Punjab
ਪੱਤਰਕਾਰ ਦਵਿੰਦਰਪਾਲ ਨਾਲ ਚੰਡੀਗੜ੍ਹ ਪੁਲੀਸ ਵੱਲੋਂ ਕੀਤੇ ਸਲੂਕ ਦੀ ਸੀ.ਪੀ.ਯੂ.ਜੇ ਵੱਲੋਂ ਨਿੰਦਾ

ਚੰਡੀਗੜ੍ਹ, 19 ਅਪ੍ਰੈਲ: ਚੰਡੀਗੜ੍ਹ ਪੰਜਾਬ ਯੂਨੀਅਨ ਆਫ ਜਰਨਾਲਿਸਟ (ਸੀ.ਪੀ.ਯੂ.ਜੇ) ਨੇ ਚੰਡੀਗੜ੍ਹ ਪੁਲੀਸ ਵੱਲੋਂ ਪੰਜਾਬੀ ਟ੍ਰਿਬਿਊਨ ਦੇ ਸੀਨੀਅਰ ਪੱਤਰਕਾਰ ਦਵਿੰਦਰ ਪਾਲ ਨਾਲ ਕੀਤੇ ਗਏ ਗ਼ਲਤ ਵਰਤਾਰੇ ਦੀ ਨਿੰਦਾ ਕੀਤੀ ਹੈ।
ਯੂਨੀਅਨ ਦੇ ਪ੍ਰਧਾਨ ਵਿਨੋਦ ਕੋਹਲੀ , ਜਰਨਲ ਸਕੱਤਰ ਨਵੀਨ ਸ਼ਰਮਾ ਅਤੇ ਪ੍ਰਬੰਧਕ ਸਕੱਤਰ ਬਲਜੀਤ ਮਰਵਾਹਾ ਸਮੇਤ ਸਾਰੇ ਮੈਂਬਰਾਂ ਨੇ ਚੰਡੀਗੜ੍ਹ ਦੇ ਪ੍ਰਸ਼ਾਸ਼ਕ ਤੋਂ ਮੰਗ ਕੀਤੀ ਹੈ ਕਿ ਪੱਤਰਕਾਰ ਦਵਿੰਦਰਪਾਲ ਨਾਲ ਬਦਸਲੂਕੀ ਕਰਨ ਵਾਲੇ ਸਬੰਧਤ ਪੁਲੀਸ ਅਧਿਕਾਰੀ ਤੇ ਹੋਰਨਾਂ ਵਿਰੁੱਧ ਕਾਰਵਾਈ ਕੀਤੀ ਜਾਵੇ।
ਇਸ ਤੋਂ ਪਹਿਲਾਂ ਜਨਵਰੀ ਮਹੀਨੇ ਵਿੱਚ ਸੀਨੀਅਰ ਪੱਤਰਕਾਰ ਬਲਜੀਤ ਮਰਵਾਹਾ ਨੂੰ ਮਿਲੀ ਧਮਕੀ ਮਾਮਲੇ ਵਿੱਚ ਵੀ ਚੰਡੀਗੜ੍ਹ ਪੁਲਿਸ ਵਲੋਂ ਕਾਰਵਾਈ ਨਾ ਕਰਨ ਦੀ ਨਿੰਦਾ ਕੀਤੀ ਗਈ ।
ਦੱਸਣਯੋਗ ਹੈ ਕਿ 18 ਅਪ੍ਰੈਲ 2020 ਨੂੰ ਚੰਡੀਗੜ੍ਹ ਪੁਲੀਸ ਨੇ ਸੀਨੀਅਰ ਪੱਤਰਕਾਰ ਨੂੰ ਉਸ ਸਮੇਂ ਧੱਕੇ ਨਾਲ ਗੱਡੀ ਵਿੱਚ ਸੁਟ ਲਿਆ ਸੀ ਜਦੋਂ ਉਹ ਆਪਣੇ ਦਫ਼ਤਰ ਨੂੰ ਜਾ ਰਹੇ ਸਨ ,ਉਹਨਾਂ ਵਲੋਂ ਪ੍ਰੈੱਸ ਦਾ ਸ਼ਨਾਖ਼ਤੀ ਕਾਰਡ ਦਿਖਾਉਣ ਦੇ ਬਾਵਜੂਦ ਵੀ ਪੁਲੀਸ ਵੱਲੋਂ ਮਾੜਾ ਵਰਤਾਉ ਕੀਤਾ ਗਿਆ।
ਇਸ ਦੇ ਨਾਲ ਹੀ ਸੀਨੀਅਰ ਪੱਤਰਕਾਰ ਗੁਰਉਪਦੇਸ਼ ਭੁੱਲਰ ਨੂੰ ਲੁੱਟਣ ਵਾਲਿਆਂ ਨੂੰ ਗ੍ਰਿਫਤਾਰ ਕਰਨ ਦੀ ਮੰਗ ਵੀ ਯੂਨੀਅਨ ਨੇ ਕੀਤੀ ਹੈ । ਯੂਨੀਅਨ ਨੇ ਕਿਹਾ ਕਿ ਕਰੋਨਾ ਮਹਾਂਮਾਰੀ ਦੇ ਭਿਆਨਕ ਦੌਰ ਵਿੱਚ ਮੀਡੀਆ ਪ੍ਰਸ਼ਾਸਨ ਦੇ ਨਾਲ ਡਿਊਟੀ ਨਿਭਾ ਰਿਹਾ ਹੈ। ਪਰ ਅਜਿਹੇ ਹਾਲਾਤਾਂ ਵਿੱਚ ਪੁਲੀਸ ਦੀ ਇਸ ਹਰਕਤ ਨੂੰ ਨਜ਼ਰਅੰਦਾਜ਼ ਅਤੇ ਸੁਰੱਖਿਆ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ ਹੈ ।