Punjab
ਰਾਘਵ ਚੱਢਾ ਨੇ ਸੰਸਦ ‘ਚ ਚੁੱਕਿਆ ਮਹਾਰਾਜਾ ਰਣਜੀਤ ਸਿੰਘ ਦਾ ਮੁੱਦਾ

ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਬੁੱਧਵਾਰ ਨੂੰ ਰਾਜ ਸਭਾ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਸ਼ਾਹੀ ਗੱਦੀ ਵਾਪਸ ਲਿਆਉਣ ਦੀ ਮੰਗ ਉਠਾਈ। ਉਨ੍ਹਾਂ ਕਿਹਾ ਕਿ ਮੈਂ ਇੱਕ ਅਜਿਹਾ ਮੁੱਦਾ ਉਠਾ ਰਿਹਾ ਹਾਂ, ਜਿਸ ਨਾਲ ਨਾ ਸਿਰਫ਼ ਪੰਜਾਬ ਬਲਕਿ ਪੂਰੇ ਦੇਸ਼ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਹਨ।
ਰਾਘਵ ਚੱਢਾ ਨੇ ਮਹਾਰਾਜਾ ਰਣਜੀਤ ਸਿੰਘ ਦੀ ਗੱਦੀ ਵਾਪਸ ਲਿਆਉਣ ਦੀ ਮੰਗ ਉਠਾਈ
ਰਾਜ ਸਭਾ ‘ਚ ਬੋਲਦਿਆਂ ਰਾਘਵ ਚੱਢਾ ਨੇ ਕਿਹਾ ਕਿ ਮੈਂ ਖੁਸ਼ਕਿਸਮਤ ਹਾਂ ਕਿ ਮੈਂ ਪੰਜਾਬ ਤੋਂ ਆਇਆ ਹਾਂ ਜਿੱਥੇ ਕਦੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਰਾਜ ਕੀਤਾ ਸੀ। ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੱਚਮੁੱਚ ਵਧੀਆ ਸ਼ਾਸਨ ਸੀ ਜਿੱਥੇ ਸਾਰਿਆਂ ਨੂੰ ਇਨਸਾਫ਼ ਮਿਲਦਾ ਸੀ। ਉਹ ਇੱਕ ਅਜਿਹਾ ਯੋਧਾ ਸੀ ਜਿਸ ਦਾ ਨਾਮ ਸੁਣਦਿਆਂ ਹੀ ਮਹਾਨ ਯੋਧਿਆਂ ਦੀਆਂ ਰੀੜ੍ਹਾਂ ਕੰਬਦੀਆਂ ਸਨ। ਮਹਾਰਾਜਾ ਰਣਜੀਤ ਸਿੰਘ ਮੈਦਾਨ-ਏ-ਜੰਗ ਵਿੱਚ ਸ਼ੇਰ ਵਾਂਗ ਗਰਜਿਆ, ਮਹਾਰਾਜਾ ਰਣਜੀਤ ਸਿੰਘ ਨੇ ਦੁਨੀਆ ਨੂੰ ਬਹਾਦਰੀ ਦਾ ਨਹੀਂ ਸਗੋਂ ਮਨੁੱਖਤਾ ਦਾ ਸੁਨੇਹਾ ਦਿੱਤਾ। ਉਨ੍ਹਾਂ ਦੇ ਰਾਜ ਦੌਰਾਨ ਧਰਮ ਜਾਂ ਜਾਤ ਦੇ ਨਾਂ ‘ਤੇ ਕੋਈ ਵਿਤਕਰਾ ਨਹੀਂ ਸੀ।
ਰਾਜ ਸਭਾ ਮੈਂਬਰ ਚੱਢਾ ਨੇ ਅੱਗੇ ਕਿਹਾ ਕਿ ਮੈਂ ਮਹਾਰਾਜਾ ਰਣਜੀਤ ਸਿੰਘ ਨੂੰ ਯਾਦ ਕਰਦਿਆਂ ਇੱਕ ਅਹਿਮ ਮੰਗ ਅੱਗੇ ਰੱਖਣਾ ਚਾਹੁੰਦਾ ਹਾਂ। ਮਹਾਰਾਜਾ ਰਣਜੀਤ ਸਿੰਘ ਦਾ ਸੋਨੇ ਦਾ ਸਿੰਘਾਸਨ ਲੰਡਨ ਦੇ ਵਿਕਟੋਰੀਆ ਅਤੇ ਐਲਬਰਟ ਮਿਊਜ਼ੀਅਮ ਵਿੱਚ ਰੱਖਿਆ ਗਿਆ ਹੈ। ਮੈਂ ਭਾਰਤ ਸਰਕਾਰ ਤੋਂ ਮੰਗ ਕਰਦਾ ਹਾਂ ਕਿ ਉਹ ਆਪਣੀ ਕੂਟਨੀਤੀ ਵਰਤ ਕੇ ਯੂਨਾਈਟਿਡ ਕਿੰਗਡਮ ਸਰਕਾਰ ਨਾਲ ਗੱਲ ਕਰੇ ਅਤੇ ਉਸ ਗੱਦੀ ਨੂੰ ਵਾਪਸ ਲਿਆਉਣ ਦੀ ਕੋਸ਼ਿਸ਼ ਕਰੇ। ਉਹ ਗੱਦੀ ਸਾਡੇ ਦੇਸ਼ ਵਾਪਿਸ ਆਉਣੀ ਚਾਹੀਦੀ ਹੈ। ਸਾਰਿਆਂ ਨੂੰ ਉਸ ਨੂੰ ਦੇਖਣ ਦਾ ਮੌਕਾ ਮਿਲਣਾ ਚਾਹੀਦਾ ਹੈ। ਸਾਨੂੰ ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ਤੋਂ ਪ੍ਰੇਰਨਾ ਅਤੇ ਸਬਕ ਮਿਲਦਾ ਹੈ। ਨਾਲ ਹੀ ਉਨ੍ਹਾਂ ਦੀ ਬਹਾਦਰੀ, ਇਨਸਾਨੀਅਤ ਅਤੇ ਰਾਜ ਦੀ ਨੀਤੀ ਵੀ ਬੱਚਿਆਂ ਨੂੰ ਕਿਤਾਬਾਂ ਵਿੱਚ ਪੜ੍ਹਾਉਣੀ ਚਾਹੀਦੀ ਹੈ। ਤਾਂ ਜੋ ਬੱਚਿਆਂ ਨੂੰ ਸੁਸ਼ਾਸਨ ਦਾ ਅਸਲ ਅਰਥ ਪਤਾ ਲੱਗ ਸਕੇ।