punjab
ਰਾਜਾ ਵੜਿੰਗ ਆਏ ਗੁਰਦਾਸ ਮਾਨ ਦੇ ਹੱਕ ‘ਚ, CM ਕੈਪਟਨ ਨੂੰ ਕੇਸ ਰੱਦ ਕਰਨ ਦੀ ਕੀਤੀ ਅਪੀਲ
ਇੱਕ ਵਿਵਾਦਿਤ ਗੱਲ ਸਟੇਜ ਤੋਂ ਆਖਣ ਤੋਂ ਬਾਅਦ ਗੁਰਦਾਸ ਮਾਨ ਨੇ ਮੁਆਫ਼ੀ ਮੰਗੀ ਸੀ, ਉਹਨਾਂ ਕਿਹਾ ਕਿ ਮੈ ਕਦੇ ਵੀ ਗੁਰੂ ਜੀ ਦਾ ਅਪਮਾਨ ਨਹੀਂ ਕਰ ਸਕਦਾ। ਹੁਣ ਕਾਂਗਰਸ ਦੇ ਵਿਧਾਇਕ ਰਾਜਾ ਵੜਿੰਗ ਪੰਜਾਬੀ ਗਾਇਕ ਗੁਰਦਾਸ ਮਾਨ ਦੇ ਹੱਕ ਵਿੱਚ ਅੱਗੇ ਆਏ ਹਨ। ਰਾਜਾ ਵੜਿੰਗ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕੀਤੀ ਹੈ ਕਿ ਗੁਰਦਾਸ ਮਾਨ ਤੇ ਦਰਜ ਪਰਚਾ ਰੱਦ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਧਰਨਿਆਂ ਦੇ ਦਬਾਅ ਥੱਲੇ ਪਰਚੇ ਦਰਜ ਕਰਨ ਦੀ ਪਿਰਤ ਗਲਤ ਹੈ।
ਹਲਕਾ ਗਿੱਦੜਬਾਹਾ ਦੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਨਿਖੇਧੀ ਕਰਦਿਆਂ ਕਿਹਾ ਕਿ ਅਸੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਡੀ ਜੀ ਪੀ ਪੰਜਾਬ ਪੁਲਿਸ ਦਿਨਕਰ ਗੁਪਤਾ ਨੂੰ ਮਿਲ ਕੇ ਪਰਚਾ ਰੱਦ ਕਰਵਾਵਾਗੇ । ਉਹਨਾ ਕਿਹਾ ਕਿ ਗੁਰਦਾਸ ਮਾਨ ਨੇ ਹਮੇਸ਼ਾ ਪੰਜਾਬੀ ਮਾ ਬੋਲੀ ਦੀ ਗੱਲ ਕੀਤੀ ਹੈ ਅਤੇ ਪੂਰੀ ਦੁਨੀਆਂ ਦੇ ਅੰਦਰ ਪੰਜਾਬੀ ਬੋਲੀ ਦਾ ਪ੍ਰਚਾਰ ਕਰਨ ਵਿੱਚ ਸਭ ਤੋਂ ਵੱਡਾ ਯੋਗਦਾਨ ਰਿਹਾ ਹੈ। ਮਾਨ ਵੱਲੋਂ ਲਾਡੀ ਸ਼ਾਹ ਨੂੰ ਗੁਰੂ ਅਮਰਦਾਸ ਜੀ ਦਾ ਵੰਸ਼ ਦੱਸਣ ‘ਤੇ ਸਿੱਖ ਜਥੇਬੰਦੀਆਂ ਨੇ ਵਿਰੋਧ ਜਤਾਇਆ ਸੀ। ਧਾਰਮਿਕ ਭਾਵਨਾਵਾਂ ਭੜਕਾਉਣ ਦੇ ਖਿਲਾਫ਼ ਥਾਣਾ ਨਕੋਦਰ ‘ਚ ਗੁਰਦਾਸ ਮਾਨ ‘ਤੇ ਪਰਚਾ ਦਰਜ ਹੋਇਆ ਸੀ।