Uncategorized
ਪ੍ਰਸ਼ਾਤ ਕਿਸ਼ੋਰ ਦਾ ਨਾਮ ਵਰਤਣ ਵਾਲੇ ਅਣਪਛਾਤੇ ਵਿਅਕਤੀਆਂ ਖਿਲਾਫ਼ ਅਪਰਾਧਕ ਪੰਜਾਬ ਪੁਲਿਸ ਵੱਲੋਂ ਮਾਮਲਾ ਦਰਜ
ਪੰਜਾਬ ਪੁਲਿਸ ਨੇ ਰਾਜਨੀਤਿਕ ਰਣਨੀਤੀਕਾਰ ਅਤੇ ਪੰਜਾਬ ਦੇ ਮੁੱਖ ਮੰਤਰੀ ਦੇ ਪ੍ਰਮੁੱਖ ਸਲਾਹਕਾਰ ਪ੍ਰਸ਼ਾਂਤ ਕਿਸ਼ੋਰ ਦਾ ਭੇਸ ਧਾਰਨ ਕਰਨ ਤੇ ਉਨਾਂ ਦੇ ਨਾਮ ਦੀ ਵਰਤੋਂ ਕਰਕੇ ਕੁਝ ਰਾਜਨੀਤਿਕ ਆਗੂਆਂ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਰੁੱਧ ਭੜਕਾਉਣ ਲਈ ਅਣਪਛਾਤੇ ਵਿਅਕਤੀਆਂ ਖਿਲਾਫ ਅਪਰਾਧਕ ਮਾਮਲਾ ਦਰਜ ਕੀਤਾ ਹੈ। ਉਕਤ ਅਣਪਛਾਤੇ ਵਿਅਕਤੀ ਪ੍ਰਸ਼ਾਂਤ ਕਿਸ਼ੋਰ ਬਣ ਕੇ ਪਿਛਲੇ 5-7 ਦਿਨਾਂ ਤੋਂ ਰਾਜਨੀਤਿਕ ਨੇਤਾਵਾਂ ਅਤੇ ਲੋਕ ਨੁਮਾਇੰਦਿਆਂ ਨੂੰ ਫੋਨ ਕਰ ਰਹੇ ਸਨ। ਫੋਨ ਕਾਲਾਂ ਕਰਨ ਵਾਲੇ ਇਹ ਅਣਪਛਾਤੇ ਵਿਅਕਤੀ ਪ੍ਰਸ਼ਾਂਤ ਕਿਸ਼ੋਰ ਬਣ ਕੇ ਕਥਿਤ ਤੌਰ ’ਤੇ ਪੰਜਾਬ ਦੇ ਮੁੱਖ ਮੰਤਰੀ ਖਿਲਾਫ ਜਨਤਕ ਬਿਆਨਬਾਜ਼ੀ ਕਰਨ ਅਤੇ ਉਨਾਂ ਦੀ ਲੀਡਰਸ਼ਿਪ ਦੀ ਆਲੋਚਨਾ ਕਰਨ ਲਈ ਸਿਆਸਤਦਾਨਾਂ ਨੂੰ ਉਕਸਾ ਰਹੇ ਸਨ।
ਪ੍ਰਸ਼ਾਂਤ ਕਿਸ਼ੋਰ ਹੋਣ ਦਾ ਦਾਅਵਾ ਕਰਨ ਵਾਲੇ ਇਹ ਕਾਲਰ ਸਪੱਸ਼ਟ ਤੌਰ ’ਤੇ ਰਾਜਨੀਤਿਕ ਨੇਤਾਵਾਂ ਆਦਿ ਨੂੰ ਇਹ ਭਰੋਸਾ ਦਿਵਾਉਂਦੇ ਰਹੇ ਹਨ ਕਿ ਜੇ ਉਹ ਉਨਾਂ ਦੀ ਸਲਾਹ ’ਤੇ ਅਮਲ ਕਰਦੇ ਹਨ ਤਾਂ ਉਹ ਦਿੱਲੀ ਵਿਚ ਕਾਂਗਰਸ ਹਾਈ ਕਮਾਂਡ ਕੋਲ ਮੁੱਦਾ ਉਠਾਉਣਗੇ। ਫੋਨ ਕਾਲਾਂ ਕਰਨ ਵਾਲੇ ਅਣਪਛਾਤੇ ਵਿਅਕਤੀਆਂ ਖਿਲਾਫ਼ ਆਈਪੀਸੀ ਦੀ ਧਾਰਾ 416, 419, 420, 109, 120-ਬੀ ਅਤੇ ਆਈਟੀ ਐਕਟ, 2000 ਦੀ ਧਾਰਾ 66-ਡੀ ਦੇ ਤਹਿਤ ਪੁਲਿਸ ਥਾਣਾ ਡਵੀਜ਼ਨ ਨੰ. 6 ਕਸ਼ਿਨਰੇਟ ਆਫ਼ ਪੁਲਿਸ, ਲੁਧਿਆਣਾ ਵਿਖੇ ਅਪਰਾਧਕ ਮਾਮਲਾ ਦਰਜ ਕਰ ਲਿਆ ਗਿਆ ਹੈ।