Connect with us

Punjab

ਪੰਜਾਬ ਹੁਨਰ ਵਿਕਾਸ ਮਿਸ਼ਨ ਵਿਖੇ ‘ਕਾਲ ਸੈਂਟਰਾਂ/ਬੀਪੀਓ ਇੰਡਸਟਰੀ ਵਿੱਚ ਕਰੀਅਰ’ ਵਿਸ਼ੇ ‘ਤੇ ਪ੍ਰੋਗਰਾਮ ਕਰਵਾਇਆ

Published

on

ਚੰਡੀਗੜ੍ਹ: ਪੰਜਾਬ ਘਰ-ਘਰ ਰੋਜ਼ਗਾਰ ਅਤੇ ਕਾਰੋਬਾਰ ਮਿਸ਼ਨ (ਪੀ.ਜੀ.ਆਰ.ਕੇ.ਐਮ.) ਅਤੇ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਤੇ ਸਿਖਲਾਈ ਵਿਭਾਗ ਵੱਲੋਂ ਵੱਖ-ਵੱਖ ਖੇਤਰਾਂ ਵਿੱਚ ਰੋਜ਼ਗਾਰ ਅਤੇ ਕਰੀਅਰ ਦੇ ਮੌਕਿਆਂ ਬਾਰੇ ਪਹਿਲਕਦਮੀ “ਕਰੀਅਰ ਟਾਕ” ਨੂੰ ਅੱਗੇ ਵਧਾਉਂਦਿਆਂ ਪੰਜਾਬ ਹੁਨਰ ਵਿਕਾਸ ਮਿਸ਼ਨ ਦਫਤਰ ਵਿਖੇ ਅੱਜ ‘ਕਾਲ ਸੈਂਟਰਾਂ/ਬੀ.ਪੀ.ਓ. ਇੰਡਸਟਰੀ ਵਿੱਚ ਕਰੀਅਰ’ ਵਿਸ਼ੇ ‘ਤੇ ਸਮਾਗਮ ਦਾ ਤੀਜਾ ਦੌਰ ਆਯੋਜਨ ਕੀਤਾ ਗਿਆ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਵਿਭਾਗ ਦੇ ਡਾਇਰੈਕਟਰ ਜਨਰਲ ਦੀਪਤੀ ਉੱਪਲ ਨੇ ਦੱਸਿਆ ਕਿ ਇਸ ਸਮਾਗਮ ਦਾ ਉਦੇਸ਼ ਮਾਹਿਰਾਂ ਦੀ ਸਲਾਹ ਨਾਲ ਪੰਜਾਬ ਦੇ ਨੌਜਵਾਨਾਂ ਨੂੰ ਕਾਲ ਸੈਂਟਰਾਂ/ਬੀਪੀਓ ਇੰਡਸਟਰੀ ਵਿੱਚ ਆਪਣਾ ਕੈਰੀਅਰ ਬਣਾਉਣ ਅਤੇ ਰੁਜ਼ਗਾਰ ਦੇ ਮੌਕਿਆਂ ਵਿੱਚ ਵਾਧਾ ਕਰਨ ਵਿੱਚ ਸਹਾਇਤਾ ਕਰਨਾ ਹੈ। ਕਰੀਅਰ ਟਾਕ ਦੌਰਾਨ ਕੈਰੀਅਰ ਸਬੰਧੀ ਕਈ ਗੱਲਾਂ ‘ਤੇ ਧਿਆਨ ਕੇਂਦਰਿਤ ਕੀਤਾ ਗਿਆ ਜਿਹਨਾਂ ਵਿੱਚ ਕਾਲ ਸੈਂਟਰਾਂ/ਬੀਪੀਓ ਇੰਡਸਟਰੀ ਵਿੱਚ 10ਵੀਂ, 12ਵੀਂ ਜਾਂ ਗ੍ਰੈਜੂਏਟ ਉਮੀਦਵਾਰ ਆਪਣਾ ਕੈਰੀਅਰ ਬਣਾ ਸਕਦੇ ਹਨ, ਇਸ ਉਦਯੋਗ ਵਿੱਚ ਕੰਮ ਕਰਨ ਦੇ ਲਾਭ ਤੇ ਹਾਨੀਆਂ ਅਤੇ ਭਵਿੱਖੀ ਸੰਭਾਵਨਾਵਾਂ ਸ਼ਾਮਲ ਹਨ।

ਸਮਾਗਮ ਦੌਰਾਨ, ਬੈਸਟ ਬੇ ਟਰੱਕਿੰਗ ਐਂਡ ਬੈਸਟ ਬੇ ਲੋਜਿਸਟਿਕਸ ਐਂਡ ਐਸਆਰਪੀ ਡਿਜੀਟਲ ਸਰਵਿਸਿਜ਼ ਅਤੇ ਐਸਆਰਪੀ ਯੂਐਸ ਲੌਜਿਸਟਿਕਸ ਪ੍ਰਾਈਵੇਟ ਲਿਮਿਟਡ ਦੇ ਪ੍ਰਧਾਨ ਰਾਜਵਿੰਦਰ ਸਿੰਘ ਬੋਪਾਰਾਏ ਨੇ ਪੀ.ਜੀ.ਆਰ.ਕੇ.ਏ.ਐਮ ਦੇ ਅਧਿਕਾਰਤ ਫੇਸਬੁੱਕ ਪੇਜ ਰਾਹੀਂ ਪੰਜਾਬ ਦੇ ਨੌਜਵਾਨਾਂ ਨੂੰ ਲਾਈਵ ਸੰਬੋਧਿਤ ਕੀਤਾ ਅਤੇ ਉਦਯੋਗ ਬਾਰੇ ਜਾਣਕਾਰੀ ਸਾਂਝੀ ਕਰਨ ਦੇ ਨਾਲ-ਨਾਲ ਇਸ ਉਦਯੋਗ ਨਾਲ ਜੁੜੀਆਂ ਮਿੱਥਾਂ ਨੂੰ ਨਕਾਰਦਿਆਂ ਲੰਬੇ ਅਤੇ ਦੇਰ ਰਾਤ ਕੰਮ ਕਰਨ ਦੇ ਘੰਟੇ ਅਤੇ ਕੰਮ ਤੇ ਜੀਵਨ ਵਿੱਚ ਸੰਤੁਲਨ ਬਣਾਈ ਰੱਖਣ ਬਾਰੇ ਵੀ ਚਾਨਣਾ ਪਾਇਆ।

ਇਸ ਦੇ ਨਾਲ ਹੀ ਬੀਪੀਓਜ਼ ਅਤੇ ਕਾਲ ਸੈਂਟਰਾਂ ਵਿੱਚਲੇ ਅੰਤਰ ਵੀ ਉਜਾਗਰ ਕੀਤਾ ਗਿਆ। ਇਸ ਉਦਯੋਗ ਵਿੱਚ ਕੰਮ ਕਰਨ ਵਾਲੇ ਉਮੀਦਵਾਰਾਂ ਨੇ ਨੌਜਵਾਨਾਂ ਨੂੰ ਸਖ਼ਤ ਮਿਹਨਤ ਕਰਨ ਅਤੇ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਪ੍ਰੇਰਿਤ ਕਰਨ ਵਾਸਤੇ ਆਪਣੀਆਂ ਸਫਲਤਾ ਦੀਆਂ ਕਹਾਣੀਆਂ ਵੀ ਸਾਂਝੀਆਂ ਕੀਤੀਆਂ। ਪੰਜਾਬ ਦੇ 23 ਜ਼ਿਲ੍ਹਾ ਰੋਜ਼ਗਾਰ ਅਤੇ ਉੱਦਮ ਬਿਊਰੋ, ਪੋਲੀਟੈਕਨਿਕ ਸੰਸਥਾਵਾਂ ਅਤੇ ਕਾਲਜਾਂ ਤੋਂ ਇਲਾਵਾ ਲਗਭਗ 4000 ਉਮੀਦਵਾਰ ਫੇਸਬੁੱਕ ਲਾਈਵ ਸੈਸ਼ਨ ਵਿੱਚ ਸ਼ਾਮਲ ਹੋਏ।

ਡੀ.ਈ.ਜੀ.ਐਸ.ਡੀ.ਟੀ. ਦੇ ਵਧੀਕ ਮਿਸ਼ਨ ਡਾਇਰੈਕਟਰ ਰਾਜੇਸ਼ ਤ੍ਰਿਪਾਠੀ ਨੇ ਪੰਜਾਬ ਦੇ ਨੌਜਵਾਨਾਂ ਨੂੰ ਸੇਧ ਦੇਣ ਲਈ ਆਪਣਾ ਕੀਮਤੀ ਸਮਾਂ ਕੱਢਣ ਲਈ ਬੋਪਾਰਾਏ ਦਾ ਧੰਨਵਾਦ ਕੀਤਾ। ਸੈਸ਼ਨ ਦੀ ਰਿਕਾਰਡਿੰਗ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਵਿਭਾਗ ਦੇ ਫੇਸਬੁੱਕ ਪੇਜ ‘ਤੇ ਵੀ ਉਪਲਬਧ ਹੈ।