Connect with us

Uncategorized

ਪ੍ਰਧਾਨ ਮੰਤਰੀ ਨੂੰ ਆਕਸੀਜਨ ਦਾ ਕੋਟਾ ਵਧਾ ਕੇ 300 ਮੀਟਰਕ ਟਨ ਕਰਨ ਤੇ ਹੋਰ ਵੈਕਸੀਨ ਮੁਹੱਈਆ ਕਰਵਾਉਣ ਦੀ ਮੁੱਖ ਮੰਤਰੀ ਨੇ ਅਪੀਲ ਕੀਤੀ

Published

on

capt amarinder singh and narendra modi

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਪ੍ਰਧਾਨ ਮੰਤਰੀ ਨੂੰ ਆਕਸੀਜਨ ਦਾ ਕੁਲ ਕੋਟਾ ਵਧਾ ਕੇ 300 ਮੀਟਰਕ ਟਨ ਕਰਨ ਤੇ ਸੂਬੇ ਲਈ ਵੈਕਸੀਨ ਦੀ ਜ਼ਰੂਰੀ ਸਪਲਾਈ ਯਕੀਨੀ ਬਣਾਉਣ ਦੀ ਅਪੀਲ ਕੀਤੀ ਹੈ ਕਿਉਂ ਜੋ ਸੂਬਾ ਇਸ ਵੇਲੇ ਆਕਸੀਜਨ ਅਤੇ ਵੈਕਸੀਨ, ਦੋਵਾਂ ਦੀ ਘਾਟ ਦਾ ਸਾਹਮਣਾ ਕਰ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੂਬੇ ਵਿਚ ਕੋਵਿਡ ਦੀ ਸਥਿਤੀ ਜਾਣਨ ਤੇ ਇਸ ਸੰਕਟ ਨਾਲ ਨਜਿੱਠਣ ਲਈ ਚੁੱਕੇ ਜਾ ਰਹੇ ਕਦਮਾਂ ਬਾਰੇ ਮੁੱਖ ਮੰਤਰੀ ਨਾਲ ਗੱਲਬਾਤ ਕੀਤੀ ਜਿਸ ਦੌਰਾਨ ਮੁੱਖ ਮੰਤਰੀ ਨੇ ਉਨ੍ਹਾਂ ਅੱਗੇ ਇਹ ਮਸਲੇ ਉਠਾਏ। ਬਾਅਦ ਵਿਚ ਮੁੱਖ ਮੰਤਰੀ ਨੇ ਖੁਲਾਸਾ ਕੀਤਾ ਕਿ ਪ੍ਰਧਾਨ ਮੰਤਰੀ ਨੇ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ ਹੈ। ਉਨ੍ਹਾਂ ਨੇ ਉਮੀਦ ਜਾਹਰ ਕੀਤੀ ਕਿ ਸੂਬੇ ਵਿਚ ਆਕਸੀਜਨ ਦੀ ਸਪਲਾਈ ਵਧਾਉਣ ਤੇ ਪੰਜਾਬ ਵਿਚ ਵੈਕਸੀਨ ਦੀਆਂ ਖੁਰਾਕਾਂ ਭੇਜਣ ਨੂੰ ਯਕੀਨੀ ਬਣਾਉਣ ਲਈ ਕੇਂਦਰ ਸਰਕਾਰ ਫੌਰੀ ਕਦਮ ਚੁੱਕੇਗੀ। ਜਿਸ ਨਾਲ ਸੂਬੇ ਸਰਕਾਰ ਨੂੰ ਮਹਾਮਾਰੀ ਦੀ ਦੂਜੀ ਘਾਤਕ ਲਹਿਰ ਨਾਲ ਪੈਦਾ ਹੋਈ ਸਥਿਤੀ ਨਾਲ ਨਿਪਟਣ ਵਿਚ ਸਹਾਇਤਾ ਮਿਲੇਗੀ। 

ਵੈਕਸੀਨ ਦੇ ਸਬੰਧ ਵਿਚ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨੂੰ ਦੱਸਿਆ ਕਿ ਸੂਬਾ ਅਜੇ ਤੱਕ 18-45 ਸਾਲ ਦੀ ਉਮਰ ਵਰਗ ਲਈ ਟੀਕਾਕਰਨ ਦੇ ਤੀਜੇ ਪੜਾਅ ਨੂੰ ਸ਼ੁਰੂ ਨਹੀਂ ਕਰ ਸਕਿਆ ਜੋ ਹੁਣ ਇਕ ਲੱਖ ਖੁਰਾਕਾਂ ਦੀ ਸਪਲਾਈ ਤੋਂ ਬਾਅਦ ਸੋਮਵਾਰ ਤੋਂ ਸਰਕਾਰੀ ਹਸਪਤਾਲਾਂ ਵਿਚ ਸ਼ੁਰੂ ਕੀਤੀ ਜਾਵੇਗਾ। 45 ਸਾਲ ਤੋਂ ਵੱਧ ਉਮਰ ਵਰਗ ਦੇ ਲੋਕਾਂ ਲਈ ਵੀ ਵੈਕਸੀਨ ਦੀਆਂ ਖੁਰਾਕਾਂ ਦੀ ਕਮੀ ਹੈ ਅਤੇ ਭਾਵੇਂ 1.63 ਲੱਖ ਖੁਰਾਕਾਂ ਅੱਜ ਪਹੁੰਚਣ ਦੀ ਉਮੀਦ ਹੈ ਜੋ ਸੂਬੇ ਦੀਆਂ ਲੋੜਾਂ ਮੁਤਾਬਕ ਕਾਫੀ ਨਹੀਂ ਹਨ। ਮੁੱਖ ਮੰਤਰੀ ਨੇ ਸ੍ਰੀ ਮੋਦੀ ਨੂੰ ਜਾਣੂੰ ਕਰਵਾਇਆ ਕਿ ਕੋਵਿਡ ਨਾਲ ਗੰਭੀਰ ਬਿਮਾਰ ਮਰੀਜਾਂ ਦੇ ਕੇਸ ਵਧਣ ਕਰਕੇ ਸੂਬੇ ਨੂੰ 300 ਮੀਟਰਕ ਟਨ ਆਕਸੀਜਨ ਦੀ ਫੌਰੀ ਲੋੜ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਇਨ੍ਹਾਂ ਵਿੱਚੋਂ ਬਹੁਤੇ ਮਰੀਜ਼ ਦਿੱਲੀ-ਐਨ.ਸੀ.ਆਰ. ਸਮੇਤ ਹੋਰ ਸੂਬਿਆਂ ਤੋਂ ਆ ਰਹੇ ਹਨ। ਸੂਬੇ ਦੀ ਮੌਤ ਦਰ ਜਿਆਦਾ ਹੈ ਅਤੇ ਐਲ-2 ਤੇ ਐਲ-3 ਸਿਹਤ ਸੰਸਥਾਵਾਂ (ਸਰਕਾਰੀ ਅਤੇ ਪ੍ਰਾਈਵੇਟ) ਵਿਚ ਪਿਛਲੇ ਤਿੰਨ ਹਫ਼ਤਿਆਂ ਤੋਂ ਕੇਸਾਂ ਵਿਚ ਵੱਡਾ ਵਾਧਾ ਹੋਇਆ ਹੈ ਜਿਸ ਕਰਕੇ ਆਕਸੀਜਨ ਦੀ ਮੰਗ ਵਧ ਰਹੀ ਹੈ।

22 ਅਪ੍ਰੈਲ ਤੱਕ ਆਕਸੀਜਨ ਦੀ ਮੰਗ 197 ਮੀਟਰਕ ਟਨ ਸੀ ਜੋ 8 ਮਈ ਨੂੰ ਵਧ ਕੇ 295.5 ਮੀਟਰਕ ਟਨ ਤੱਕ ਪਹੁੰਚ ਗਈ ਹੈ। ਟੈਂਕਰਾਂ ਦੀ ਘਾਟ ਨਾਲ ਸਥਿਤੀ ਹੋਰ ਗੰਭੀਰ ਹੋ ਗਈ ਅਤੇ ਐਲ.ਐਮ.ਓ ਕੋਟਾ ਵਧਾਉਣ ਅਤੇ ਪੰਜਾਬ ਲਈ ਹੋਰ ਟੈਂਕਰਾਂ ਦੀ ਸਪਲਾਈ ਲਈ ਕੇਂਦਰ ਦੀ ਮਦਦ ਦੀ ਲੋੜ ਹੈ ਤਾਂ ਕਿ ਇਸ ਸੰਕਟ ਉਤੇ ਕਾਬੂ ਪਾਇਆ ਜਾ ਸਕੇ। ਬਾਅਦ ਵਿਚ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਸੂਬੇ ਦੇ ਸਿਹਤ ਸਕੱਤਰ ਹੁਸਨ ਲਾਲ ਨੇ ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੇ ਵਧੀਕ ਸਕੱਤਰ ਨੂੰ ਲਿਖੇ ਇਕ ਪੱਤਰ ਵਿਚ ਕਿਹਾ ਕਿ ਭਾਵੇਂ ਕਿ ਸੂਬੇ ਨੇ ਭਾਰਤ ਸਰਕਾਰ ਦੀ ਐਡਵਾਈਜ਼ਰੀ ਦੇ ਮੁਤਾਬਕ ਹਸਪਤਾਲਾਂ ਵੱਲੋਂ ਆਕਸੀਜਨ ਦੀ ਢੁਕਵੀਂ ਵਰਤੋਂ ਨੂੰ ਯਕੀਨੀ ਬਣਾਉਣ ਲਈ ਕਈ ਕਦਮ ਚੁੱਕੇ ਹਨ ਪਰ ਮੰਗ ਵਧਣ ਦੇ ਮੱਦੇਨਜ਼ਰ ਆਕਸੀਜਨ ਦਾ ਕੋਟਾ 300 ਮੀਟਰਕ ਟਨ ਤੱਕ ਵਧਾਉਣ ਦੀ ਲੋੜ ਹੈ।

ਇਸੇ ਤਰ੍ਹਾਂ ਪੰਜਾਬ ਨੂੰ ਸਿਰਫ ਚਾਰ ਆਕਸੀਜਨ ਟੈਂਕਰ ਹੀ ਦਿੱਤੇ ਗਏ ਹਨ ਜਿਨ੍ਹਾਂ ਵਿੱਚੋਂ ਦੋ ਟੈਂਕਰ ਅਜੇ ਕਾਰਜਸ਼ੀਲ ਨਹੀਂ ਹੋਏ। ਸਿਹਤ ਸਕੱਤਰ ਨੇ ਕਿਹਾ ਕਿ ਸੂਬੇ ਦੀ 227 ਮੀਟਰਕ ਟਨ ਆਕਸੀਜਨ ਦੀ ਵੰਡ ਵਿੱਚੋਂ 40 ਫੀਸਦੀ ਕੋਟਾ ਬੋਕਾਰੋ ਤੋਂ ਅਲਾਟ ਕੀਤਾ ਗਿਆ ਹੈ ਜਿੱਥੇ ਆਕਸੀਜਨ ਦੀ ਆਵਾਜਾਈ ਲਈ ਤਿੰਨ ਤੋਂ ਪੰਜ ਦਿਨ ਦਾ ਸਮਾਂ ਲੱਗਦਾ ਹੈ ਜਿਸ ਕਰਕੇ ਉਨ੍ਹਾਂ ਨੇ ਸੂਬਾ ਸਰਕਾਰ ਵੱਲੋਂ ਕੁਲ 20 ਟੈਂਕਰਾਂ ਦੀ ਕੀਤੀ ਮੰਗ ਦੇ ਵਿਰੁੱਧ ਹੰਗਾਮੀ ਆਧਾਰ ‘ਤੇ ਘੱਟੋ-ਘੱਟ 8 ਹੋਰ ਟੈਂਕਰ ਅਲਾਟ ਕੀਤੇ ਜਾਣ ਦੀ ਅਪੀਲ ਕੀਤੀ ਹੈ।