Punjab
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਲੰਗਰ ਹਾਲ ‘ਚ ਸੇਵਾ ਕਰਦੇ ਸ਼ਰਧਾਲੂ ਨਾਲ ਵਾਪਰੀ ਮੰਦਭਾਗੀ ਘਟਨਾ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਇਕ ਮੰਦਭਾਗੀ ਘਟਨਾ ਵਾਪਰ ਗਈ। ਮਿਲੀ ਜਾਣਕਾਰੀ ਮੁਤਾਬਕ ਇੱਥੇ ਸ੍ਰੀ ਗੁਰੂ ਰਾਮਦਾਸ ਜੀ ਲੰਗਰ ਹਾਲ ਅੰਦਰ ਇਕ ਸ਼ਰਧਾਲੂ ਕੜਾਹੇ ਵਿੱਚ ਡਿੱਗ ਪਿਆ, ਜਿਸ ਕਾਰਨ ਸ਼ਰਧਾਲੂ 70% ਤੋਂ ਵੱਧ ਝੁਲਸ ਗਿਆ ਹੈ। ਇਸ ਮਗਰੋਂ ਤਰੁੰਤ ਉਸ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਜ਼ਖਮੀ ਸ਼ਰਧਾਲੂ ਦੀ ਪਹਿਚਾਣ ਬਲਬੀਰ ਸਿੰਘ ਵਾਸੀ ਧਾਲੀਵਾਲ (ਗੁਰਦਾਸਪੁਰ) ਵਜੋਂ ਹੋਈ ਹੈ।
ਪਤਾ ਲੱਗਿਆ ਹੈ ਕਿ ਇਹ ਘਟਨਾ ਦੇਰ ਰਾਤ 12.30 ਵਜੇ ਵਾਪਰੀ ਹੈ। ਜਿੱਥੇ ਵੱਡੇ ਕੜਾਹੇ ਦੇ ਵਿੱਚ ਲੰਗਰ ਲਈ ਆਲੂਆਂ ਦੀ ਸਬਜ਼ੀ ਬਣ ਰਹੀ ਸੀ, ਤਾਂ ਇਸ ਦੌਰਾਨ ਲੰਗਰ ਦੀ ਸੇਵਾ ਕਰ ਰਿਹਾ ਇਕ ਵਿਅਕਤੀ ਦਾ ਪੈਰ ਤਿਲਕਣ ਕਾਰਨ ਉਹ ਸਬਜ਼ੀ ਦੇ ਕੜਾਹੇ ਵਿੱਚ ਜਾ ਡਿੱਗਿਆ। ਫਿਲਹਾਲ ਅਜੇ ਸ਼ਰਧਾਲੂ ਖ਼ਤਰੇ ਤੋਂ ਬਾਹਰ ਹੈ ਅਤੇ ਉਸ ਦਾ ਇਲਾਜ ਚੱਲ ਰਿਹਾ ਹੈ।
ਦੱਸਣਯੋਗ ਹੈ ਕਿ ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਜਿੱਥੇ ਹਰ ਰੋਜ਼ ਲੱਖਾਂ ਹੀ ਗਿਣਤੀ ਵਿੱਚ ਸੰਗਤ ਨਤਮਸਤਕ ਹੋਣ ਲਈ ਪਹੁੰਚਦੀ ਹੈ। ਇਥੇ ਆ ਕੇ ਸੰਗਤ ਗੁਰਬਾਣੀ ਸਰਵਣ ਕਰਦੀ ਅਤੇ ਸੇਵਾ ਕਰਦੀ ਹੈ। ਇਸੇ ਤਰ੍ਹਾਂ ਹੀ ਕਈ ਸ਼ਰਧਾਲੂ ਵੱਖ-ਵੱਖ ਥਾਵਾਂ ‘ਤੇ ਸੇਵਾ ਕਰਦੇ ਹਨ।