Punjab
ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੋੜੀ ਵੱਲੋਂ “ਭਾਰਤ ਦੀ ਸ਼ਾਨ ਡਾਇਮੰਡ ਐਵਾਰਡ” ਜੇਤੂ ਦਲੇਰ ਖ਼ਾਲਸਾ ਗੱਤਕਾ ਗਰੁੱਪ ਸਨਮਾਨਿਤ
ਚੰਡੀਗੜ੍ਹ:
ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੋੜੀ ਵੱਲੋਂ “ਭਾਰਤ ਦੀ ਸ਼ਾਨ ਡਾਇਮੰਡ ਐਵਾਰਡ” ਜੇਤੂ ਇੰਟਰਨੈਸ਼ਨਲ ਦਲੇਰ ਖ਼ਾਲਸਾ ਗੱਤਕਾ ਗਰੁੱਪ ਦੇ ਮੈਂਬਰਾਂ ਦਾ ਉਚੇਚਾ ਸਨਮਾਨ ਕੀਤਾ ਗਿਆ।
ਡਿਪਟੀ ਸਪੀਕਰ ਨੇ ਦੇਸ਼ਾਂ-ਵਿਦੇਸ਼ਾਂ ਵਿੱਚ ਧਾਕ ਜਮਾਉਣ ਅਤੇ ਵੱਕਾਰੀ ਸਨਮਾਨ ਪ੍ਰਾਪਤ ਕਰਨ ਵਾਲੇ ਗੱਤਕਾ ਗਰੁੱਪ ਦੇ ਮੈਂਬਰਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਭਾਰਤ ਦੀ ਸ਼ਾਨ ਐਵਾਰਡ ਅਤੇ ਡਾਇਮੰਡ ਜੇਤੂ ਗੱਤਕਾ ਗਰੁੱਪ ਨੇ ਪੰਜਾਬ ਦੀ ਸ਼ਾਨ ਵਧਾਈ ਹੈ ਜਿਸ ਲਈ ਸਮੂਹ ਮੈਂਬਰ ਵਧਾਈ ਦੇ ਪਾਤਰ ਹਨ।
ਉਨ੍ਹਾਂ ਗੱਤਕਾ ਗਰੁੱਪ ਦੇ ਮੈਂਬਰਾਂ ਦੀ ਚੜ੍ਹਦੀਕਲਾ ਲਈ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਪੰਜਾਬ ਵਿੱਚ ਹੁਨਰ ਦੀ ਕਮੀ ਨਹੀਂ ਹੈ ਅਤੇ ਹੁਨਰ ਨੂੰ ਪਛਾਨਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਇਸ ਦਿਸ਼ਾ ਵਿੱਚ ਪੰਜਾਬ ਸਰਕਾਰ ਸ਼ਲਾਘਾਯੋਗ ਕੰਮ ਕਰ ਰਹੀ ਹੈ। ਸਰਕਾਰ ਵੱਲੋਂ ਸੂਬੇ ਦੇ ਨੌਜਵਾਨਾਂ ਨੂੰ ਉਨ੍ਹਾਂ ਦੀ ਯੋਗਤਾ ਮੁਤਾਬਕ ਨਿਰੰਤਰ ਸਰਕਾਰੀ ਨੌਕਰੀਆਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਉਮੀਦ ਜਤਾਈ ਕਿ ਹੁਣ ਉਹ ਦਿਨ ਦੂਰ ਨਹੀਂ, ਜਦੋਂ ਪੰਜਾਬ ਹਰ ਖੇਤਰ ਵਿੱਚ ਮੱਲਾਂ ਮਾਰੇਗਾ ਅਤੇ ਦੇਸ਼ਾਂ-ਵਿਦੇਸ਼ਾਂ ਵਿੱਚ ਪੰਜਾਬ ਦੀ ਪੁਰਾਣੀ ਸ਼ਾਨ ਬਹਾਲ ਹੋਵੇਗੀ।
ਇਸ ਮੌਕੇ ਹਲਕਾ ਨਵਾਂ ਸ਼ਹਿਰ ਦੇ ਵਿਧਾਇਕ ਡਾ. ਨਛੱਤਰ ਪਾਲ, ਡਾ. ਕਸ਼ਮੀਰ ਸਿੰਘ ਢਿੱਲੋਂ, ਹਰਦੀਪ ਸਿੰਘ ਕਲਮ ਗਹੂੰਣ, ਚਰਨਜੀਤ ਸਿੰਘ ਚੰਨੀ, ਬਲਵੀਰ ਸਿੰਘ ਬਿੱਲਾ ਖੜੌਦੀ, ਦਲੇਰ ਖ਼ਾਲਸਾ ਗੱਤਕਾ ਗਰੁੱਪ ਦੇ ਜਥੇਦਾਰ ਨਾਨਕ ਸਿੰਘ, ਰਣਵੀਰ ਸਿੰਘ, ਸੁਖਦੇਵ ਸਿੰਘ ਸੁੱਖਾ ਬਾਬਾ, ਪਰਮਵੀਰ ਸਿੰਘ ਲੱਭੀ, ਬਲਜੋਤ ਸਿੰਘ, ਗੁਰਸੇਵਕ ਸਿੰਘ ਅਤੇ ਇੰਟਰਨੈਸ਼ਨਲ ਦਲੇਰ ਖ਼ਾਲਸਾ ਗਰੁੱਪ ਦੇ ਮੈਂਬਰ ਹਾਜ਼ਰ ਸਨ।