Connect with us

punjab

ਮੁੱਖ ਮੰਤਰੀ ਨੇ ਸ਼ਹੀਦ ਸਿਪਾਹੀ ਗੱਜਣ ਸਿੰਘ ਦੇ ਜੱਦੀ ਪਿੰਡ ਪਚਰੰਡਾ ਵਿਖੇ ਪਹੁੰਚ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ

Published

on

CM Charanjit SIngh Channi

ਬਹਾਦਰ ਸੈਨਿਕ ਦੀ ਅਰਥੀ ਨੂੰ ਮੋਢਾ ਦਿੱਤਾ, ਅਰਦਾਸ ਵਿਚ ਸ਼ਾਮਲ ਹੋਏ ਅਤੇ ਪਰਿਵਾਰਕ ਮੈਂਬਰਾਂ ਨਾਲ ਚਿਖਾ ਨੂੰ ਅਗਨੀ ਦਿਖਾਈ

ਪਚਰੰਡਾ (ਰੂਪਨਗਰ), ਅਕਤੂਬਰ: ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸ਼ਹੀਦ ਸਿਪਾਹੀ ਗੱਜਣ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ ਜਿਨਾਂ ਦਾ ਸਸਕਾਰ ਅੱਜ ਰੂਪਨਗਰ ਜ਼ਿਲੇ ਵਿਚ ਉਨਾਂ ਦੇ ਜੱਦੀ ਪਿੰਡ ਪਚਰੰਡਾ ਵਿਖੇ ਪੂਰੇ ਫੌਜੀ ਸਨਮਾਨਾਂ ਨਾਲ ਕੀਤਾ।

ਮੁੱਖ ਮੰਤਰੀ ਨੇ ਸ਼ਹੀਦ ਦੀ ਅਰਥੀ ਨੂੰ ਮੋਢਾ ਦਿੱਤਾ ਜਿਨਾਂ ਨਾਲ ਇਸ ਮੌਕੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਵੀ ਸ਼ਾਮਲ ਹੋਏ। ਇਸ ਦੌਰਾਨ ਮੁੱਖ ਮੰਤਰੀ ਨੇ ਫੁੱਲ ਮਾਲਾਵਾਂ ਭੇਟ ਕੀਤੀਆਂ ਅਤੇ ਅਰਦਾਸ ਵਿਚ ਵੀ ਸ਼ਾਮਲ ਹੋਏ। ਉਨਾਂ ਨੇ ਸ਼ਹੀਦ ਦੇ ਪਿਤਾ ਅਤੇ ਭਤੀਜੇ ਨਾਲ ਸੂਰਬੀਰ ਸੈਨਿਕ ਦੀ ਚਿਖਾ ਨੂੰ ਅਗਨੀ ਵੀ ਦਿਖਾਈ। ਸ਼ਹੀਦ ਗੱਜਣ ਸਿੰਘ ਨੇ 11 ਅਕਤੂਬਰ ਨੂੰ ਜੰਮੂ ਕਸ਼ਮੀਰ ਦੇ ਪੁੰਛ ਸੈਕਟਰ ਵਿਚ ਅੱਤਵਾਦੀਆਂ ਨਾਲ ਲੋਹਾ ਲੈਂਦਿਆਂ ਲਾਸਾਨੀ ਕੁਰਬਾਨੀ ਦੇ ਦਿੱਤੀ।

ਦੁਖੀ ਪਰਿਵਾਰ ਦੇ ਮੈਂਬਰਾਂ ਨਾਲ ਦਿਲੀ ਹਮਦਰਦੀ ਜ਼ਾਹਰ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਸ਼ਹੀਦ ਗੱਜਣ ਸਿੰਘ ਦੀ ਲਾਮਿਸਾਲ ਕੁਰਬਾਨੀ ਬਾਕੀ ਸੈਨਿਕਾਂ ਨੂੰ ਦੇਸ਼ ਦੀ ਏਕਤਾ ਤੇ ਅਖੰਡਤਾ ਦੀ ਰਾਖੀ ਲਈ ਆਪਣੀ ਡਿਊਟੀ ਹੋਰ ਵੀ ਸਮਰਪਿਤ ਭਾਵਨਾ ਅਤੇ ਵਚਨਬੱਧਤਾ ਨਾਲ ਨਿਭਾਉਣ ਲਈ ਸਦਾ ਪ੍ਰੇਰਿਤ ਕਰਦੀ ਰਹੇਗੀ।