Punjab
ਗੁਰੂ ਨਾਨਕ ਦੇਵ ਸਟੇਡੀਅਮ, ਅੰਮ੍ਰਿਤਸਰ ਵਿੱਚ ਸਿੰਥੈਟਿਕ-ਐਥਲੈਟਿਕ ਟਰੈਕ ਅਤੇ ਸਹਾਇਕ ਕੰਮਾਂ ਲਈ 748.36 ਲੱਖ ਰੁਪਏ: ਹਰਭਜਨ ਸਿੰਘ ਈ.ਟੀ.ਓ.

ਚੰਡੀਗੜ੍ਹ:
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਸੂਬੇ ਵਿੱਚ ਵਧੀਆ ਖੇਡ ਸਹੂਲਤਾਂ ਨੂੰ ਯਕੀਨੀ ਬਣਾਉਣ ਲਈ ਗੁਰੂ ਨਾਨਕ ਦੇਵ ਸਟੇਡੀਅਮ, ਅੰਮ੍ਰਿਤਸਰ ਵਿਖੇ ਸਿੰਥੈਟਿਕ-ਐਥਲੈਟਿਕ ਟਰੈਕ ਵਿਛਾਉਣ ਅਤੇ ਇਸ ਨਾਲ ਸਬੰਧਤ ਕੰਮਾਂ ਲਈ 748.36 ਲੱਖ ਰੁਪਏ ਖਰਚ ਕੀਤੇ ਜਾਣਗੇ। ਇਸ ਸਬੰਧੀ ਲੋਕ ਨਿਰਮਾਣ ਵਿਭਾਗ ਪੰਜਾਬ ਨੇ ਟੈਂਡਰ ਮੰਗੇ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਦੱਸਿਆ ਕਿ ਪੰਜਾਬ ਸਰਕਾਰ ਪੰਜਾਬ ਵਿੱਚ ਖੇਡ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਲਈ ਵਚਨਬੱਧ ਹੈ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਪਿਛਲੇ ਹਫਤੇ ਇੱਕ ਮੈਗਾ ਖੇਡ ਸਮਾਗਮ ‘ਖੇਡਾਂ ਵਤਨ ਪੰਜਾਬ ਦੀਆ’ ਦੀ ਸ਼ੁਰੂਆਤ ਕੀਤੀ। ਪੰਜਾਬ ਸਰਕਾਰ ਵਿਸ਼ਵ ਪੱਧਰੀ ਖੇਡਾਂ ਦਾ ਬੁਨਿਆਦੀ ਢਾਂਚਾ ਮੁਹੱਈਆ ਕਰਵਾਉਣ ਲਈ ਅਣਥੱਕ ਮਿਹਨਤ ਕਰ ਰਹੀ ਹੈ। ਸੂਬਾ ਸਰਕਾਰ ਨੇ ਗੁਰੂ ਨਾਨਕ ਸਟੇਡੀਅਮ, ਅੰਮ੍ਰਿਤਸਰ ਵਿਖੇ ਸਿੰਥੈਟਿਕ-ਐਥਲੈਟਿਕ ਟਰੈਕ ਵਿਛਾਉਣ ਅਤੇ ਸਹਾਇਕ ਕੰਮਾਂ ਲਈ 748.36 ਲੱਖ ਰੁਪਏ ਜਾਰੀ ਕਰਨ ਲਈ ਪਹਿਲਾਂ ਹੀ ਪ੍ਰਬੰਧਕੀ ਪ੍ਰਵਾਨਗੀ ਦੇ ਦਿੱਤੀ ਹੈ।
ਮੰਤਰੀ ਨੇ ਵੇਰਵੇ ਸਾਂਝੇ ਕਰਦਿਆਂ ਦੱਸਿਆ ਕਿ ਇਸ ਸਟੇਡੀਅਮ ਵਿੱਚ 400 ਮੀਟਰ ਅੱਠ ਮਾਰਗੀ ਸਿੰਥੈਟਿਕ-ਐਥਲੈਟਿਕ ਟਰੈਕ ਤਿਆਰ ਕੀਤਾ ਜਾਵੇਗਾ, ਜਿਸ ‘ਤੇ 668.22 ਲੱਖ ਰੁਪਏ ਦੀ ਲਾਗਤ ਆਵੇਗੀ। ਟਰੈਕ ‘ਤੇ ਸਪ੍ਰਿੰਕਲਰ ਸਿਸਟਮ ਵੀ ਲਗਾਇਆ ਜਾਵੇਗਾ। ਸਟੇਡੀਅਮ ਵਿੱਚ ਰਾਤ ਦੀਆਂ ਖੇਡਾਂ ਲਈ 21.70 ਲੱਖ ਰੁਪਏ ਨਾਲ ਐਲਈਡੀ ਲਾਈਟਾਂ ਲਗਾਈਆਂ ਜਾਣਗੀਆਂ।
ਈ.ਟੀ.ਓ ਨੇ ਦੱਸਿਆ ਕਿ ਸਟੇਡੀਅਮ ਵਿੱਚ ਡਿਸਕਸ ਥਰੋਅ ਰਿੰਗ, ਹੈਮਰ ਥਰੋ ਸਰਕਲ, ਸ਼ਾਟ ਪੁਟ ਰਿੰਗ, ਲੰਬੀ ਛਾਲ ਅਤੇ ਤੀਹਰੀ ਛਾਲ ਲਈ ਟੇਕ ਆਫ ਬੋਰਡ ਅਤੇ ਆਟੋਮੈਟਿਕ ਟਰੈਕ ਕਲੀਨਿੰਗ ਮਸ਼ੀਨ ਵੀ ਲਗਾਈ ਜਾਵੇਗੀ।
ਉਨ੍ਹਾਂ ਦੱਸਿਆ ਕਿ ਸਟੇਡੀਅਮ ਦੀ ਹਰਿਆਲੀ ਅਤੇ ਦਿੱਖ ਨੂੰ ਵਧੀਆ ਬਣਾਈ ਰੱਖਣ ਲਈ ਟਿਊਬਵੈੱਲ ਸਿਸਟਮ ਅਤੇ ਪੰਪ ਚੈਂਬਰ ਆਦਿ ਲਗਾਏ ਜਾਣਗੇ ਅਤੇ ਪੌਦੇ ਲਗਾਏ ਜਾਣਗੇ, ਜਿਸ ‘ਤੇ 33.65 ਲੱਖ ਰੁਪਏ ਖਰਚ ਆਉਣਗੇ। ਉਨ੍ਹਾਂ ਦੱਸਿਆ ਕਿ ਇਹ ਸਾਰੇ ਕੰਮ 30 ਜੂਨ 2023 ਤੱਕ ਮੁਕੰਮਲ ਕਰ ਲਏ ਜਾਣਗੇ।