National
ਪੰਜਾਬ ‘ਚ ਮੀਂਹ ਪੈਣ ਨਾਲ ਵਧੇਗੀ ਠੰਡ, ਮੌਸਮ ਵਿਭਾਗ ਨੇ ਦਿੱਤੀ ਚਿਤਾਵਨੀ!

ਇਨੀ ਦਿਨੀ ਸੰਘਣੀ ਧੁੰਦ ਤੇ ਕੜਾਕੇ ਦੀ ਠੰਡ ਨੇ ਜ਼ੋਰ ਫੜ੍ਹਿਆ ਹੋਇਆ ਹੈ। ਪੰਜਾਬ, ਹਰਿਆਣਾ ਤੇ ਉੱਤਰ ਭਾਰਤ ‘ਚ ਠੰਡ ਨਾਲ ਠੁਰ੍ਹ-ਠੁਰ੍ਹ ਕਰਨ ਲਈ ਲੋਕ ਮਜ਼ਬੂਰ ਹੋ ਗਏ। ਪਰ ਹੁਣ ਪੱਛਮੀ ਗੜਬੜੀ ਤੋਂ ਬਾਅਦ ਪੰਜਾਬ-ਚੰਡੀਗੜ੍ਹ ਦੇ ਤਾਪਮਾਨ ‘ਚ ਵੱਡਾ ਬਦਲਾਅ ਦੇਖਣ ਨੂੰ ਮਿਲਿਆ ਹੈ। ਐਤਵਾਰ ਨੂੰ ਪਹਾੜਾਂ ‘ਚ ਭਾਰੀ ਬਰਫਬਾਰੀ ਹੋਈ, ਜਦਕਿ ਸ਼ਾਮ ਨੂੰ ਮੈਦਾਨੀ ਇਲਾਕਿਆਂ ‘ਚ ਹਲਕੀ ਬੂੰਦਾਬਾਂਦੀ ਦੇਖਣ ਨੂੰ ਮਿਲੀ। ਮੌਸਮ ਵਿਭਾਗ ਨੇ ਤਾਜ਼ਾ ਭਵਿੱਖਬਾਣੀ ਕੀਤੀ ਹੈ ਕਿ ਅੱਜ ਵੀ ਪੰਜਾਬ-ਚੰਡੀਗੜ੍ਹ ਵਿਚ ਕਈ ਥਾਵਾਂ ‘ਤੇ ਹਲਕੀ ਬਾਰਿਸ਼ ਦੀ ਸੰਭਾਵਨਾ ਹੈ। ਵਿਭਾਗ ਮੁਤਾਬਕ ਪੰਜਾਬ ਵਿਚ ਇਕ ਵਾਰ ਫ਼ਿਰ ਕੋਹਰਾ ਛਾਇਆ ਰਹੇਗਾ ਅਤੇ ਠੰਢ ਵੱਧਣ ਦੇ ਆਸਾਰ ਹਨ।
ਮੌਸਮ ਵਿਭਾਗ ਮੁਤਾਬਿਕ ਹਰਿਆਣਾ ਦੇ ਸਿਰਸਾ, ਹਿਸਾਰ, ਫਤਿਹਾਬਾਦ ਅਤੇ ਜੀਂਦ ਵਰਗੇ ਜ਼ਿਲ੍ਹਿਆਂ ਵਿੱਚ ਕੋਲਡ ਡੇਅ ਅਲਰਟ ਜਾਰੀ ਕੀਤਾ ਗਿਆ ਹੈ। ਇਸ ਦੇ ਨਾਲ ਹੀ ਪੰਜਾਬ ਦੇ ਬਠਿੰਡਾ, ਬਰਨਾਲਾ ਅਤੇ ਚੰਡੀਗੜ੍ਹ ਵਰਗੇ ਸਥਾਨ ਸੰਘਣੀ ਧੁੰਦ ਅਤੇ ਸੀਤ ਲਹਿਰ ਨਾਲ ਪ੍ਰਭਾਵਿਤ ਹੋਣਗੇ। ਕੁਝ ਥਾਵਾਂ ‘ਤੇ ਬਾਰਿਸ਼ ਅਤੇ ਬੱਦਲ ਛਾਏ ਰਹਿਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਅਗਲੇ ਕੁਝ ਦਿਨਾਂ ‘ਚ ਠੰਢ ਹੋਰ ਵਧਣ ਦੀ ਸੰਭਾਵਨਾ ਹੈ। ਪੱਛਮੀ ਗੜਬੜੀ ਅਤੇ ਮੀਂਹ ਕਾਰਨ ਤਾਪਮਾਨ ਵਿੱਚ ਗਿਰਾਵਟ ਆ ਸਕਦੀ ਹੈ। ਦਿੱਲੀ, ਯੂਪੀ, ਪੰਜਾਬ ਅਤੇ ਹਰਿਆਣਾ ਵਿੱਚ ਠੰਡੀਆਂ ਹਵਾਵਾਂ ਅਤੇ ਧੁੰਦ ਦਾ ਪ੍ਰਭਾਵ ਜਾਰੀ ਰਹੇਗਾ।
ਪਹਾੜੀ ਰਾਜਾਂ ਵਿੱਚ ਲਗਾਤਾਰ ਹੋ ਰਹੀ ਬਰਫ਼ਬਾਰੀ ਕਾਰਨ ਠੰਢ ਵਿੱਚ ਵਾਧਾ ਦਰਜ ਕੀਤਾ ਗਿਆ ਹੈ। ਧੁੰਦ ਕਾਰਨ ਵਿਜ਼ੀਬਿਲਟੀ ਵਿੱਚ ਭਾਰੀ ਕਮੀ ਆਈ ਹੈ, ਜਿਸ ਕਾਰਨ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ। ਮੌਸਮ ਵਿਭਾਗ ਨੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਹੈ।
ਇਸ ਤੋਂ ਇਲਾਵਾ ਜਿੱਥੇ ਪਹਾੜੀ ਇਲਾਕਿਆਂ ਵਿੱਚ ਬਰਫਬਾਰੀ ਹੋਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਮੈਦਾਨੀ ਇਲਾਕਿਆਂ ‘ਚ ਧੁੰਦ ਦਾ ਅਲਰਟ ਜਾਰੀ ਕੀਤਾ ਗਿਆ ਹੈ। ਇਹ ਧੁੰਦ 9 ਜਨਵਰੀ ਤੱਕ ਜਾਰੀ ਰਹੇਗੀ। ਅੰਦਾਜ਼ਾ ਹੈ ਕਿ ਬਰਫਬਾਰੀ ਤੋਂ ਬਾਅਦ ਪਹਾੜੀ ਖੇਤਰਾਂ ਤੋਂ ਆਉਣ ਵਾਲੀਆਂ ਠੰਡੀਆਂ ਹਵਾਵਾਂ ਕਾਰਨ ਤਾਪਮਾਨ ‘ਚ ਕਮੀ ਆਵੇਗੀ।