Punjab
ਪੰਜਾਬ ਸਰਕਾਰ ਵੱਲੋਂ 116 ਸਕੂਲਾਂ ਦੇ ਖੇਡ ਬੁਨਿਆਦੀ ਢਾਂਚੇ ਦਾ ਪੱਧਰ ਉੱਚਾ ਚੁੱਕਣ ਲਈ ਤਿੰਨ ਕਰੋੜ ਰੁਪਏ ਜਾਰੀ
ਚੰਡੀਗੜ : ਪੰਜਾਬ ਸਰਕਾਰ ਵੱਲੋਂ ਸਕੂਲਾਂ ਦੇ ਖੇਡ ਬੁਨਿਆਦੀ ਢਾਂਚੇ ਨੂੰ ਬੇਹਤਰ ਬਨਾਉਣ ਦੀਆਂ ਲਗਤਾਰ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੇ ਹਿੱਸੇ ਵਜੋਂ 116 ਹੋਰ ਸਕੂਲਾਂ ਵਾਸਤੇ ਤਿੰਨ ਕਰੋੜ ਰੁਪਏ ਦੀ ਰਾਸ਼ੀ ਜਾਰੀ ਕਰ ਦਿੱਤੀ ਗਈ ਹੈ।
ਇਸ ਦੀ ਜਾਣਕਾਰੀ ਦਿੰਦੇ ਹੋਏ ਅੱਜ ਏਥੇ ਸਕੂਲ ਸਿੱਖਿਆ ਵਿਭਾਗ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਸਿੱਖਿਆ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਦੀ ਅਗਵਾਈ ਵਿੱਚ 13 ਹਜ਼ਾਰ ਤੋਂ ਵੱਧ ਸਕੂਲਾਂ ਨੂੰ ਸਮਾਰਟ ਸਕੂਲਾਂ ਵਿੱਚ ਬਦਲ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਸਕੂਲਾਂ ਵਿੱਚ ਖੇਡ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਬਨਾਉਣ ਲਈ ਵੀ ਮੁਹਿੰਮ ਆਰੰਭੀ ਗਈ ਹੈ। ਤਿੰਨ ਕਰੋੜ ਰੁਪਏ ਦੀ ਇਸ ਰਾਸ਼ੀ ਨਾਲ ਖੇਡ ਮੈਦਾਨਾਂ ਨੂੰ ਵਧੀਆ ਰੂਪ ਦਿੱਤਾ ਜਾਵੇਗਾ ਅਤੇ ਖਿਡਾਰੀਆਂ ਲਈ ਖੇਡ ਸਾਜੋ-ਸਮਾਨ ਖਰੀਦਿਆ ਜਾਵੇਗਾ।
ਇਸ ਦੇ ਨਾਲ ਹੀ ਸਿੱਖਿਆ ਵਿਭਾਗ ਨੇ ਖੇਡ ਫੰਡ ਦੀ ਵਰਤੋਂ ਸਬੰਧੀ ਜ਼ਿਲਾ ਸਿੱਖਿਆ ਅਫਸਰਾਂ ਨੂੰ ਹਦਾਇਤਾਂ ਵੀ ਜਾਰੀ ਕੀਤੀਆਂ ਹਨ ਤਾਂ ਜੋ ਇਸ ਨੂੰ ਖਰਚਣ ਸਬੰਧੀ ਵਧੇਰੇ ਪਾਰਦਰਸ਼ਤਾ ਲਿਆਂਦੀ ਜਾ ਸਕੇ। ਬੁਲਾਰੇ ਅਨੁਸਾਰ ਖੇਡ ਮੈਦਾਨਾਂ ਦੇ ਨਿਰਮਾਣ ਅਤੇ ਖੇਡ ਸਮਾਨ ਖਰੀਦਣ ਵਾਸਤੇ ਸਕੂਲਾਂ ਨੂੰ ਪੰਜ ਮੈਬਰੀ ਕਮੇਟੀ ਗਠਿਤ ਕਰਨ ਲਈ ਨਿਰਦੇਸ਼ ਦਿੱਤੇ ਗਏ ਹਨ ਜਿਨਾਂ ਵਿੱਚ ਇੱਕ ਸਕੂਲ ਮੁਖੀ, ਸਕੂਲ ਮੈਨੇਜਮੈਂਟ ਕਮੇਟੀਆਂ (ਐਸ.ਐਮ.ਸੀ.) ਦੇ ਦੋ ਮੈਂਬਰ ਅਤੇ ਸਕੂਲ ਅਧਿਆਪਕਾਂ ਵਿੱਚੋਂ ਦੋ ਮੈਂਬਰ ਲੈਣ ਲਈ ਵਿਵਸਥਾ ਕੀਤੀ ਗਈ ਹੈ।
ਜਿਸ ਸਕੂਲ ਵਿੱਚ ਖੇਡਾਂ ਨਾਲ ਸਬੰਧਿਤ ਅਧਿਆਪਕ ਕੰਮ ਕਰਦਾ ਹੈ, ਉਸ ਨੂੰ ਕਮੇਟੀ ਵਿੱਚ ਸ਼ਾਮਲ ਕਰਨ ਨੂੰ ਯਕੀਨੀ ਬਨਾਉਣ ਲਈ ਵੀ ਕਿਹਾ ਗਿਆ ਹੈ। ਬੁਲਾਰੇ ਅਨੁਸਾਰ ਖੇਡ ਮੈਦਾਨ ਦੀ ਤਿਆਰੀ ਕਰਨ ਤੋਂ ਪਹਿਲਾਂ ਤੋਂ ਲੈ ਕੇ ਕੰਮ ਦੇ ਮੁਕੰਮਲ ਹੋਣ ਤੱਕ ਦੀਆਂ ਸਾਰੀਆਂ ਫੋਟੋ ਲੈ ਕੇ ਇਨਾਂ ਨੂੰ ਸਕੂਲ ਦੇ ਰਿਕਾਰਡ ਵਿੱਚ ਰੱਖਣ ਲਈ ਵੀ ਆਖਿਆ ਗਿਆ ਹੈ।
ਬੁਲਾਰੇ ਅਨੁਸਾਰ ਖੇਡ ਮੈਦਾਨਾਂ ਦੀ ਤਿਆਰੀ ਦੇ ਕੰਮ ’ਤੇ ਨਜ਼ਰ ਰੱਖਣ ਅਤੇ ਖੇਡ ਦੇ ਸਮਾਨ ਦੀ ਖਰੀਦ ਸਮੇਂ ਡੀ.ਐਮ.ਸਪੋਰਟਸ/ਬੀ.ਐਮ. ਸਪੋਰਟਸ ਨੂੰ ਸਕੂਲ ਦਾ ਦੌਰਾ ਕਰਨ ਲਈ ਕਿਹਾ ਗਿਆ ਹੈ। ਇਸ ਦੇ ਨਾਲ ਹੀ ਅਧਿਕਾਰੀਆਂ ਨੂੰ ਨਿਯਮਾਂ ਦੀ ਸਖਤ ਪਾਲਣਾ ਕਰਨ ਵਾਸਤੇ ਨਿਰਦੇਸ਼ ਦਿੱਤੇ ਗਏ ਹਨ।