Connect with us

Corona Virus

ਕਰੋਨਾ ਮਹਾਮਾਰੀ ਨਾਲ ਨਜਿੱਠਣ ਲਈ ਮਾਲ ਵਿਭਾਗ ਪੰਜਾਬ ਨੇ ਵੱਖ-ਵੱਖ ਵਿਭਾਗਾਂ ਤੇ ਡਿਪਟੀ ਕਮਿਸ਼ਨਰਾਂ ਨੂੰ 300 ਕਰੋੜ ਰੁਪਏ ਵੰਡੇ : ਕਾਂਗੜ

Published

on

ਚੰਡੀਗੜ, 10 ਜੂਨ : ਕਰੋਨਾ ਦੀ ਮਹਾਮਾਰੀ ਨਾਲ ਨਜਿੱਠਣ ਲਈ ਪੰਜਾਬ ਸਰਕਾਰ ਵੱਲੋਂ ਮਾਲ, ਮੁੜ ਵਸੇਬਾ ਅਤੇ ਆਫਤ ਪ੍ਰਬੰਧਨ ਵਿਭਾਗ ਰਾਹੀਂ ਵੱਖ-ਵੱਖ ਵਿਭਾਗਾਂ ਤੇ ਵੱਖ-ਵੱਖ ਜ਼ਿਲਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ 300 ਕਰੋੜ ਰੁਪਏ ਵੰਡੇ ਜਾ ਚੁੱਕੇ ਹਨ, ਇਹ ਜਾਣਕਾਰੀ ਅੱਜ ਇਥੇ ਮਾਲ, ਮੁੜ ਵਸੇਬਾ ਅਤੇ ਆਫਤ ਪ੍ਰਬੰਧਨ ਮੰਤਰੀ ਸ. ਗੁਰਪ੍ਰੀਤ ਸਿੰਘ ਕਾਂਗੜ ਨੇ ਦਿੱਤੀ। ਉਹਨਾਂ ਦੱਸਿਆ ਕਿ 300 ਕਰੋੜ ਵਿਚੋਂ 200 ਕਰੋੜ ਰੁਪਏ ਵੱਖ-ਵੱਖ ਵਿਭਾਗਾਂ ਨੂੰ ਜਦਕਿ 100 ਰੁਪਏ ਵੱਖ-ਵੱਖ ਜ਼ਿਲਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਵੰਡੇ ਗਏ ਹਨ।
ਸ਼੍ਰੀ ਕਾਂਗੜ ਨੇ ਦੱਸਿਆ ਕਿ ਡਿਪਟੀ ਕਮਿਸ਼ਨਰਾਂ ਨੂੰ ਵੰਡੇ ਗਏ 100 ਕਰੋੜ ਰੁਪਏ ਵਿੱਚੋਂ 98 ਕਰੋੜ ਰੁਪਏ ਪ੍ਰਵਾਸੀ ਮਜ਼ਦੂਰਾਂ ਨੂੰ ਉਹਨਾਂ ਦੇ ਪਿੱਤਰੀ ਰਾਜਾਂ ਵਿੱਚ ਭੇਜਣ, ਸੁੱਕਾ ਰਾਸ਼ਨ ਵੰਡਣ ਅਤੇ ਏਕਾਂਤਵਾਸ ਕੀਤੇ ਲੋਕਾਂ ‘ਤੇ ਖਰਚੇ ਗਏ ਹਨ।
ਕੈਬਨਿਟ ਮੰਤਰੀ ਨੇ ਮਾਲ, ਮੁੜ ਵਸੇਬਾ ਅਤੇ ਆਫਤ ਪ੍ਰਬੰਧਨ ਵਿਭਾਗ ਨੂੰ ਪੰਜਾਬ ਦੀ ਰੀੜ ਦੀ ਹੱਡੀ ਕਰਾਰ ਦਿੰਦਿਆਂ ਕਿਹਾ ਕਿ ਮਾਲ, ਮੁੜ ਵਸੇਬਾ ਅਤੇ ਆਫਤ ਪ੍ਰਬੰਧਨ ਵਿਭਾਗ ਕੋਵਿਡ-19 ਨਾਲ ਨਿਪਟਣ ਲਈ ਨੋਡਲ ਵਿਭਾਗ ਦੇ ਤੌਰ ‘ਤੇ ਕੰਮ ਕਰ ਰਿਹਾ ਹੈ। ਉਹਨਾਂ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਕਰੋਨਾ ਦੀ ਮਹਾਂਮਾਰੀ ਦੇ ਸਬੰਧ ਵਿੱਚ ਤਾਲਾਬੰਦੀ ਐਲਾਨਣ ਤੋਂ ਪਹਿਲਾਂ ਹੀ ਵਿਭਾਗ ਦੇ ਡਿਜ਼ਾਸਟਰ ਮੈਨੇਜਮੈਂਟ ਵਿੰਗ ਨੇ ਸਿਹਤ ਵਿਭਾਗ ਨੂੰ 25 ਕਰੋੜ ਰੁਪਏ ਇਸ ਬੀਮਾਰੀ ਨਾਲ ਲੜਨ ਲਈ ਜਾਰੀ ਕਰ ਦਿੱਤੇ ਸਨ।
ਸ੍ਰੀ ਕਾਂਗੜ ਨੇ ਦੱਸਿਆ ਕਿ ਇਸ ਬੀਮਾਰੀ ਦੇ ਖਾਤਮੇ ਲਈ ਭਾਰਤ ਸਰਕਾਰ ਵੱਲੋਂ ਪ੍ਰਾਪਤ ਰਾਸੀ ਅਤੇ ਪੰਜਾਬ ਸਰਕਾਰ ਵੱਲੋਂ ਆਪਣੇ ਖਜਾਨੇ ਵਿਚੋਂ ਜੋ ਡਿਜਾਸਟਰ ਮੈਨੇਜਮੈਂਟ ਲਈ ਪ੍ਰਾਪਤ ਹੋਇਆ ਸੀ ਉਹ ਵੱਖ-ਵੱਖ ਵਿਭਾਗਾਂ ਅਤੇ ਵੱਖ-ਵੱਖ ਜ਼ਿਲਿਆਂ ਦੇ ਡਿਪਟੀ ਕਮਿਸ਼ਨਰਾਂ ਦੀਆਂ ਮੰਗਾਂ ਅਨੁਸਾਰ ਉਹਨਾਂ ਨੂੰ ਜਾਰੀ ਕਰ ਦਿੱਤਾ ਗਿਆ ਸੀ। ਇਸ ਤੋਂ ਇਲਾਵਾ ਵਿਭਾਗਾਂ ਅਤੇ ਜ਼ਿਲਿਆਂ ਦੀਆਂ ਮੰਗਾਂ ਤੇ ਮੁਸ਼ਕਿਲ਼ਾਂ ਨੂੰ ਤੁਰੰਤ ਹੱਲ ਕਰਨ ਲਈ ਸੂਬੇ ਦੀ ਕਾਰਜਕਾਰੀ ਕਮੇਟੀ ਦੀ ਰੋਜ਼ਾਨਾ ਮੁੱਖ ਸਕੱਤਰ ਦੀ ਅਗਵਾਈ ਵਿੱਚ ਮੀਟਿੰਗ ਹੁੰਦੀ ਹੈ।
ਉਹਨਾਂ ਦੱਸਿਆ ਕਿ ਡਿਜ਼ਾਸਟਰ ਮੈਨੇਜਮੈਂਟ ਵਿਭਾਗ ਵੱਲੋਂ ਪੰਜਾਬ ਸਿਵਲ ਸਕੱਤਰੇਤ ਦੀ ਤੀਜੀ ਮੰਜ਼ਿਲ ‘ਤੇ ਕੰਟਰੋਲ ਰੂਮ ਸਥਾਪਤ ਕੀਤਾ ਗਿਆ ਹੈ, ਜਿਥੇ ਲੋਕਾਂ ਦੀਆਂ ਮੁਸ਼ਕਿਲਾਂ ਦਾ ਟੈਲੀਫੋਨ ‘ਤੇ ਹੱਲ ਕਰਨ ਲਈ 24 ਘੰਟੇ ਸਟਾਫ ਹਾਜ਼ਰ ਰਹਿੰਦਾ ਹੈ ਅਤੇ 24 ਘੰਟਿਆਂ ਦੇ ਅੰਦਰ-ਅੰਦਰ ਲੋਕਾਂ ਦੀਆਂ ਮੁਸ਼ਕਿਲਾਂ ਦਾ ਹੱਲ ਕੀਤਾ ਜਾਂਦਾ ਹੈ। ਉਹਨਾਂ ਦੱਸਿਆ ਕਿ ਕੰਟਰੋਲ ਰੂਮ ਵਿੱਚ ਲੋਕਾਂ ਦੇ ਹੁਣ ਤੱਕ 11 ਹਜ਼ਾਰ ਤੋਂ ਵੱਧ ਸਵਾਲ ਪਹੁੰਚ ਚੁੱਕੇ ਹਨ। ਉਹਨਾਂ ਦੱਸਿਆ ਕਿ ਜੇਕਰ ਕਿਸੇ ਪ੍ਰਭਾਵਿਤ ਵਿਅਕਤੀ ਨੂੰ ਕਿਸੇ ਕਿਸਮ ਦੀ ਲੋੜ ਹੋਵੇ ਤਾਂ ਉਹ ਤੁਰੰਤ ਉਥੋਂ ਦੇ ਡਿਪਟੀ ਕਮਿਸ਼ਨਰ ਜਾਂ ਐਸ.ਡੀ.ਐਮ. ਨਾਲ ਸੰਪਰਕ ਕਰ ਕੇ ਮਦਦ ਹਾਂਸਲ ਕਰ ਸਕਦਾ ਹੈ।
ਉਹਨਾਂ ਕਰੋਨਾ ਦੀ ਮਹਾਮਾਰੀ ਨਾਲ ਲੜਾਈ ਵਿੱਚ ਡਟੇ ਮਾਲ ਵਿਭਾਗ ਦੇ ਅਧਿਕਾਰੀਆਂ/ ਕਰਮਚਾਰੀਆਂ ਦੀ ਕਾਰਗੁਜ਼ਾਰੀ ‘ਤੇ ਚਾਨਣਾ ਪਾਉਂਦਿਆਂ ਦੱਸਿਆ ਕਿ ਵਿਭਾਗ ਦੇ ਮੁਲਾਜ਼ਮਾਂ ਵੱਲੋਂ ਭਾਰਤ ਦੇ ਵੱਖ-ਵੱਖ ਸੂਬਿਆਂ ਅਤੇ ਵਿਦੇਸ਼ਾਂ ਤੋਂ ਪੰਜਾਬ ਆਉਣ ਵਾਲੇ ਲੋਕਾਂ ਦੀ ਏਅਰਪੋਰਟ ‘ਤੇ ਰਜਿਸਟਰੇਸ਼ਨ ਕਰਕੇ ਉਹਨਾਂ ਦੇ ਏਕਾਂਤਵਾਸ ਦੌਰਾਨ ਰੋਜ਼ਾਨਾ ਮੁਆਇਨਾ ਕਰ ਕੇ ਉਹਨਾਂ ਦਾ ਫਾਲੋਅਪ ਕੀਤਾ ਗਿਆ। ਕੋਵਿਡ ਦੇ ਲੱਛਣਾਂ ਵਾਲੇ ਲੋਕਾਂ ਨੂੰ ਵਿਭਾਗ ਦੇ ਨੋਡਲ ਅਫਸਰਾਂ ਵੱਲੋਂ ਜਿਥੇ ਸਟੇਟ ਕੁਆਰਨਟੀਨ ਸੈਂਟਰਾਂ ਵਿੱਚ ਲਿਜਾਇਆ ਗਿਆ ਉਥੇ ਬਿਨਾਂ ਲੱਛਣਾਂ ਵਾਲੇ ਲੋਕਾਂ ਨੂੰ ਘਰ ਭੇਜ ਕੇ ਸੈਲਫ ਕੁਆਰਨਟੀਨ ਵਿੱਚ ਰੱਖਿਆ ਗਿਆ।
ਉਹਨਾਂ ਇਸ ਸੰਕਟ ਦੀ ਘੜੀ ਵਿੱਚ ਪੁਲਿਸ, ਸਿਹਤ ਅਤੇ ਸਥਾਨਕ ਸਰਕਾਰਾਂ ਵਿਭਾਗ ਦੇ ਅਧਿਕਾਰੀਆਂ/ਕਰਮਚਾਰੀਆਂ ਦੇ ਮੋਢੇ ਨਾਲ ਮੋਢਾ ਜੋੜ ਕੇ ਲੋਕਾਂ ਦੀ ਸੇਵਾ ਵਿੱਚ ਲੱਗੇ ਮਾਲ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਦਾ ਧੰਨਵਾਦ ਕਰਦਿਆਂ ਲੋਕਾਂ ਨੂੰ ਅਪੀਲ ਕੀਤੀ ਕਿ ਲੋਕ ਇਸ ਬੀਮਾਰੀ ਤੋਂ ਬਚਣ ਲਈ ਸਰਕਾਰ ਵੱਲੋਂ ਜਾਰੀ ਹਦਾਇਤਾਂ ਦਾ ਪੂਰੀ ਤਰ੍ਹਾਂ ਪਾਲਨ ਕਰਨ।

Continue Reading
Click to comment

Leave a Reply

Your email address will not be published. Required fields are marked *