Punjab
ਪੈਟਰੋਲ ਡੀਜ਼ਲ ਦੀਆਂ ਵਧੀਆਂ ਕੀਮਤਾਂ ਅਤੇ ਕਿਸਾਨ ਆਰਡੀਨੈਸ ਤੇ ਕਿਸਾਨ ਯੂਨੀਅਨਾਂ ਦਾ ਵੱਡਾ ਸੰਘਰਸ਼ ਵਿੱਢਣ ਦੀ ਚਿਤਾਵਨੀ
ਲੁਧਿਆਣਾ, 14 ਜੂਨ (ਸੰਜੀਵ ਸੂਦ): ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜਨਰਲ ਸਕੱਤਰ ਹਰਿੰਦਰ ਸਿੰਘ ਲੱਖੋਵਾਲ ਵੱਲੋਂ ਅੱਜ ਸਰਕਾਰ ਤੱਕ ਇੱਕ ਸੁਨੇਹਾ ਸੋਸ਼ਲ ਮੀਡੀਆ ਰਾਹੀਂ ਪਹੁੰਚਾਇਆ ਗਿਆ ਕਿ ਇੱਕ ਪਾਸੇ ਦਾ ਕੌਮਾਂਤਰੀ ਬਾਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ ਘੱਟ ਰਹੀਆਂ ਨੇ ਪਰ ਸਰਕਾਰ ਲਗਾਤਾਰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਧਾ ਰਹੀ ਹੈ। ਉਨ੍ਹਾਂ ਕਿਹਾ ਕਿ ਸੂਬੇ ਭਰ ਵਿੱਚ ਝੋਨੇ ਦਾ ਸੀਜ਼ਨ ਚੱਲ ਰਿਹਾ ਹੈ ਅਤੇ ਕਿਸਾਨਾਂ ਨੂੰ ਹਜ਼ਾਰਾਂ ਲਿਟਰ ਡੀਜ਼ਲ ਫੂਕਣਾ ਪੈ ਰਿਹਾ ਹੈ। ਪਰ ਡੀਜ਼ਲ ਦੀਆਂ ਵਧੀਆਂ ਕੀਮਤਾਂ ਕਰਕੇ ਕਿਸਾਨਾਂ ਨੂੰ ਵਧੇਰੇ ਲਾਗਤ ਫਸਲ ਤੇ ਲਾਉਣੀ ਪੈ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਝੋਨੇ ਦਾ ਸਮਰਥਨ ਮੁੱਲ 53 ਰੁਪਏ ਪ੍ਰਤੀ ਕੁਇੰਟਲ ਵਧਾਇਆ ਹੈ। ਜਦੋਂ ਕਿ ਇਸ ਤੋਂ ਵੱਧ ਤਾਨਾਂ ਦੀ ਲਾਗਤ ਹੀ ਆ ਰਹੀ ਹੈ ਉਨ੍ਹਾਂ ਤੁਰੰਤ ਸਰਕਾਰ ਨੂੰ ਡੀਜ਼ਲ ਦੀਆਂ ਵਧੀਆਂ ਕੀਮਤਾਂ ਵਾਪਸ ਲੈਣ ਲਈ ਕਿਹਾ।
ਇਸਦੇ ਨਾਲ ਹੀ ਹਰਿੰਦਰ ਸਿੰਘ ਲੱਖੋਵਾਲ ਨੇ ਕਿਹਾ ਕਿ ਨਿਤਿਨ ਗਡਕਰੀ ਨੇ ਕਿਹਾ ਕਿ ਇੱਕ ਦੇਸ਼ ਇੱਕ ਮੰਡੀ ਦਾ ਉਹ ਤਜਵੀਜ਼ ਲੈ ਕੇ ਆ ਰਹੇ ਨੇ ਉਨ੍ਹਾਂ ਕਿਹਾ ਕਿ ਜਦੋਂ ਵੋਟਾਂ ਸਨ ਤਾਂ ਭਾਜਪਾ ਨੇ ਵਾਅਦਾ ਕੀਤਾ ਸੀ ਕਿ ਉਹ ਸਵਾਮੀ ਨਾਥਨ ਰਿਪੋਰਟ ਦੀਆਂ ਸਿਫ਼ਾਰਿਸ਼ਾਂ ਨੂੰ ਲਾਗੂ ਕਰਨਗੇ ਪਰ ਹੁਣ ਜਦੋਂ ਵੋਟਾਂ ਚੱਲੀ ਗਈਆਂ ਸਰਕਾਰ ਬਣ ਗਈ ਤਾਂ ਇਹ ਸਭ ਵਾਅਦੇ ਵੀ ਉਹ ਭੁੱਲ ਗਏ ਉਨ੍ਹਾਂ ਕਿਹਾ ਕਿ ਗਡਕਰੀ ਸਾਫ ਕਹਿ ਰਹੇ ਨੇ ਕਿ ਕਿਸਾਨ ਨੂੰ ਜੇਕਰ ਪੂਰਾ ਮੁੱਲ ਦੇ ਦਿੱਤਾ ਤਾਂ ਦੇਸ਼ ਉੱਜੜ ਜਾਵੇਗਾ। ਹਰਿੰਦਰ ਸਿੰਘ ਲੱਖੋਵਾਲ ਨੇ ਕਿਹਾ ਕਿ ਪੰਜਾਬ ਸਰਹੱਦੀ ਸੂਬਾ ਹੈ ਜਿਸ ਕਰਕੇ ਇਹੀ ਤਜਰਬਾ ਸਰਕਾਰ ਨੂੰ ਬਾਕੀ ਸੂਬਿਆਂ ਚ ਪਹਿਲਾਂ ਕਰਨਾ ਚਾਹੀਦਾ ਹੈ ਇਸ ਤੋਂ ਬਾਅਦ ਪੰਜਾਬ ‘ਚ ਉਨ੍ਹਾਂ ਕਿਹਾ ਕਿ ਇਸ ਨਾਲ ਪੰਜਾਬ ਦੇ ਕਿਸਾਨ ਕਾਰਪੋਰੇਟ ਘਰਾਣਿਆਂ ਹੇਠ ਆ ਜਾਣਗੇ ਅਤੇ ਉਹ ਸਾਡੀਆਂ ਜ਼ਮੀਨਾਂ ਵੀ ਹੜਪ ਲੈਣਗੇ ਅਤੇ ਫਸਲ ਦਾ ਵੀ ਸਹੀ ਮੁੱਲ ਨਹੀਂ ਦੇਣਗੇ।