Connect with us

Punjab

ਪੰਜਾਬ ਸਰਕਾਰ ਨੇ ਬਦਲਿਆ ਮਿੱਡ-ਡੇ-ਮੀਲ ਦਾ ਮੀਨੂ

Published

on

ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਵਿਚ ਪੀ.ਐੱਮ ਪੋਸ਼ਣ ਸਕੀਮ ਦੇ ਹਫ਼ਤਾਵਾਰੀ ਮੀਨੂ ਵਿਚ ਚੜ੍ਹਦੇ ਸਾਲ ਹੀ ਤਬਦੀਲੀ ਕਰ ਦਿੱਤੀ ਗਈ ਹੈ। ਦਰਅਸਲ ਸਰਦੀਆਂ ਦੀਆਂ ਛੁੱਟੀਆਂ ਤੋਂ ਬਾਅਦ ਜਦੋਂ ਸੂਬੇ ਦੇ ਸਕੂਲ ਖੁੱਲ੍ਹਣਗੇ ਤਾਂ ਵਿਦਿਆਰਥੀਆਂ ਨੂੰ ਦੇਸੀ ਘਿਓ ਦਾ ਕੜਾਹ/ਹਲਵਾ ਵੀ ਨਾਲ ਦਿੱਤਾ ਜਾਵੇਗਾ। ਪੰਜਾਬ ਸਟੇਟ ਮਿੱਡ- ਡੇ- ਮੀਲ ਸੁਸਾਇਟੀ ਨੇ ਇਸ ਸਬੰਧੀ ਸਿੱਖਿਆ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਦੇ ਨਾਂ ਜਾਰੀ ਪੱਤਰ `ਚ ਅਜਿਹੇ ਹੁਕਮ ਜਾਰੀ ਕੀਤੇ ਹਨ।

ਤਾਜ਼ਾ ਹੁਕਮਾਂ ਅਨੁਸਾਰ ਹੁਣ ਬੁੱਧਵਾਰ ਨੂੰ ਦਿੱਤੇ ਜਾਂਦੇ ਕੜ੍ਹੀ ਚਾਵਲ ਦੇ ਨਾਲ-ਨਾਲ ਵਿਦਿਆਰਥੀਆਂ ਦੀਆਂ ਪੰਜੇ ਉਂਗਲੀਆਂ ਦੇਸੀ ਘਿਓ ਦੇ ਕੜਾਹ ਵਿਚ ਹੋਣਗੀਆਂ। ਕਿਹਾ ਗਿਆ ਹੈ ਕਿ ਦੁਪਿਹਰ ਦੇ ਖਾਣੇ ਵਿਚ ਕੀਤੇ ਗਏ ਬਦਲਾਅ 1 ਜਨਵਰੀ ਤੋਂ ਤੁਰੰਤ ਲਾਗੂ ਹੋਣਗੇ।ਹਾਲਾਂ ਕਿ ਸਰਕਾਰੀ ਸਕੂਲਾਂ ਵਿਚ ਹਾਲੇ 7 ਜਨਵਰੀ ਤਕ ਛੁੱਟੀਆਂ ਹਨ ਇਸ ਲਈ ਇਨ੍ਹਾਂ ਹੁਕਮਾਂ ਦੀ ਤਾਮੀਲ ਅਤੇ ਪਾੜ੍ਹਿਆਂ ਦਾ ਸਵਾਗਤ 8 ਜਨਵਰੀ ਨੂੰ ਦੇਸੀ ਘਿਓ ਦੇ ਕੜਾਹ ਨਾਲ ਕੀਤਾ ਜਾਵੇਗਾ। ਨਵੇਂ ਹੁਕਮਾਂ ਤੋਂ ਬਾਅਦ ਪਹਿਲਾਂ ਮਿਲਦੇ ਕਾਲੇ/ਚਿੱਟੇ ਛੋਲਿਆਂ,ਪੂਰੀ/ਰੋਟੀ ਦੇ ਨਾਲ ਹਲਵਾ ਹਰੇਕ ਹਫ਼ਤੇ ਦਿੱਤੇ ਜਾਣ ਦੇ ਆਦੇਸ਼ ਹਨ।ਇਹੀ ਨਹੀਂ ਹੁਣ ਸ਼ਨਿੱਚਰਵਾਰ ਨੂੰ ਮਿਲਣ ਵਾਲੇ ਮਾਂਹ-ਦਾਲ਼ ਅਤੇ ਚਾਵਲ ਦੇ ਨਾਲ ਵਿਦਿਆਰਥੀਆਂ ਨੂੰ ਕੇਲੇ ਦੀ ਥਾਂ ਕੀਨੂ ਦੇਣ ਦੀ ਹਦਾਇਤ ਕੀਤੀ ਗਈ ਹੈ।ਹਾਲਾਂ ਕਿ ਪੱਤਰ ਵਿਚ ਇਹ ਸਪੱਸ਼ਟ ਨਹੀਂ ਕੀਤਾ ਗਿਆ ਕਿ ਕੀਨੂੰ ਦੀ ਖ਼ਰੀਦ ਕੌਣ ਕਰੇਗਾ। ਇਸ ਤੋਂ ਪਹਿਲਾਂ ਲੰਘੇ ਵਰ੍ਹੇ ਸਾਰਾ ਕੀਨੂੰ ਪੰਜਾਬ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨ ਵੱਲੋਂ ਖ਼ਰੀਦ ਕੇ ਸਕੂਲਾਂ ਵਿਚ ਦਿੱਤਾ ਜਾਂਦਾ ਰਿਹਾ ਹੈ।

ਵਿਭਾਗ ਦੇ ਅਧਿਕਾਰੀਆਂ ਨੇ ਇਹ ਵੀ ਹਦਾਇਤ ਕੀਤੀ ਹੈ ਕਿ ਜਿਹੜੀ ਦਾਲ਼ ਇਕ ਹਫ਼ਤੇ ਬਣਾ ਦਿੱਤੀ ਗਈ ਉਹ ਅਗਲੇ ਹਫ਼ਤੇ ਨਾ ਬਣਾਈ ਜਾਵੇ।ਮਿਡ-ਡੇ-ਮੀਲ ਸੁਸਾਇਟੀ ਦੇ ਪੱਤਰ ਤੋਂ ਬਾਅਦ ਸਿੱਖਿਆ ਵਿਭਾਗ ਦੇ ਡਾਇਰੈਕਟਰ ਐਲੀਮੈਂਟਰੀ ਸਿੱਖਿਆ ਹਰਕਿਰਤ ਕੌਰ ਚਾਨੇ ਨੇ ਹਦਾਇਤ ਕੀਤੀ ਹੈ ਕਿ ਸਰਕਾਰ ਵੱਲੋਂ ਜਾਰੀ ਮੀਨੂ ਵਿਚ ਕੋਈ ਵੀ ਬਦਲਾਅ ਨਾ ਕੀਤਾ ਜਾਵੇ।ਕਿਹਾ ਗਿਆ ਹੈ ਕਿ ਜੇਕਰ ਖਾਣਾ ਪ੍ਰਦਾਨ ਕਰਨ ਵਿਚ ਕਿਸੇ ਵੀ ਤਰ੍ਹਾਂ ਦੀ ਅਣਗਹਿਲੀ ਪਾਈ ਜਾਂਦੀ ਹੈ ਤਾਂ ਇਸਦੀ ਨਿਰੋਲ ਜ਼ਿੰਮੇਵਾਰੀ ਸਕੂਲ ਮੁੱਖੀ ਦੀ ਹੋਵੇਗੀ। ਹਦਇਤਾਂ ਹਨ ਕਿ ਸਾਰੇ ਵਿਦਿਆਰਥੀਆਂ ਨੂੰ ਕਤਾਰ ਵਿਚ ਬਿਠਾ ਕੇ ਮਿੱਡ ਡੇ ਮੀਲ ਇੰਚਾਰਜ ਦੀ ਨਿਗਰਾਨੀ ਵਿਚ ਹੀ ਖਾਣਾ ਦਿੱਤਾ ਜਾਵੇ।ਵਿਭਾਗ ਵੱਲੋਂ ਜਾਰੀ ਤਬਦੀਲੀ ਤੋਂ ਬਾਅਦ ਮਿੱਡ-ਡੇ-ਮੀਲ ਯੂਨੀਅਨਾਂ ਨੇ ਵਿਰੋਧ ਕਰਦਿਆਂ ਪਹਿਲਾਂ ਉਨ੍ਹਾਂ ਦੀ ਤਨਖ਼ਾਹ ਵਧਾਉਣ ਦੀ ਮੰਗ ਕਰ ਦਿੱਤੀ ਹੈ।