Punjab
ਫਿਰੋਜ਼ਪੁਰ ਜੇਲ੍ਹ ਪ੍ਰਸ਼ਾਸਨ ਨੇ ਸਮਾਜ ਸੇਵਾ ਬਹਾਨੇ ਕੈਦੀ ਨੂੰ ਪੰਜ ਮੋਬਾਈਲ ਭੇਜਣ ਦੀ ਯੋਜਨਾ ਦਾ ਭਾਂਡਾ ਭੰਨਿਆ
- ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕੋਰੋਨਾਵਾਇਰਸ ਦੇ ਮੱਦੇਨਜ਼ਰ ਗੈਰ ਸਮਾਜੀ ਤੱਤਾਂ ਦੀਆਂ ਗਤੀਵਿਧੀਆਂ ‘ਤੇ ਚੌਕਸ ਹੋਣ ਲਈ ਕਿਹਾ
- ਜੇਲ੍ਹ ਦੇ ਮੈਡੀਕਲ ਸਟਾਫ ਨੂੰ ਪੀ.ਪੀ.ਈ. ਕਿੱਟਾਂ, ਮਾਸਕ ਤੇ ਸੈਨੀਟਾਈਜ਼ਰ ਦੀ ਸੇਵਾ ਦੇਣ ਬਹਾਨੇ ਬੰਦੀ ਨੂੰ ਦੇਣਾ ਚਾਹੁੰਦੇ ਸਨ ਮੋਬਾਈਲ ਤੇ ਹੋਰ ਸਮਾਨ
ਚੰਡੀਗੜ੍ਹ, 20 ਅਪਰੈਲ: ਫਿਰੋਜ਼ਪੁਰ ਜੇਲ੍ਹ ਪ੍ਰਸ਼ਾਸਨ ਨੇ ਅੱਜ ਆਪਣੀ ਮੁਸਤੈਦੀ ਨਾਲ ਕੋਰੋਨਾਵਾਇਰਸ ਮਹਾਮਾਰੀ ਦੇ ਮੱਦੇਨਜ਼ਰ ਮੈਡੀਕਲ ਸਟਾਫ ਨੂੰ ਜ਼ਰੂਰੀ ਸਮਾਨ ਦੇਣ ਦੇ ਬਹਾਨੇ ਜੇਲ੍ਹ ਅੰਦਰ ਬੰਦ ‘ਏ’ ਕੈਟਾਗੇਰੀ ਦੇ ਗੈਂਗਸਟਰ ਨੂੰ ਪੰਜ ਮੋਬਾਈਲ ਫੋਨ ਤੇ ਹੋਰ ਸਮਾਨ ਭੇਜਣ ਦੀ ਸਕੀਮ ਦਾ ਭਾਂਡਾ ਭੰਨਿਆ। ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਜੇਲ੍ਹ ਵਿਭਾਗ ਦੇ ਅਧਿਕਾਰੀਆਂ ਤੇ ਜੇਲ੍ਹ ਵਿਚਲੇ ਸਟਾਫ ਨੂੰ ਕੋਰੋਨਾਵਾਇਰਸ ਮਹਾਮਾਰੀ ਦੇ ਚੱਲਦਿਆਂ ਚੌਕਸ ਰਹਿਣ ਦੇ ਆਦੇਸ਼ ਦਿੰਦਿਆਂ ਕਿਹਾ ਹੈ ਕਿ ਕੋਈ ਵੀ ਗੈਰ ਸਮਾਜੀ ਤੱਕ ਇਸ ਸਥਿਤੀ ਦਾ ਫਾਇਦਾ ਨਾ ਉਠਾ ਸਕੇ।
ਜੇਲ੍ਹ ਮੰਤਰੀ ਨੇ ਦੱਸਿਆ ਕਿ ਅੱਜ ਫਿਰੋਜ਼ਪੁਰ ਜੇਲ੍ਹ ਵਿੱਚ ਸੋਨੂੰ ਪੁਰੀ ਤੇ ਦੀਪਕ ਨਾਂ ਦੇ ਦੋ ਵਿਅਕਤੀ ਵਰਦੀ ਪਾਏ ਏ.ਐਸ.ਆਈ. ਰਾਕੇਸ਼ ਕੁਮਾਰ ਦੇ ਨਾਲ ਆਏ। ਇਨ੍ਹਾਂ ਨੇ ਜੇਲ੍ਹ ਸੁਪਰਡੈਂਟ ਅਰਵਿੰਦਰ ਪਾਲ ਸਿੰਘ ਨੂੰ ਦੱਸਿਆ ਕਿ ਉਹ ਕੋਰੋਨਾ ਮਹਾਮਾਰੀ ਦੇ ਕਾਰਨ ਜੇਲ੍ਹ ਵਿੱਚ ਮੈਡੀਕਲ ਸਟਾਫ ਲਈ 10 ਪੀ.ਪੀ.ਈ. ਕਿੱਟਾਂ, 1500 ਮਾਸਕ ਤੇ 1000 ਸੈਨੀਟਾਈਜ਼ਰ ਦੀਆਂ ਬੋਤਲਾਂ ਦੇਣ ਆਏ ਹਨ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜੇਲ• ਵਿੱਚ ਬੰਦ ਉਨ੍ਹਾਂ ਦੇ ਇਕ ਸਾਥੀ ਨੂੰ ਉਹ ਪ੍ਰੋਟੀਨ ਪਾਊਡਰ, ਕਸਰਤ ਲਈ ਡੰਬਲ ਅਤੇ ਕੈਰਮ ਬੋਰਡ ਦੇਣਾ ਚਾਹੁੰਦੇ ਹਨ।
ਜੇਲ੍ਹ ਮੰਤਰੀ ਰੰਧਾਵਾ ਨੇ ਦੱਸਿਆ ਕਿ ਜੇਲ੍ਹ ਸੁਪਰਡੈਂਟ ਨੂੰ ਜਦੋਂ ਪਤਾ ਚੱਲਿਆ ਕਿ ਉਨ੍ਹਾਂ ਵਿਅਕਤੀਆਂ ਦਾ ਸਾਥੀ ਹਵਾਲਾਤੀ ਦੀਪਕ ‘ਏ’ ਕੈਟਾਗਰੀ ਦਾ ਗੈਂਗਸਟਰ ਹੈ ਅਤੇ ਜੇਲ੍ਹ ਦੇ ਉਚ ਸੁਰੱਖਿਆ ਜ਼ੋਨ ਵਿਚ ਬੰਦ ਹੈ ਤਾਂ ਉਸ ਨੂੰ ਸ਼ੱਕ ਪਿਆ। ਜੇਲ੍ਹ ਸੁਪਰਡੈਂਟ ਨੇ ਡਿਪਟੀ ਸੁਪਰਡੈਂਟ ਇਕਬਾਲ ਸਿੰਘ ਬਰਾੜ ਨੂੰ ਕੈਰਮ ਬੋਰਡ ਚੰਗੀ ਤਰ੍ਹਾਂ ਚੈਕ ਕਰਨ ਲਈ ਕਿਹਾ ਅਤੇ ਇਸ ਤਲਾਸ਼ੀ ਦੌਰਾਨ ਉਸ ਨੂੰ ਕੈਰਮ ਬੋਰਡ ਵਿਚ ਵੱਖ-ਵੱਖ ਖਾਨੇ ਬਣਾ ਕੇ 5 ਮੋਬਾਈਲ, 2 ਚਾਰਜਰ, 3 ਈਅਰਫ਼ੋਨ ਅਤੇ 2 ਡਾਟਾ ਕੇਬਲ ਬਰਾਮਦ ਕੀਤੇ ਜੋ ਗੈਗਸਟਰ ਹਵਾਲਾਤੀ ਬੰਦੀ ਤੱਕ ਪਹੁੰਚਾਉਣਾ ਚਾਹੁੰਦੇ ਸਨ। ਇਸ ਤੋਂ ਬਾਅਦ ਕੋਸ਼ਿਸ਼ ਕਰਨ ‘ਤੇ ਪਤਾ ਲੱਗਿਆ ਕਿ ਉਨ੍ਹਾਂ ਦੀ ਕੋਈ ਵੀ ਸਮਾਜ ਸੇਵੀ ਸੰਸਥਾ ਨਹੀਂ ਸੀ। ਜੇਲ੍ਹ ਸੁਪਰਡੈਂਟ ਨੇ ਏ.ਐਸ.ਆਈ. ਅਤੇ ਇਨ੍ਹਾਂ ਵਿਅਕਤੀਆਂ ‘ਤੇ ਪੁਲਿਸ ਕਾਰਵਾਈ ਕਰਨ ਲਈ ਥਾਣਾ ਸਿਟੀ ਫਿਰੋਜ਼ਪੁਰ ਨੂੰ ਲਿਖ ਕੇ ਭੇਜ ਦਿੱਤਾ।