punjab
ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਸਬਸਿਡੀ ਵਾਲੇ ਪ੍ਰਮਾਣਿਤ ਬੀਜ ਪ੍ਰਦਾਨ ਕਰਨ ਲਈ ਕਣਕ ਬੀਜ ਨੀਤੀ ਨੂੰ ਪ੍ਰਵਾਨਗੀ: ਨਾਭਾ
ਇੱਕ ਲੱਖ ਕਿਸਾਨਾਂ ਨੂੰ 20 ਕਰੋੜ ਰੁਪਏ ਦੀ ਸਬਸਿਡੀ ਦਾ ਮਿਲੇਗਾ ਲਾਭ, ਛੋਟੇ ਅਤੇ ਸੀਮਾਂਤ ਕਿਸਾਨਾਂ ਨੂੰ ਦਿੱਤੀ ਜਾਵੇਗੀ ਪਹਿਲ
ਕਿਸਾਨਾਂ ਦੀ ਚੋਣ ਅਨੁਸਾਰ ਸਬਸਿਡੀ ਦੀ ਰਕਮ ਲਾਭਪਾਤਰੀ ਕਿਸਾਨਾਂ ਦੇ ਖਾਤਿਆਂ ਜਾਂ ਰਜਿਸਟਰਡ ਡੀਲਰਾਂ ਦੇ ਬੈਂਕ ਖਾਤਿਆਂ ਵਿੱਚ ਤਬਦੀਲ ਕੀਤੀ ਜਾਵੇ
ਚੰਡੀਗੜ੍ਹ, ਅਕਤੂਬਰ : ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਐਤਵਾਰ ਨੂੰ ਖੇਤੀਬਾੜੀ ਵਿਭਾਗ ਦੀ ਕਣਕ ਬੀਜ ਸਬਸਿਡੀ ਨੀਤੀ 2021-22 ਨੂੰ ਪ੍ਰਵਾਨਗੀ ਦੇ ਦਿੱਤੀ ਹੈ ਤਾਂ ਜੋ ਹਾੜੀ ਸੀਜ਼ਨ ਦੌਰਾਨ ਪ੍ਰਤੀ ਕਿਸਾਨ 2,000 ਰੁਪਏ ਦੀ ਸੀਮਾ ਦੇ ਹਿਸਾਬ ਨਾਲ ਕਿਸਾਨਾਂ ਨੂੰ ਪ੍ਰਮਾਣਿਤ ਕਣਕ ਦਾ ਬੀਜ 50 ਫੀਸਦੀ ਸਬਸਿਡੀ `ਤੇ ਮੁਹੱਈਆ ਕਰਵਾਇਆ ਜਾ ਸਕੇ। ਨੀਤੀ ਦੇ ਤਹਿਤ 20 ਕਰੋੜ ਰੁਪਏ ਦੀ ਸਬਸਿਡੀ ਦੇ ਨਾਲ ਕੁੱਲ 2 ਲੱਖ ਕੁਇੰਟਲ ਪ੍ਰਮਾਣਤ ਬੀਜ ਪ੍ਰਦਾਨ ਕਰਨ ਨਾਲ ਲਗਭਗ ਇੱਕ ਲੱਖ ਕਿਸਾਨਾਂ ਨੂੰ ਸਿੱਧਾ ਲਾਭ ਮਿਲੇਗਾ।
ਖੇਤੀਬਾੜੀ ਮੰਤਰੀ ਰਣਦੀਪ ਸਿੰਘ ਨਾਭਾ ਨੇ ਵਿਭਾਗ ਨੂੰ ਛੋਟੇ ਅਤੇ ਸੀਮਾਂਤ ਕਿਸਾਨਾਂ ਨੂੰ ਸਬਸਿਡੀ ਵਾਲੇ ਬੀਜ ਮੁਹੱਈਆ ਕਰਵਾਉਣ ਨੂੰ ਪਹਿਲ ਦੇਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਸਬਸਿਡੀ ਸਿਰਫ ਯੋਗ ਕਿਸਾਨਾਂ ਨੂੰ ਦਿੱਤੀ ਜਾਵੇ ਅਤੇ ਸਬਸਿਡੀ ਦੀ ਰਕਮ ਕਿਸਾਨਾਂ ਦੀ ਚੋਣ ਅਨੁਸਾਰ ਸਿੱਧੇ ਲਾਭਪਾਤਰੀ ਕਿਸਾਨਾਂ ਦੇ ਖਾਤਿਆਂ ਵਿੱਚ ਜਾਂ ਰਜਿਸਟਰਡ ਡੀਲਰਾਂ ਦੇ ਬੈਂਕ ਖਾਤੇ ਵਿੱਚ ਤਬਦੀਲ ਕੀਤੀ ਜਾਵੇ। ਸ੍ਰੀ ਨਾਭਾ ਨੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ/ਕਰਮਚਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਆਪਣੇ -ਆਪਣੇ ਖੇਤਰ ਵਿੱਚ ਵੇਚੇ ਜਾ ਰਹੇ ਬੀਜਾਂ ਤੇ ਨੇੜਿਓਂ ਨਿਗਰਾਨੀ ਰੱਖਣ ਅਤੇ ਇਹ ਵੀ ਯਕੀਨੀ ਬਣਾਉਣ ਕਿ ਸਿਰਫ ਮਿਆਰੀ ਬੀਜ ਕਿਸਾਨਾਂ ਤੱਕ ਪਹੰੁਚੇ। ਖੇਤੀਬਾੜੀ ਮੰਤਰੀ ਨੇ ਚਿਤਾਵਨੀ ਦਿੱਤੀ ਕਿ ਜੇਕਰ ਇਸ ਸਬੰਧ ਵਿੱਚ ਕੋਈ ਸ਼ਿਕਾਇਤ ਮਿਲਦੀ ਹੈ ਜਾਂ ਕੋਈ ਗਲਤ ਕਾਰਵਾਈ ਦਾ ਪਤਾ ਚਲਦਾ ਹੈ ਤਾਂ ਬੀਜ ਏਜੰਸੀਆਂ ਦੇ ਸਬੰਧਤ ਅਧਿਕਾਰੀਆਂ/ਕਰਮਚਾਰੀਆਂ ਦੇ ਨਾਲ ਨਾਲ ਜ਼ਿਲ੍ਹਾ ਅਤੇ ਬਲਾਕ ਪੱਧਰ ਦੇ ਖੇਤੀਬਾੜੀ ਅਧਿਕਾਰੀ ਸਿੱਧੇ ਤੌਰਤੇ ਜ਼ਿੰਮੇਵਾਰ ਮੰਨੇ ਜਾਣਗੇ।
ਸਬਸਿਡੀ ਲੈਣ ਦੇ ਇਛੁੱਕ ਕਿਸਾਨ 10 ਤੋਂ 18 ਅਕਤੂਬਰ, 2021 ਤੱਕ https://agrimachinerypb.com/ `ਤੇ ਆਨਲਾਈਨ ਅਰਜ਼ੀ ਦੇ ਸਕਦੇ ਹਨ।
ਮੰਤਰੀ ਨੇ ਕਿਹਾ ਕਿ ਖੇਤੀਬਾੜੀ ਵਿਭਾਗ ਨੇ ਕਿਸਾਨਾਂ ਨੂੰ ਸਬਸਿਡੀ ਦਰਾਂ ਤੇ ਕਣਕ ਦਾ ਬੀਜ ਮੁਹੱਈਆ ਕਰਵਾਉਣ ਲਈ ਸਾਰੇ ਲੋੜੀਂਦੇ ਪ੍ਰਬੰਧ ਯਕੀਨੀ ਬਣਾਏ ਹਨ।ਪ੍ਰਤੀ ਕੁਇੰਟਲ ਵੱਧ ਤੋਂ ਵੱਧ 1000 ਰੁਪਏ ਦੀ ਸੀਮਾ ਦੇ ਹਿਸਾਬ ਨਾਲ ਬੀਜਾਂ ਦੀ ਕੁੱਲ ਲਾਗਤ ਦਾ 50 ਫੀਸਦੀ ਸਬਸਿਡੀ ਸਿੱਧੇ ਬਿਨੈਕਾਰ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਟਰਾਂਸਫਰ ਕੀਤੀ ਜਾਵੇਗੀ ਅਤੇ ਕਣਕ ਦੇ ਬੀਜਤੇ ਸਬਸਿਡੀ ਪ੍ਰਤੀ ਕਿਸਾਨ ਵੱਧ ਤੋਂ ਵੱਧ 5 ਏਕੜ ਰਕਬੇ ਲਈ ਮੁਹੱਈਆ ਕਰਵਾਈ ਜਾਵੇਗੀ। ਪੀਏਯੂ ਵੱਲੋਂ ਸਿਫਾਰਸ਼ ਕੀਤੀਆਂ ਕਿਸਮਾਂ ਦਾ ਪ੍ਰਮਾਣਿਤ ਬੀਜ ਅਤੇ ਪੰਜਾਬ ਵਿੱਚ ਪ੍ਰਮਾਣਿਤ ਬੀਜ ਹੀ ਵੰਡਿਆ ਜਾਵੇਗਾ। ਸਾਰਾ ਕੰਮ ਆਨਲਾਈਨ ਪੋਰਟਲ ਰਾਹੀਂ ਹੋਵੇਗਾ, ਜਿੱਥੇ ਕਿਸਾਨ ਕਣਕ ਦੇ ਬੀਜ ਲਈ ਅਪਲਾਈ ਕਰ ਸਕਦੇ ਹਨ ਅਤੇ ਬੀਜ ਉਤਪਾਦਕ ਆਪਣੇ ਡੀਲਰਾਂ ਦੇ ਨਾਲ ਰਜਿਸਟਰਡ ਹੋ ਸਕਦੇ ਹਨ।
ਸਰਕਾਰੀ/ਸਹਿਕਾਰੀ/ਪ੍ਰਾਈਵੇਟ ਅਦਾਰੇ 2021-22 ਦੌਰਾਨ ਹਾੜ੍ਹੀ ਦੀ ਫਸਲ ਯਾਨੀ ਕਣਕ ਦੇ ਪ੍ਰਮਾਣਤ ਬੀਜ ਵੇਚ ਸਕਣਗੇ ਤਾਂ ਜੋ ਕਿਸਾਨ ਰਜਿਸਟਰਡ ਡੀਲਰ/ਉਤਪਾਦਕ ਤੋਂ ਬੀਜ ਖਰੀਦ ਸਕਣ। ਕਣਕ ਦੇ ਬੀਜਾਂ ਦੀ ਵੰਡ ਵਿੱਚ ਅਨੁਸੂਚਿਤ ਜਾਤੀਆਂ ਨੂੰ ਤਰਜੀਹ ਦਿੱਤੀ ਜਾਵੇਗੀ। ਇਸ ਤੋਂ ਬਾਅਦ ਸੀਮਾਂਤ ਕਿਸਾਨਾਂ (ਜਿਨ੍ਹਾਂ ਕੋਲ 2.5 ਏਕੜ ਤੱਕ ਜ਼ਮੀਨ ਹੈ) ਅਤੇ 2.5 ਏਕੜ ਤੋਂ 5 ਏਕੜ ਤੱਕ ਜ਼ਮੀਨ ਵਾਲੇ ਛੋਟੇ ਕਿਸਾਨਾਂ ਨੂੰ ਤਰਜੀਹ ਦਿੱਤੀ ਜਾਵੇਗੀ।ਫਿਰ ਵੀ ਸਬਸਿਡੀ ਦੀ ਰਾਸ਼ੀ ਉਪਲਬਧ ਹੋਣ ਦੇ ਮਾਮਲੇ ਵਿੱਚ ਵੱਡੇ ਕਿਸਾਨਾਂ ਦੀਆਂ ਅਰਜ਼ੀਆਂ `ਤੇ ਵਿਚਾਰ ਕੀਤਾ ਜਾਵੇਗਾ। ਪੰਜਾਬ ਵਿੱਚ ਪੀਏਯੂ ਦੁਆਰਾ ਸਿਫਾਰਸ਼ ਕੀਤੀਆਂ ਗਈਆਂ ਅਤੇ ਸਿਰਫ ਪੰਜਾਬ ਵਿੱਚ ਪ੍ਰਮਾਣਤ ਕਿਸਮਾਂ ਨੂੰ ਹੀ ਯੋਜਨਾ ਵਿੱਚ ਵਿਚਾਰਿਆ ਜਾਵੇਗਾ।
ਸਬਸਿਡੀ ਸਿੱਧਾ ਕਿਸਾਨਾਂ ਦੇ ਬੈਂਕ ਖਾਤੇ ਵਿੱਚ ਡੀਬੀਟੀ ਰਾਹੀਂ ਜਮ੍ਹਾਂ ਹੋ ਜਾਵੇਗੀ ਅਤੇ ਜੇਕਰ ਸਬੰਧਤ ਕਿਸਾਨ ਆਪਣੀ ਬਣਦੀ ਸਬਸਿਡੀ ਉਤਪਾਦਕ ਦੇ ਬੈਂਕ ਖਾਤੇ ਵਿੱਚ ਤਬਦੀਲ ਕਰਨ ਲਈ ਲਿਖਤੀ ਰੂਪ ਵਿੱਚ ਦਿੰਦਾ ਹੈ ਤਾਂ ਉਹ ਡੀਲਰ/ਉਤਪਾਦਕ ਨੂੰ ਆਪਣੀ ਲਿਖਤੀ ਸਹਿਮਤੀ ਦੇ ਸਕਦਾ ਹੈ ਅਤੇ ਸਬਸਿਡੀ ਕਟਾ ਕੇ ਬਕਾਇਆ ਰਕਮ `ਤੇ ਬੀਜ ਖਰੀਦ ਸਕਦਾ ਹੈ।
ਜ਼ਿਕਰਯੋਗ ਹੈ ਕਿ ਹਾੜ੍ਹੀ ਸੀਜ਼ਨ 2021-22 ਦੌਰਾਨ ਸੂਬੇ ਵਿੱਚ ਲਗਭਗ 35 ਲੱਖ ਹੈਕਟੇਅਰ ਰਕਬੇ ਵਿੱਚ ਕਣਕ ਦੀ ਕਾਸ਼ਤ ਕੀਤੇ ਜਾਣ ਦੀ ਉਮੀਦ ਹੈ।