਂ ਵੀ ਪ੍ਰਦਾਨ ਕਰੇਗਾ।

ਮੁੱਖ ਮੰਤਰੀ ਨੇ ਮੋਹਾਲੀ ਦੇ ਆਡੀਟੋਰੀਅਮ ਲਈ 10 ਕਰੋੜ ਰੁਪਏ ਵੀ ਮਨਜ਼ੂਰ ਕੀਤੇ ਅਤੇ ਪ੍ਰਾਜੈਕਟ ਲਈ ਲੋੜ ਪੈਣ ’ਤੇ ਹੋਰ ਫੰਡ ਮੁਹੱਈਆ ਕਰਵਾਉਣ ਦਾ ਵਾਅਦਾ ਕੀਤਾ । ਉਨ੍ਹਾਂ ਨੇ ਰਾਜ ਭਰ ਵਿੱਚ ਆਰਥਿਤ ਤੌਰ `ਤੇ ਕਮਜ਼ੋਰ ਵਰਗਾਂ ਲਈ 25 ਹਜ਼ਾਰ ਘਰ ਬਣਾਉਣ ਦੀਆਂ ਯੋਜਨਾਵਾਂ ਦਾ ਵੀ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਸੂਬੇ ਭਰ ਵਿੱਚ ਬਸੇਰਾ ਸਕੀਮ ਤਹਿਤ ਸਨਦਾਂ (ਮਾਲਕਾਨਾ ਹੱਕ) ਦਿੱਤੀਆਂ ਜਾ ਰਹੀਆਂ ਹਨ। ਵਿਧਾਇਕ ਬਲਬੀਰ ਸਿੰਘ ਸਿੱਧੂ ਦੀ ਮੰਗ ਨੂੰ ਪ੍ਰਵਾਨ ਕਰਦਿਆਂ ਮੁੱਖ ਮੰਤਰੀ ਚਰਨਜੀਤ ਸਿੰਘ ਨੇ ਬੂਥ ਮਾਲਕਾਂ ਨੂੰ ਦੂਜੀ ਮੰਜ਼ਿਲ ਬਣਾਉਣ ਲਈ ਸ਼ਰਤਾਂ ਵਿੱਚ ਢਿੱਲ ਦੇਣ ਦਾ ਐਲਾਨ ਕੀਤਾ। ਉਨ੍ਹਾਂ ਨੇ ਸ਼ਹਿਰ ਦੇ ਸਰਵਪੱਖੀ ਵਿਕਾਸ ਲਈ 10 ਕਰੋੜ ਰੁਪਏ, ਸੈਕਟਰ-78 ਦੇ ਖੇਡ ਸਟੇਡੀਅਮ ਵਿਖੇ ਸਿੰਥੈਟਿਕ ਟਰੈਕ ਵਿਛਾਉਣ ਲਈ 7 ਕਰੋੜ ਰੁਪਏ, ਸਨੇਟਾ ਅਤੇ ਘੜੂੰਆਂ ਦੀਆਂ ਡਿਸਪੈਂਸਰੀਆਂ ਨੂੰ ਕ੍ਰਮਵਾਰ ਪੀ.ਐਚ.ਸੀ. ਅਤੇ ਸੀ.ਐਚ.ਸੀ. ਵਜੋਂ ਅਪਗੇ੍ਰਡ ਕਰਨ ਅਤੇ ਸ਼ਹਿਰ ਲਈ ਬੱਸ ਅੱਡੇ ਦਾ ਵੀ ਐਲਾਨ ਕੀਤਾ।

ਬਲਬੀਰ ਸਿੰਘ ਸਿੱਧੂ ਵੱਲੋਂ ਸ਼ਹਿਰ ਦੇ ਨਾਲ-ਨਾਲ ਹਲਕੇ ਦੇ ਵਿਕਾਸ ਲਈ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕਰਦਿਆਂ ਸ੍ਰੀ ਚੰਨੀ ਨੇ ਕਿਹਾ ਕਿ ਪਾਰਟੀ ਉਨ੍ਹਾਂ ਨੂੰ ਸੂਬਾ ਪੱਧਰ ’ਤੇ ਵੱਡੀ ਜ਼ਿੰਮੇਵਾਰੀ ਦੇਣਾ ਚਾਹੁੰਦੀ ਹੈ।

ਸਮਾਗਮ ਦੌਰਾਨ ਉਪ ਮੁੱਖ ਮੰਤਰੀ ਓ.ਪੀ. ਸੋਨੀ ਜਿਨ੍ਹਾਂ ਕੋਲ ਸਿਹਤ ਵਿਭਾਗ ਦਾ ਚਾਰਜ ਵੀ ਹੈ, ਨੇ ਵਿਧਾਇਕ ਬਲਬੀਰ ਸਿੰਘ ਸਿੱਧੂ ਨਾਲ ਆਪਣੀ ਨੇੜਤਾ ਸਾਂਝੀ ਕੀਤੀ ਅਤੇ ਕੋਵਿਡ-19 ਦੀ ਪਹਿਲੀ ਅਤੇ ਦੂਜੀ ਲਹਿਰ ਦੌਰਾਨ ਉਨ੍ਹਾਂ ਵੱਲੋਂ ਕੀਤੇ ਗਏ ਯਤਨਾਂ ਬਾਰੇ ਜਾਣਕਾਰੀ ਦਿੱਤੀ ਜਿਸ ਦੀ ਪ੍ਰਧਾਨ ਮੰਤਰੀ ਵੱਲੋਂ ਵੀ ਸ਼ਲਾਘਾ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਮੁਹਾਲੀ ਦੇ ਮੈਡੀਕਲ ਕਾਲਜ ਵਿੱਚ 500 ਬੈੱਡ ਹੋਣਗੇ ਅਤੇ ਜਲਦੀ ਹੀ 250 ਸੀਟਾਂ ਨਾਲ ਦਾਖ਼ਲਾ ਸ਼ੁਰੂ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਸ਼ਾਨਦਾਰ ਪ੍ਰਾਪਤੀ ਨਾਲ ਹੁਣ ਸਾਡੀ ਸਮਰੱਥਾ ਇਕ ਸਾਲ ਵਿਚ 1500 ਡਾਕਟਰ ਪੈਦਾ ਕਰਨ ਦੀ ਹੋ ਗਈ ਹੈ।

ਇਸ ਤੋਂ ਪਹਿਲਾਂ ਵਿਧਾਇਕ ਬਲਬੀਰ ਸਿੰਘ ਸਿੱਧੂ ਨੇ ਮੁੱਖ ਮੰਤਰੀ ਦਾ ਸਵਾਗਤ ਕਰਦਿਆਂ ਉਨ੍ਹਾਂ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਹ ਇਤਿਹਾਸ ਵਿੱਚ ਇੱਕ ਮਹੱਤਵਪੂਰਨ ਪਲ ਬਣ ਜਾਵੇਗਾ ਕਿਉਂਕਿ ਇੱਕ ਆਮ ਆਦਮੀ ਸੂਬੇ ਦਾ ਮੁੱਖ ਮੰਤਰੀ ਬਣਿਆ ਹੈ। ਉਨ੍ਹਾਂ ਮੈਡੀਕਲ ਕਾਲਜ ਦੇ ਪ੍ਰਾਜੈਕਟ ਬਾਰੇ ਵੀ ਚਾਨਣਾ ਪਾਇਆ ਅਤੇ ਕਿਹਾ ਕਿ ਇਸ ਵਿੱਦਿਅਕ ਵਰ੍ਹੇ ਵਿੱਚ ਦਾਖ਼ਲੇ ਸ਼ੁਰੂ ਹੋ ਜਾਣਗੇ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ, ਡਿਪਟੀ ਕਮਿਸ਼ਨਰ ਈਸ਼ਾ ਕਾਲੀਆ, ਆਈ.ਜੀ. ਏ.ਕੇ ਮਿੱਤਲ, ਐਸਐਸਪੀ ਨਵਜੋਤ ਸਿੰਘ ਮਾਹਲ, ਜ਼ਿਲ੍ਹਾ ਪ੍ਰੀਸ਼ਦ ਦੀ ਚੇਅਰਮੈਨ ਜਸਵਿੰਦਰ ਕੌਰ, ਮਾਰਕੀਟ ਕਮੇਟੀ ਖਰੜ ਦੇ ਚੇਅਰਮੈਨ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ, ਸੀਨੀਅਰ ਡਿਪਟੀ ਅਮਰੀਕ ਸਿੰਘ ਸੋਮਲ ਅਤੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਮੌਜੂਦ ਸਨ।