News
ਸਿੱਖਿਆ ਬੋਰਡ ਨੇ ਜਾਰੀ ਕੀਤੇ ਰੋਲ ਨੰਬਰ

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 17 ਮਾਰਚ ਤੋਂ ਕਰਵਾਈਆਂ ਜਾ ਰਹੀਆਂ ਦਸਵੀਂ ਸ਼੍ਰੇਣੀ ਦੀਆਂ ਪ੍ਰੀਖਿਆਵਾਂ ਲਈ ਪ੍ਰੀਖਿਆਰਥੀਆਂ ਦੇ ਰੋਲ ਨੰਬਰ ਸਕੂਲਾਂ ਦੀ ਲਾਗ ਇਨ ਆਈ ਡੀ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈੱਬ ਸਾਈਟ ਤੇ ਅੱਪਲੋਡ ਕਰ ਦਿੱਤੇ ਗਏ ਹਨ|
ਪੰਜਾਬ ਸਕੂਲ ਸਿੱਖਿਆ ਬੋਰਡ ਦੇ ਕੰਟਰੋਲਰ (ਪ੍ਰੀਖਿਆਵਾਂ) ਸ਼੍ਰੀ ਜਨਕ ਰਾਜ ਮਹਿਰੋਕ ਵੱਲੋਂ ਪ੍ਰੈੱਸ ਨੂੰ ਜਾਰੀ ਕੀਤੀ ਗਈ ਜਾਣਕਾਰੀ ਅਨੁਸਾਰ ਸਾਲ 2020 ਲਈ ਦਸਵੀਂ ਸ਼੍ਰੇਣੀ ਦੀਆਂ ਪ੍ਰੀਖਿਆਵਾਂ ਜੋ ਕਿ 17 ਮਾਰਚ ਨੂੰ ਅਰੰਭ ਹੋ ਰਹੀਆਂ ਹਨ ਦੇ ਰੈਗੂਲਰ ਪ੍ਰੀਖਿਆਰਥੀਆਂ ਦੇ ਰੋਲ ਨੰਬਰ 03 ਮਾਰਚ ਨੂੰ ਸਬੰਧਤ ਸੰਸਥਾਵਾਂ ਦੀ ਲਾਗ ਇਨ ਆਈ.ਡੀ. ‘ਤੇ ਅੱਪਲੋਡ ਕਰ ਦਿੱਤੇ ਗਏ ਹਨ| ਇਸੇ ਤਰਾਂ ਵਾਧੂ ਵਿਸ਼ਾ, ਕਾਰਗੁਜ਼ਾਰੀ ਵਧਾਉਣ ਲਈ ਅਤੇ ਰੀ-ਅਪੀਅਰ ਕੈਟਾਗਰੀਆਂ ਦੇ ਰੋਲ ਨੰਬਰ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈੱਬ-ਸਾਈਟ www.pseb.ac.in ਤੇ ਅੱਪਲੋਡ ਕੀਤੇ ਜਾ ਚੁੱਕੇ ਹਨ| ਕੰਟਰੋਲਰ (ਪ੍ਰੀਖਿਆਵਾਂ) ਅਨੁਸਾਰ ਰਾਜ ਦੇ ਸਮੂਹ ਸਕੂਲ ਮੁਖੀ ਆਪਣੇ ਸਕੂਲ ਨਾਲ ਸਬੰਧਤ ਪ੍ਰੀਖਿਆਰਥੀਆਂ ਦੇ ਰੋਲ ਨੰਬਰ ਆਪਣੇ ਸਕੂਲ ਦੀ ਲਾਗ-ਇਨ ਆਈ.ਡੀ. ਤੋਂ ਡਾਊਨਲੋਡ ਕਰ ਸਕਦੇ ਹਨ ਅਤੇ ਵਾਧੂ ਵਿਸ਼ਾ, ਕਾਰਗੁਜ਼ਾਰੀ ਵਧਾਉਣ ਲਈ ਤੇ ਰੀ-ਅਪੀਅਰ ਕੈਟਾਗਰੀਆਂ ਦੇ ਪ੍ਰੀਖਿਆਰਥੀ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈੱਬ-ਸਾਈਟ ਤੋਂ ਡਾਊਨਲੋਡ ਕਰ ਸਕਦੇ ਹਨ|
ਕੰਟਰੋਲਰ (ਪ੍ਰੀਖਿਆਵਾਂ) ਵੱਲੋਂ ਇਹ ਜਾਣਕਾਰੀ ਵੀ ਦਿੱਤੀ ਗਈ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਵੱਖਰੇ ਤੌਰ ਤੇ ਕੋਈ ਵੀ ਰੋਲ ਨੰਬਰ ਸਲਿੱਪ ਡਾਕ ਰਾਹੀਂ ਨਹੀਂ ਭੇਜੀ ਜਾਵੇਗੀ| ਜੇਕਰ ਰੋਲ ਨੰਬਰ ਸਲਿੱਪ ਤੇ ਕਿਸੇ ਕਿਸਮ ਦੀ ਕੋਈ ਤਰੂਟੀ ਪਾਈ ਜਾਂਦੀ ਹੈ ਤਾਂ ਸਬੰਧਤ 11 ਮਾਰਚ ਤੱਕ ਤਰੁਟੀ ਨੂੰ ਦਰੁਸਤ ਕਰਵਾਉਣ ਲਈ ਮੁੱਖ ਦਫ਼ਤਰ ਵਿਖੇ ਸਬੰਧਤ ਸੈਕਸ਼ਨ ਨਾਲ ਸੰਪਰਕ ਕਰ ਸਕਦੇ ਹਨ| ਇਸ ਮਕਸਦ ਲਈ ਮੁੱਖ ਦਫ਼ਤਰ 7 ਅਤੇ 8 ਮਾਰਚ ਨੂੰ ਸਨਿੱਚਰਵਾਰ ਅਤੇ ਐਤਵਾਰ ਵਾਲੇ ਦਿਨ ਵੀ ਆਮ ਵਾਂਗ ਖੁੱਲਾ ਰਹੇਗਾ| ਇਸ ਤੋਂ ਇਲਾਵਾ ਜਿਨ੍ਹਾਂ ਪ੍ਰੀਖਿਆਰਥੀਆਂ ਵੱਲੋਂ ਦਸਵੀਂ ਪ੍ਰੀਖਿਆ ਦੇਣ ਸਬੰਧੀ ਫ਼ੀਸ ਜਮ੍ਹਾਂ ਕਰਵਾਈ ਗਈ ਹੋਵੇ ਪ੍ਰੰਤੂ ਉਨ੍ਹਾਂ ਨੂੰ ਰੋਲ ਨੰਬਰ ਪ੍ਰਾਪਤ ਨਹੀਂ ਹੋਇਆ, ਅਜਿਹੇ ਪ੍ਰੀਖਿਆਰਥੀ ਆਪਣੇ ਯੋਗਤਾ ਸਰਟੀਫ਼ਕੇਟ ਦੀ ਤਸਦੀਕਸ਼ੁਦਾ ਫ਼ੋਟੋ ਕਾਪੀ, ਦੋ ਫ਼ੋਟੋਆਂ ਅਤੇ ਜਮ੍ਹਾਂ ਕਰਵਾਈ ਗਈ ਫ਼ੀਸ ਦੀ ਅਸਲ ਰਸੀਦ ਲੈ ਕੇ ਮੁੱਖ ਦਫ਼ਤਰ ਵਿਖੇ ਪ੍ਰੀਖਿਆ ਸ਼ਾਖਾ ਦਸਵੀਂ, ਚੌਥੀ ਮੰਜਿਲ, ਬਲਾਕ-ਸੀ ਨਾਲ ਸੰਪਰਕ ਕਰਨ|