Punjab
ਸੰਤ ਸੀਚੇਵਾਲ ਦੇ ਯਤਨਾਂ ਸਦਕਾ 5 ਸਾਲਾਂ ਬਾਅਦ ਮਨੀਲਾ ਜੇਲ ਤੋਂ ਘਰ ਪਰਤਿਆ ਪੰਜਾਬੀ…

ਸੁਲਤਾਨਪੁਰ ਲੋਧੀ 25ਸਤੰਬਰ 2023 : ਵਾਤਾਵਰਣ ਪ੍ਰੇਮੀ ਅਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਯਤਨਾਂ ਸਦਕਾ ਕਪੂਰਥਲਾ ਵਾਸੀ ਬਲਦੇਵ ਸਿੰਘ 5 ਸਾਲਾਂ ਬਾਅਦ ਆਪਣੇ ਵਤਨ ਪਰਤ ਆਇਆ ਹੈ।ਬਲਦੇਵ ਸਿੰਘ ਜੋ ਕਿ 2018 ਵਿੱਚ 15 ਦਿਨਾਂ ਲਈ ਟੂਰਿਸਟ ਵੀਜ਼ੇ ’ਤੇ ਮਨੀਲਾ ਗਿਆ ਸੀ। ਭਾਰਤ ਪਰਤਦੇ ਸਮੇਂ ਏਅਰਪੋਰਟ ‘ਤੇ ਗ੍ਰਿਫਤਾਰ ਕੀਤਾ ਗਿਆ।ਇਮੀਗ੍ਰੇਸ਼ਨ ਅਤੇ ਪੁਲਿਸ ਨੇ ਜਹਾਜ਼ ਤੋਂ ਉਤਾਰਿਆ। ਉਸ ਨੂੰ ਬਲਦੇਵ ਸਿੰਘ ਨਾਂ ਦੇ ਇੱਕ ਹੋਰ ਵਿਅਕਤੀ ਵੱਲੋਂ ਲਾਏ ਦੋਸ਼ਾਂ ਦੇ ਆਧਾਰ ’ਤੇ 2 ਕੇਸਾਂ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ਨੂੰ ਇਸ ਗੱਲ ਦਾ ਕੋਈ ਅੰਦਾਜ਼ਾ ਨਹੀਂ ਸੀ ਕਿ ਉਸ ਦਾ 15 ਦਿਨਾਂ ਦਾ ਸਫ਼ਰ ਸੁਣਵਾਈ ਦੌਰਾਨ ਉਸ ਦਾ ਨਾਂ ਨੱਪਣ ਨਾਲ 5 ਸਾਲ ਦੀ ਜੇਲ੍ਹ ਵਿਚ ਬਦਲ ਜਾਵੇਗਾ। ਸਥਾਨਕ ਭਾਸ਼ਾ ਨਾ ਜਾਣ ਕੇ ਅਣਜਾਣੇ ਵਿੱਚ ਕਬੂਲ ਕੀਤੇ ਗਏ ਇਸ ਜੁਰਮ ਨੇ ਉਸ ਨੂੰ ਬੇਕਸੂਰ ਹੋਣ ਦੇ ਬਾਵਜੂਦ ਸਜ਼ਾ ਦਾ ਪਾਤਰ ਬਣਾ ਦਿੱਤਾ।
ਪਰਿਵਾਰ ਨੇ ਇਹ ਸਾਰਾ ਕੁਝ ਵਾਤਾਵਰਣ ਪ੍ਰੇਮੀ ਅਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਧਿਆਨ ਵਿੱਚ ਲਿਆਂਦਾ, ਜਿਨ੍ਹਾਂ ਨੇ ਇਸ ਮਾਮਲੇ ਦੀ ਲਗਾਤਾਰ ਪੈਰਵੀ ਕੀਤੀ। ਇਸ ਕਾਰਨ ਉਹ 5 ਸਾਲ ਬਾਅਦ ਆਪਣੇ ਪਰਿਵਾਰ ਕੋਲ ਪਰਤਿਆ ਹੈ। ਇਸ ਸਦਮੇ ਨੇ ਉਸ ਦੀ ਮਾਨਸਿਕ ਸਥਿਤੀ ‘ਤੇ ਅਜਿਹਾ ਪ੍ਰਭਾਵ ਪਾਇਆ ਹੈ ਕਿ ਉਸ ਲਈ ਕੁਝ ਵੀ ਸਹੀ ਤਰ੍ਹਾਂ ਕਹਿਣਾ ਬਹੁਤ ਮੁਸ਼ਕਲ ਹੈ। ਬਲਦੇਵ ਸਿੰਘ ਨੂੰ ਇਹ ਵੀ ਯਾਦ ਨਹੀਂ ਸੀ ਕਿ ਉਹ ਉਥੇ ਕਿੰਨੇ ਦਿਨ ਜੇਲ੍ਹ ਵਿਚ ਰਿਹਾ। ਐਤਵਾਰ ਨੂੰ ਉਨ੍ਹਾਂ ਦੇ ਨਾਲ ਨਿਰਮਲ ਕੁਟੀਆ ਵਿਖੇ ਆਏ ਬਲਦੇਵ ਸਿੰਘ ਦੇ ਬੇਟੇ ਅਤੇ ਬੇਟੀ ਨੇ ਸੰਤ ਸੀਚੇਵਾਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਲਗਾਤਾਰ ਯਤਨਾਂ ਸਦਕਾ ਹੀ ਅੱਜ ਉਨ੍ਹਾਂ ਦੇ ਪਿਤਾ ਬਲਦੇਵ ਸਿੰਘ ਪਰਿਵਾਰ ਤੱਕ ਪਹੁੰਚ ਸਕੇ ਹਨ। ਬਲਦੇਵ ਸਿੰਘ ਦੇ ਬੱਚਿਆਂ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਆਪਣੇ ਕਾਰੋਬਾਰ ਨੂੰ ਵਧਾਉਣ ਦੇ ਤਰੀਕੇ ਲੱਭਣ ਲਈ ਹੀ ਮਨੀਲਾ ਗਏ ਸਨ।
ਸੰਤ ਸੀਚੇਵਾਲ ਨੇ ਮਨੀਲਾ ਸਥਿਤ ਭਾਰਤੀ ਦੂਤਾਵਾਸ ਅਤੇ ਭਾਰਤੀ ਪਰਵਾਸੀ ਜਗਮੋਹਨ ਸਿੰਘ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਸਹਿਯੋਗ ਸਦਕਾ ਹੀ ਬਲਦੇਵ ਸਿੰਘ ਘਰ ਪਰਤਿਆ ਹੈ। ਉਨ੍ਹਾਂ ਕਿਹਾ ਕਿ ਇਹ ਵਾਪਸੀ ਪਹਿਲਾਂ ਵੀ ਹੋ ਸਕਦੀ ਸੀ ਪਰ ਕਰੋਨਾ ਕਾਰਨ ਇਸ ਵਿੱਚ ਕਾਫੀ ਸਮਾਂ ਲੱਗ ਗਿਆ। ਸੰਤ ਸੀਚੇਵਾਲ ਨੇ ਦੱਸਿਆ ਕਿ ਇਸ ਵਾਰ ਰਾਜ ਸਭਾ ਮੈਂਬਰ ਬਣਨ ਤੋਂ ਬਾਅਦ ਉਨ੍ਹਾਂ ਨੇ ਉਥੇ ਭਾਰਤੀ ਰਾਜਦੂਤ ਸ਼ੰਭੂ ਸ. ਕੁਮਾਰਨ ਨੂੰ ਵੀ ਮਿਲ ਕੇ ਇਹ ਮੁੱਦਾ ਉਠਾਇਆ ਸੀ।