Connect with us

Punjab

ਮਾਛੀਵਾਡ਼ਾ ਦੀਆਂ ਝੁੱਗੀਆਂ ‘ਚ ਤਿਆਰ ਹੁੰਦਾ ਮਿਲਾਵਟੀ ਸ਼ੁੱਧ ਦੇਸੀ ਸ਼ਹਿਦ

Published

on

31ਦਸੰਬਰ 2023:  ਸਰਦੀਆਂ ਵਿਚ ਸ਼ੁੱਧ ਦੇਸੀ ਸ਼ਹਿਦ ਸਿਹਤ ਲਈ ਬੇਹੱਦ ਲਾਭਦਾਇਕ ਹੁੰਦਾ ਹੈ ਪਰ ਇਹੀ ਸ਼ਹਿਦ ਜੇਕਰ ਤੁਹਾਨੂੰ ਮਿਲਾਵਟ ਵਾਲਾ ਮਿਲੇ ਤਾਂ ਉਹ ਬੇਹੱਦ ਘਾਤਕ ਸਿੱਧ ਵੀ ਹੋ ਸਕਦਾ ਹੈ ਅਤੇ ਬੜੀ ਹੈਰਾਨੀ ਦੀ ਗੱਲ ਹੈ ਕਿ ਇਹ ਮਿਲਾਵਟ ਵਾਲਾ ਸ਼ੁੱਧ ਦੇਸੀ ਸ਼ਹਿਦ ਮਾਛੀਵਾਡ਼ਾ ਦੀਆਂ ਝੁੱਗੀਆਂ ਵਿਚ ਹੀ ਤਿਆਰ ਕੀਤਾ ਜਾ ਰਿਹਾ ਹੈ। ਬਾਹਰਲੇ ਸੂਬਿਆਂ ਤੋਂ ਮਾਛੀਵਾਡ਼ਾ ਵਿਖੇ ਹੀ ਝੁੱਗੀਆਂ ਬਣਾ ਕੇ ਰਹਿ ਰਹੇ ਕੁਝ ਲੋਕ ਜੋ ਕਿ ਪਿੰਡਾਂ ਵਿਚ ਜਾ ਕੇ ਸ਼ੁੱਧ ਦੇਸੀ ਸ਼ਹਿਦ ਵੇਚਣ ਦਾ ਕੰਮ ਕਰਦੇ ਹਨ, ਅੱਜ ਉਨ੍ਹਾਂ ਦਾ ਭਾਂਡਾ ਉਸ ਸਮੇਂ ਭੰਨਿਆ ਗਿਆ ਜਦੋਂ ਲੋਕਾਂ ਨੇ ਉਨ੍ਹਾਂ ਨੂੰ ਇਹ ਮਿਲਾਵਟੀ ਸ਼ਹਿਦ ਸਮੇਤ ਕਾਬੂ ਕਰ ਲਿਆ। ਹਲਕਾ ਸਮਰਾਲਾ ਦੇ ਇੱਕ ਪਿੰਡ ਵਿਚ ਇਹ ਸ਼ਹਿਦ ਵੇਚਣ ਵਾਲਾ ਵਿਅਕਤੀ ਬਡ਼ੇ ਦਾਅਵੇ ਨਾਲ ਲੋਕਾਂ ਨੂੰ ਕਹਿ ਰਿਹਾ ਸੀ ਕਿ ਉਸਨੇ 2 ਦਿਨ ਪਹਿਲਾਂ ਹੀ ਮਧੂ-ਮੱਖੀਆਂ ਦੇ ਛੱਤੇ ’ਚੋਂ ਤਾਜ਼ਾ ਸ਼ੁੱਧ ਸ਼ਹਿਦ ਚੋਇਆ ਹੈ ਅਤੇ ਉਹ ਕੰਪਨੀਆਂ ਦੇ ਡੱਬਾ ਬੰਦ ਸ਼ਹਿਦ ਨਾਲੋਂ ਸਸਤਾ ਵੇਚ ਰਿਹਾ ਹੈ। ਸ਼ਹਿਦ ਖਰੀਦਣ ਵਾਲੇ ਇੱਕ ਨੌਜਵਾਨ ਨੂੰ ਸ਼ੱਕ ਹੋਇਆ ਕਿ ਇਹ ਮਿਲਾਵਟੀ ਹੈ ਤਾਂ ਉਸਨੇ ਤੁਰੰਤ ਜੋ ਨੇਡ਼੍ਹੇ ਹੀ ਵਗਦੀ ਸਰਹਿੰਦ ਨਹਿਰ ਕਿਨਾਰੇ ਮਧੂ ਮੱਖੀਆਂ ਪਾਲਣ ਕਰ ਸ਼ੁੱਧ ਸ਼ਹਿਦ ਵੇਚਦੇ ਹਨ ਉਸ ਕੋਲ ਜਾਂਚ ਲਈ ਲੈ ਗਿਆ। ਇਹ ਸ਼ੁੱਧ ਸ਼ਹਿਦ ਬੇਹੱਦ ਹੀ ਮਿਲਾਵਟੀ ਨਿਕਲਿਆ ਕਿਉਂਕਿ ਜਦੋਂ ਲੋਕਾਂ ਨੇ ਇਸ ਸ਼ਹਿਦ ਵੇਚਣ ਵਾਲੇ ਨੂੰ ਸਖ਼ਤੀ ਨਾਲ ਪੁੱਛਿਆ ਤਾਂ ਉਸਨੇ ਬਡ਼ੇ ਹੀ ਹੈਰਾਨੀਜਨਕ ਖੁਲਾਸੇ ਕੀਤੇ ਕਿ ਉਸ ਵਿਚ ਕੀ-ਕੀ ਮਿਲਾਵਟ ਕਰਦਾ ਹੈ। ਸ਼ਹਿਦ ਵੇਚਣ ਵਾਲੇ ਵਿਅਕਤੀ ਨੇ ਦੱਸਿਆ ਕਿ ਉਹ 5 ਲੀਟਰ ਪਾਣੀ ਗਰਮ ਕਰ ਉਸ ਵਿਚ 5 ਕਿੱਲੋ ਚੀਨੀ, 5 ਕਿਲੋ ਗੁਡ਼ ਅਤੇ ਉਸ ’ਚ ਕੁਝ ਬਜ਼ਾਰ ’ਚੋਂ ਡੱਬਾ ਬੰਦ ਸ਼ਹਿਦ ਜੋਂ ਸਸਤਾ 80 ਰੁਪਏ ਕਿੱਲੋ ਖਰੀਦ ਕੇ ਉਸ ਵਿਚ ਮਿਲਾ ਦਿੰਦਾ ਹੈ ਅਤੇ ਘੋਲ ਤਿਆਰ ਕਰ ਲੈਂਦਾ ਹੈ। ਉਹ ਰੋਜ਼ਾਨਾ ਮਾਛੀਵਾਡ਼ਾ ਦੀਆਂ ਝੁੱਗੀਆਂ ਵਿਚ ਇਹ ਮਿਲਾਵਟੀ ਸ਼ਹਿਦ ਤਿਆਰ ਕਰਦੇ ਹਨ ਅਤੇ ਫਿਰ ਪਿੰਡਾਂ ਵਿਚ ਸ਼ੁੱਧ ਦੇਸੀ ਸ਼ਹਿਦ ਆਖ ਕੇ ਵੇਚਦੇ ਹਨ। ਪੱਤਰਕਾਰਾਂ ਵਲੋਂ ਮਾਛੀਵਾਡ਼ਾ ਵਿਖੇ ਇਨ੍ਹਾਂ ਝੁੱਗੀਆਂ ਦਾ ਦੌਰਾ ਵੀ ਕੀਤਾ ਗਿਆ ਜਿੱਥੇ ਮਿਲਾਵਟੀ ਸ਼ਹਿਦ ਤਿਆਰ ਹੋ ਰਿਹਾ ਸੀ ਅਤੇ ਮੌਕੇ ’ਤੇ ਜਾ ਕੇ ਕਰੀਬ 7 ਲੀਟਰ ਸ਼ਹਿਦ ਨਸ਼ਟ ਵੀ ਕਰਵਾਇਆ। ਇਸ ਤੋਂ ਇਲਾਵਾ ਜਿਨ੍ਹਾਂ ਲੋਕਾਂ ਨੇ ਇਹ ਮਿਲਾਵਟੀ ਸ਼ਹਿਦ ਵੇਚਣ ਵਾਲਾ ਕਾਬੂ ਕੀਤਾ ਸੀ ਉਸ ਤੋਂ ਵੀ ਸਾਰਾ ਸ਼ਹਿਦ ਨਸ਼ਟ ਕਰਵਾਇਆ ਅਤੇ ਮੁਡ਼ ਅੱਗੇ ਤੋਂ ਅਜਿਹਾ ਮਿਲਾਵਟੀ ਸ਼ਹਿਦ ਨਾ ਵੇਚਣ ਦੀ ਤੋਬਾ ਕਰਨ ’ਤੇ ਹੀ ਉਸ ਨੂੰ ਛੱਡਿਆ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਮਿਲਾਵਟੀ ਵਸਤਾਂ ਨੂੰ ਨੱਥ ਪਾਉਣ ਦਾ ਕੰਮ ਸਿਹਤ ਵਿਭਾਗ ਦਾ ਹੈ ਪਰ ਇਹ ਕੰਮ ਲੋਕਾਂ ਨੂੰ ਜਾਗਰੂਕ ਹੋ ਕੇ ਕਰਨਾ ਪੈ ਰਿਹਾ ਹੈ।