Punjab
ਸਫ਼ਰ ਏ ਸ਼ਹਾਦਤ: 11 ਪੋਹ ਦਾ ਇਤਿਹਾਸ

11 ਪੋਹ ਦਾ ਮਨਹੂਸ ਦਿਨ ਚੜ੍ਹਿਆ। ਸੂਬਾ ਸਰਹੰਦ ਵਜ਼ੀਰ ਖਾਨ ਦੀ ਕਚਹਿਰੀ ਲੱਗੀ ਤੇ ਉਸਦੇ ਹੁਕਮ ਤੇ 2 ਸਿਪਾਹੀ ਨੇਜੇ ਤੇ ਤਲਵਾਰਾਂ ਨਾਲ ਲੈਸ ਹੋ ਕੇ ਸਾਹਿਬਜ਼ਾਦਿਆਂ ਨੂੰ ਲੈਣ ਆਏ। ਮਾਤਾ ਜੀ ਨੇ ਕਿਹਾ ਇਹ ਤਾਂ ਬੱਚੇ ਨੇ ਇਹਨਾਂ ਦਾ ਕੀ ਕਸੂਰ ਤੁਸੀਂ ਮੈਨੂੰ ਲੈ ਚਲੋ ਤੇ ਪੁੱਛੋ ਜੋ ਪੁੱਛਣਾ ਹੈ। ਸਿਪਾਹੀ ਕਹਿੰਦੇ ਨਵਾਬ ਨੇ ਸਿਰਫ ਇਹਨਾਂ ਨੂੰ ਮਿਲਣਾ ਹੈ ਅਸੀਂ ਹੁਣੇ ਵਾਪਸ ਛੱਡ ਜਾਵਾਂਗੇ। ਮਾਤਾ ਜੀ ਨੇ ਸਾਹਿਬਜ਼ਾਦਿਆਂ ਨੂੰ ਧਰਮ ਤੇ ਦ੍ਰਿੜ ਰਹਿਣ ਦਾ ਉਪਦੇਸ਼ ਦਿੱਤਾ, ਅੱਗੋਂ ਸਾਹਿਬਜ਼ਾਦਿਆਂ ਨੇ ਕਿਹਾ ਮਾਤਾ ਜੀ ਅਸੀਂ ਐਸੇ ਕਾਰਨਾਮੇ ਕਰਾਂਗੇ ਕਿ ਆਉਣ ਵਾਲੀਆਂ ਪੀੜੀਆਂ ਯਾਦ ਕਰਨਗੀਆਂ ਕਿਉਂਕਿ ਸਾਡੀਆਂ ਰਗਾਂ ਵਿੱਚ ਸ਼ਹੀਦ ਦਾਦਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਕਲਗੀਆਂ ਵਾਲੇ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਲਹੂ ਵਹਿ ਰਿਹਾ ਹੈ। ਇਹ ਕਹਿਕੇ ਸਾਹਿਬਜ਼ਾਦੇ ਸਿਪਾਹੀਆਂ ਨਾਲ ਚੱਲ ਪਏ। ਰਸਤੇ ਵਿੱਚ ਹੀ ਸਿਪਾਹੀ ਉਨ੍ਹਾਂ ਨੂੰ ਕਹਿਣ ਲੱਗ ਜਾਂਦੇ ਕਿ ਨਵਾਬ ਨੂੰ ਸਲਾਮ ਕਰਨੀ ਹੈ ਇਸ ਤਰ੍ਹਾਂ ਉਹ ਖੁਸ਼ ਹੋ ਕੇ ਤੁਹਾਨੂੰ ਮਨਪਸੰਦ ਇਨਾਮ ਦੇਣਗੇ।
ਜਦੋਂ ਨਵਾਬ ਦੀ ਕਚਹਿਰੀ ਦੇ ਬਾਹਰ ਪਹੁੰਚੇ ਤਾਂ ਵੱਡਾ ਦਰਵਾਜ਼ਾ ਬੰਦ ਸੀ ਅਤੇ ਛੋਟੀ ਬਾਰੀ ਖੁੱਲ੍ਹੀ ਸੀ ਤਾਂ ਜੋ ਸਾਹਿਬਜ਼ਾਦੇ ਅੰਦਰ ਵੜਨ ਤਾਂ ਸਿਰ ਨਵਾਬ ਅੱਗੇ ਝੁਕ ਜਾਵੇ। ਅਹਿਲਕਾਰ ਸੋਚਦੇ ਸਨ ਕਿ ਜਦੋਂ ਸਾਹਿਬਜ਼ਾਦੇ ਸੀਸ ਝੁਕਾਉਣਗੇ ਤੇ ਅਸੀਂ ਤਾੜੀਆਂ ਮਾਰਾਂਗੇ ਕਿ ਬਾਗੀ ਗੁਰੂ ਦੇ ਬੱਚਿਆਂ ਨੇ ਸੂਬੇ ਅੱਗੇ ਸਿਰ ਝੁਕਾ ਕੇ ਈਨ ਮੰਨ ਲਈ ਪਰ ਓਹ ਨਹੀਂ ਜਾਣਦੇ ਸਨ ਕਿ ਹਿਮਾਲਿਆ ਜਿਹਾ ਪਰਬਤ ਭਾਵੇਂ ਝੁਕ ਜਾਵੇ ਪਰ ਗੁਰੂ ਗੋਬਿੰਦ ਸਿੰਘ ਦੇ ਲਾਲ ਇਕ ਅਕਾਲ ਤੋਂ ਬਿਨਾਂ ਕਿਸੇ ਅੱਗੇ ਨਹੀਂ ਝੁਕਦੇ। ਅੰਦਰ ਵੜਨ ਤੋਂ ਪਹਿਲਾਂ ਬਾਬਾ ਜ਼ੋਰਾਵਰ ਸਿੰਘ ਜੀ ਨੇ ਬਾਬਾ ਫਤਿਹ ਸਿੰਘ ਜੀ ਨੂੰ ਕਿਹਾ ਕਿ ਇਹ ਮੁਗਲ ਬੜੇ ਦਗੇਬਾਜ ਨੇ ਸਾਨੂੰ ਛੋਟੇ ਦਰਵਾਜ਼ੇ ਰਾਹੀਂ ਝੁਕਾਉਣ ਨੂੰ ਫਿਰਦੇ ਨੇ ਪਰ ਆਪਾਂ ਏਦਾਂ ਨਹੀਂ ਝੁਕਣਾ ਸੋ ਜਿਵੇਂ ਮੈਂ ਕਰਾਂਗਾ ਮੇਰੇ ਪਿੱਛੇ ਤੁਸੀਂ ਵੀ ਓਦਾਂ ਕਰਿਓ। ਬਾਬਾ ਫਤਿਹ ਸਿੰਘ ਜੀ ਨੇ ਹਾਮੀ ਭਰੀ ਅਤੇ ਸਾਹਿਬਜ਼ਾਦਿਆਂ ਨੇ ਛੋਟੇ ਦਰਵਾਜ਼ੇ ਵਿਚੋਂ ਸਿਰ ਲੰਘਾਉਣ ‘ਤੋਂ ਪਹਿਲਾਂ ਪੈਰ ਲੰਘਾ ਲਏ । ਜਦੋਂ ਸਭਾ ਵਿਚ ਬੈਠੇ ਸਰਕਾਰੀ ਬੰਦਿਆਂ ਨੇ ਇਹ ਸਭ ਕੁਝ ਵੇਖਿਆ ਤਾਂ ਦੰਗ ਰਹਿ ਗਏ ਕਿ ਬੱGuru Gobind Singh Jiਚਿਆਂ ਨੇ ਸਾਡੀ ਕੂਟਨੀਤੀ ਸਫਲ ਨਹੀਂ ਹੋਣ ਦਿਤੀ।
ਜਦੋਂ ਦੋਵੇਂ ਸਾਹਿਬਜ਼ਾਦੇ ਨਵਾਬ ਦੀ ਕਚਿਹਰੀ ਵਿੱਚ ਪੁੱਜੇ ਤਾਂ ਨਵਾਬ ਦੇ ਸਨਮੁੱਖ ਖਲੋ ਕੇ ਜੈਕਾਰੇ ਛੱਡੇ ਜਿਸ ਨਾਲ ਸਾਰੀ ਕਚਹਿਰੀ ਗੂੰਜ ਉੱਠੀ। ਨਵਾਬ ਸਣੇ ਕਚਿਹਰੀ ਵਿੱਚ ਹਾਜ਼ਰ ਸਾਰੇ ਲੋਕ ਹੈਰਾਨ ਸਨ ਕਿ ਇਹ ਨੰਨ੍ਹੇ ਬਾਲਕ ਕਿਸ ਮਿੱਟੀ ਦੇ ਬਣੇ ਹੋਏ ਹਨ ਜਿਨ੍ਹਾਂ ਨੇ ਨਵਾਬ ਦਾ ਜ਼ਰਾ ਵੀ ਡਰ ਨਹੀਂ ਮੰਨਿਆ। ਇਨ੍ਹਾਂ ਦੇ ਚਿਹਰੇ ਤੇ ਨੂਰ ਛਲਕਾਂ ਮਾਰਦਾ ਪਿਆ ਹੈ।ਮੌਤ ਦਾ ਖ਼ੌਫ ਇਨ੍ਹਾਂ ਦੇ ਨੇੜੇ ਨਹੀਂ ਫਟਕਦਾ।
ਸਰਹਿੰਦ ਵਿਚ ਸੂਬੇ ਦੇ ਤਲਵੇ ਚੱਟਣ ਵਾਲਾ ਸੁੱਚਾ ਨੰਦ ਬ੍ਰਾਹਮਣ ਸੀ, ਇਸ ਮਰੀ ਜ਼ਮੀਰ ਵਾਲੇ ਦਾ ਕੰਮ ਨਵਾਬ ਨੂੰ ਖੁਸ਼ ਕਰਨਾ ਸੀ ਕਿਉਂਕਿ ਇਸਦੀ ਵਜ਼ੀਰ ਖਾਨ ਨਾਲ ਕਾਫੀ ਨੇੜਤਾ ਸੀ। ਕਵੀ ਭਾਈ ਸੰਤੋਖ ਸਿੰਘ ਜੀ ਅਨੁਸਾਰ ਇਹ ਨੀਚ ਵਿਅਕਤੀ ਗੁਰੂਘਰ ਵਿਚ ਆਪਣੀ ਲੜਕੀ ਦਾ ਰਿਸ਼ਤਾ ਕਰਨਾ ਚਾਹੁੰਦਾ ਸੀ ਪਰ ਇਸਦੀ ਕਮੀਨਗੀ ਕਰਕੇ ਗੱਲ ਸਿਰੇ ਨਾ ਚੜ੍ਹੀ ਜਿਸ ਦਾ ਬਦਲਾ ਲੈਣ ਦਾ ਮਨ ਇਸਨੇ ਬਣਾ ਲਿਆ ਸੋ ਇਹ ਸਾਹਿਬਜ਼ਾਦਿਆਂ ਖ਼ਿਲਾਫ਼ ਸੂਬੇ ਦੇ ਕੰਨ ਭਰਨ ਲੱਗਾ । ਸਾਹਿਬਜ਼ਾਦਿਆਂ ਦੇ ਜੈਕਾਰੇ ਅਤੇ ਫਤਹਿ ਦੇ ਜਵਾਬ ਵਿਚ ਇਸਨੇ ਕਿਹਾ ਕਿ ਇਹ ਤੁਹਾਡੇ ਪਿਤਾ ਦਾ ਦਰਬਾਰ ਨਹੀਂ ਸੂਬਾ ਏ ਸਰਹੰਦ ਦਾ ਦਰਬਾਰ ਹੈ ਸੋ ਹੁਣੇ ਨਵਾਬ ਨੂੰ ਝੁਕ ਕੇ ਸਲਾਮ ਕਰੋ । ਦੂਜੇ ਪਾਸੇ ਸੂਬਾ ਸਰਹੰਦ ਵਜ਼ੀਰ ਖਾਨ ਨੇ ਕਿਹਾ ਤੁਸੀਂ ਬੜੇ ਸਿਆਣੇ ਅਤੇ ਪਿਆਰੇ ਬੱਚੇ ਹੋ, ਤੁਸੀਂ ਇਸਲਾਮ ਕਬੂਲ ਕਰ ਲਵੋ, ਤੁਹਾਨੂੰ ਨਵਾਬੀਆਂ ਮਿਲਣਗੀਆਂ ਧਰਤੀ ਤੋਂ ਅਸਮਾਨ ਤੱਕ ਤੁਹਾਡਾ ਰਾਜ ਭਾਗ ਬਣਾ ਦਿਆਂਗੇ । ਸੂਬੇ ਦੀ ਗੱਲ ਵਿਚ ਹੀ ਸੁਚਾ ਨੰਦ ਨੇ ਦੁਬਾਰਾ ਕਿਹਾ ਕਿ ਜਿਵੇਂ ਨਵਾਬ ਜੀ ਕਹਿੰਦੇ ਨੇ ਕਬੂਲ ਕਰ ਲਵੋ ।
ਸਾਹਿਬਜ਼ਾਦਿਆਂ ਨੇ ਦਲੇਰੀ ਨਾਲ ਜਵਾਬ ਦਿੱਤਾ ਕਿ ਅਸੀਂ ਗੁਰੂ ਨਾਨਕ ਪਾਤਸ਼ਾਹ ਦਾ ਕਲਮਾ ਪੜ੍ਹਿਆ ਹੈ, ਹੁਣ ਹੋਰ ਕਿਸੇ ਕਲਮੇ ਦੀ ਸਾਨੂੰ ਜ਼ਰੂਰਤ ਨਹੀਂ। ਬਾਕੀ ਰਹੀ ਸਲਾਮ ਦੀ ਗੱਲ “ਜੋ ਹਮ ਸਚੇ ਪਤਸ਼ਾਹ ਕੋ ਸਲਾਮ ਕੀਆ ਹੈ, ਅਉਰ ਕੋ ਸਲਾਮ ਨਹੀਂ ਕਰਤੇ।” ਇਹ ਸੁਣਕੇ ਸਾਰੀ ਕਚਹਿਰੀ ਵਿੱਚ ਮੌਜੂਦ ਸਾਰੇ ਲੋਕ ਆਪਸ ਵਿਚ ਗੱਲਾਂ ਕਰਨ ਲੱਗੇ ਕਿ ਕੈਸੇ ਨਿਡਰ ਤੇ ਨਿਰਲੋਭ ਬੱਚੇ ਹਨ ਕਿ ਸੂਬੇ ਸਰਹੰਦ ਦਾ ਖੌਫ ਈ ਨਹੀਂ ਮੰਨਦੇ । ਸੁੱਚਾ ਨੰਦ ਨੇ ਮੌਕਾ ਤਾੜਦਿਆਂ ਕਿਹਾ ਜਨਾਬ ਮੈਨੂੰ ਥੋੜ੍ਹਾ ਸਮਾਂ ਦਿਓ ਮੈਂ ਹੁਣੇ ਹੀ ਇਹਨਾਂ ਦੀ ਪਰਖ ਕਰਕੇ ਦੱਸਦਾਂ ਕਿ ਇਹਨਾਂ ਦੇ ਮਨ ਵਿਚ ਕੀ ਹੈ । ਸੁੱਚਾ ਨੰਦ ਨੇ ਕਚਿਹਰੀ ਤੋਂ ਬਾਹਰ ਤਖਤਪੋਸ਼ ਲਵਾ ਕੇ ਉਪਰ ਮਿਠਾਈਆਂ, ਖਿਡੌਣੇ ਅਤੇ ਸ਼ਸਤ੍ਰ ਸਜਾ ਦਿਤੇ ਕਿ ਜੇ ਭੋਲੇ ਭਾਲੇ ਹੋਏ ਤਾਂ ਖਿਡੌਣੇ ਜਾਂ ਮਠਿਆਈ ਚੁੱਕਣਗੇ ਤੇ ਜੇ ਬਾਗੀ ਹੋਏ ਤਾਂ ਸ਼ਸਤਰ ਚੁੱਕਣਗੇ । ਦੋਵੇਂ ਸਾਹਿਬਜ਼ਾਦਿਆਂ ਨੇ ਹੋਰ ਕੋਈ ਚੀਜ਼ ਨਾ ਵੇਖੀ ਸਿੱਧਾ ਈ ਸ਼ਸਤਰਾਂ ਕੋਲ ਜਾ ਖੜ੍ਹ ਗਏ।
ਬਾਬਾ ਜ਼ੋਰਾਵਰ ਸਿੰਘ ਜੀ ਨੇ ਤਲਵਾਰ ਅਤੇ ਬਾਬਾ ਫ਼ਤਹਿ ਸਿੰਘ ਜੀ ਨੇ ਇਕ ਸੋਹਣਾ ਨੇਜਾ ਚੁੱਕ ਲਿਆ। ਸੁੱਚਾ ਨੰਦ ਨੇ ਪੁੱਛਿਆ ਇਹਨਾਂ ਦਾ ਤੁਸੀਂ ਕੀ ਕਰੋਗੇ ਤਾਂ ਬਾਬਾ ਫਤਿਹ ਸਿੰਘ ਜੀ ਨੇ ਕਿਹਾ ਕਹਿੰਦੇ ਅਸੀਂ ਜੰਗਲਾਂ ਵਿਚ ਜਾਕੇ ਖਿੰਡੇ ਪੁੰਡੇ ਸਿੰਘਾਂ ਨੂੰ ਇਕੱਠਾ ਕਰਾਂਗੇ ਜਿੰਨਾ ਚਿਰ ਤੁਰਕਾਂ ਦੀ ਜੜ੍ਹ ਨੀ ਪੁੱਟੀ ਜਾਂਦੀ ਅਸੀਂ ਲੜਦੇ ਰਹਾਂਗੇ। ਸੁੱਚਾ ਨੰਦ ਨੇ ਆਪਣੀ ਚਾਲ ਖੇਡੀ ਅਤੇ ਸੂਬਾ ਸਰਹੰਦ ਨੂੰ ਕਿਹਾ ਹਜ਼ੂਰ “ਇਹ ਸ਼ੀਰ ਖੋਰ ਨਾਹੀ। ਸ਼ੇਰ ਕੇ ਬੱਚੇ ਹੈਂ ਜਦ ਸਿਆਣੇ ਹੋਏਂਗੇ ਤਬ ਇਹ ਭੀ ਤੂਫ਼ਾਨ ਉਠਾਂਏਂਗੇ।” ਸੂਬਾ ਸਰਹੰਦ ਨੇ ਪੁੱਛਿਆ ਕਿ ਤੁਸੀਂ ਸੱਚੀਂ ਏਦਾਂ ਕਰੋਗੇ ਤਾਂ ਸਾਹਿਬਜ਼ਾਦਿਆਂ ਨੇ ਨਿਧੜਕ ਹੋ ਕੇ ਕਿਹਾ ਹਾਂ ਅਸੀਂ ਲੜਦੇ ਰਹਾਂਗੇ ਜਦੋਂ ਤੱਕ ਜ਼ੁਲਮੀ ਰਾਜ ਦੀ ਜੜ੍ਹ ਨਹੀਂ ਪੁੱਟੀ ਜਾਂਦੀ ਜਾਂ ਅਸੀਂ ਜਦੋਂ ਤੱਕ ਸ਼ਹੀਦ ਨਹੀਂ ਹੋ ਜਾਂਦੇ।
11 ਪੋਹ ਠੰਡੇ ਬੁਰਜ ਵਿੱਚ ਦੂਜੀ ਰਾਤ
ਸਾਹਿਬਜ਼ਾਦਿਆਂ ਦੇ ਦਲੇਰੀ ਭਰੇ ਜਵਾਬ ਸੁਣ ਕੇ ਸੁਚਾ ਨੰਦ ਨੇ ਕਿਹਾ ਤੁਹਾਡੇ ਵੱਡੇ ਭਰਾਵਾਂ ਨੂੰ ਅਸੀਂ ਚਮਕੌਰ ਦੀ ਜੰਗ ਵਿਚ ਮਾਰ ਦਿੱਤਾ ਹੈ ਹੁਣ ਤੁਹਾਡੇ ਪਿਤਾ ਨੂੰ ਵੀ ਮਾਰ ਦੇਣਾ ਹੈ, ਏਨੀ ਗੱਲ ਸੁਣ ਕੇ ਸਾਹਿਬਜ਼ਾਦੇ ਰੋਹ ਵਿਚ ਆਏ ਅਤੇ ਕਿਹਾ ਓ ਪੰਡਤਾ ! ਸਾਡੇ ਪਿਤਾ ਨੂੰ ਕੋਈ ਨਹੀਂ ਮਾਰ ਸਕਦਾ। ਤੂੰ ਸਾਨੂੰ ਸਿੱਖੀ ਤਿਆਗ ਕੇ ਮੁਸਲਮਾਨ ਬਣਨ ਲਈ ਕਹਿ ਰਿਹਾ ਹੈ? ਤੇਰੀ ਸੋਚ ਨੂੰ ਲਾਹਣਤ ਹੈ ਅੱਗੋਂ ਸੁਚਾ ਨੰਦ ਨੇ ਕਚਹਿਰੀ ਵਿਚ ਸਿਰ ਤੇ ਹੱਥ ਮਾਰਿਆ। ਸਾਹਿਬਜ਼ਾਦਿਆਂ ਨੂੰ ਸੋਚਣ ਦਾ ਸਮਾਂ ਦਿਤਾ ਗਿਆ ਕਿ ਕੱਲ੍ਹ ਤੱਕ ਦਾ ਵਕਤ ਹੈ ਇਸਲਾਮ ਕਬੂਲ ਕਰ ਲਵੋ ਨਹੀਂ ਤਾਂ ਮਾਰੇ ਜਾਵੋਗੇ । ਗੁਰੂ ਕੇ ਲਾਲ ਸਿਪਾਹੀਆਂ ਨਾਲ ਠੰਡੇ ਬੁਰਜ ਵਿੱਚ ਦਾਦੀ ਮਾਂ ਕੋਲ ਵਾਪਸ ਆ ਗਏ।
ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫ਼ਤਹਿ ਸਿੰਘ ਮੁਸਕਰਾਉਂਦੇ, ਚਿਹਰੇ ਤੇ ਲਾਲੀ ਝਲਕਾਂ ਮਾਰਦੀ; ਆਪਣੀ ਪਿਆਰੀ ਦਾਦੀ ਨੂੰ ਜਾ ਚੰਬੜੇ, ਦਾਦੀ ਮਾਤਾ ਨੇ ਦੋਵਾਂ ਲਾਲਾਂ ਨੂੰ ਗਲਵੱਕੜੀ ਵਿੱਚ ਲੈ ਕੇ ਪਿਆਰ ਦਿੱਤਾ ਤੇ ਮੱਥਾ ਚੁੰਮ ਕੇ ਪੁੱਛਿਆ, ਮੇਰੇ ਲਾਡਲਿਓ ! ਅੱਜ ਸੂਬੇ ਦੀ ਕਚਹਿਰੀ ਵਿੱਚ ਕੀ ਹੋਇਆ?
ਜੋ ਜੋ ਕਚਹਿਰੀ ਵਿਚ ਹੋਇਆ ਗੁਰੂ ਲਾਲਾਂ ਨੇ ਬੜੇ ਚਾਅ ਨਾਲ ਦੱਸਿਆ ਕਿ ਦਾਦੀ ਜੀ ! ਤੁਹਾਡੇ ਪੋਤੇ ਡੋਲੇ ਨਹੀਂ ਬਥੇਰਾ ਲਾਲਚ ਦਿੱਤਾ। ਅਸੀਂ ਸੂਬੇ ਦੀ ਕਚਿਹਰੀ ਵਿੱਚ ਜੈਕਾਰੇ ਗਜਾ ਕੇ ਆਏ ਹਾਂ । ਸੁੱਚਾ ਨੰਦ ਬਾਰੇ ਵੀ ਸਭ ਕੁੱਝ ਦੱਸਿਆ, ਅਸੀਂ ਉਸਨੂੰ ਹਿੰਦੂਆਂ ਦੇ ਤਿਲਕ ਜੰਝੂ ਲਈ ਦਾਦਾ ਜੀ ਦੀ ਸ਼ਹੀਦੀ ਬਾਰੇ ਵੀ ਦੱਸਿਆ ਕਿ ਤੂੰ ਸਾਡਾ ਧਰਮ ਬਦਲਣਾ ਚਾਉਂਦਾ ਹੈਂ ਜਦਕਿ ਤੁਹਾਡੇ ਧਰਮ ਦੀ ਰੱਖਿਆ ਸਾਡੇ ਦਾਦਾ ਜੀ ਨੇ ਪਰਉਪਕਾਰ ਕਰਕੇ ਕੀਤੀ ਸੀ।
ਜਦੋਂ ਸਾਹਿਬਜ਼ਾਦਿਆਂ ਨੇ ਦੱਸਿਆ ਕਿ ਸਾਨੂੰ ਕਤਲ ਕਰਨ ਦੀਆਂ ਧਮਕੀਆਂ ਦਿੱਤੀਆਂ ਹਨ ਤਾਂ ਮਾਤਾ ਜੀ ਵੈਰਾਗ ‘ਚ ਆ ਗਏ ਸਾਹਿਬਜ਼ਾਦਿਆਂ ਨੇ ਕਿਹਾ ਦਾਦੀ ਜੀ ! ਤੁਸੀਂ ਚਿੰਤਾ ਨਾ ਕਰੋ, ਅਸੀਂ ਤਾਂ ਬਹੁਤ ਛੇਤੀ ਦਾਦਾ ਜੀ ਦੀ ਗੋਦ ਵਿਚ ਜਾਣਾ ਚਾਹੁੰਦੇ ਹਾਂ, ਨਾਲੇ ਓਥੇ ਸ਼ਾਇਦ ਸਾਨੂੰ ਸਾਡੇ ਵੱਡੇ ਵੀਰ ਮਿਲ ਜਾਣਗੇ । ਦਾਦੀ ਮਾਂ ਨੇ ਦੋਵਾਂ ਨੂੰ ਗਲ਼ ਨਾਲ ਲਾਇਆ ਤੇ ਕਿਹਾ ਮੇਰੇ ਲਾਡਲੇ ਬੱਚਿਓ ਤੁਹਾਡੇ ਤੇ ਬਹੁਤ ਜ਼ੁਲਮ ਹੋਣਗੇ ਤਸੀਹੇ ਮਿਲਣਗੇ ਪਰ ਤੁਸੀਂ ਡੋਲਣਾ ਨਹੀਂ। ਭਾਣਾ ਵਰਤਣਾ ਅਵਸ਼ ਹੈ ਪਰ ਤੁਸੀਂ ਜ਼ਰਾ ਜਿੰਨੀ ਵੀ ਈਨ ਨਹੀਂ ਮੰਨਣੀ ।
ਦੋਵੇਂ ਲਾਲ ਕਹਿਣ ਲੱਗੇ ਮਾਤਾ ਜੀ ! ਯਾਦ ਰੱਖਿਓ ਸਾਨੂੰ ਮਾਰਨ ਵਾਲੇ ਆਪ ਮਰ ਜਾਣਗੇ ਪਰ ਅਸੀਂ ਆਤਮਿਕ ਜੀਵਨ ਪ੍ਰਾਪਤ ਕਰ, ਧਰਮ ਤੇ ਦ੍ਰਿੜ ਰਹਿ ਕੇ ਹਮੇਸ਼ਾ ਲਈ ਅਮਰ ਹੋ ਜਾਵਾਂਗੇ, ਮਾਤਾ ਜੀ ਦੇ ਮਨ ਵਿਚ ਕਿਸੇ ਅਣਹੋਣੇ ਵਰਤਾਰੇ ਦੇ ਵਰਤਣ ਦਾ ਅਹਿਸਾਸ ਹੋ ਰਿਹਾ ਸੀ । ਉਹ ਹਰ ਪਲ ਸਾਹਿਬਜ਼ਾਦਿਆਂ ਨੂੰ ਗੁਰਸਿੱਖੀ ਨਾਲ ਗੜੂੰਦ ਕਰਕੇ ਹਰ ਤਰਾਂ ਦੇ ਡਰ ਭੌਂ ਤੋਂ ਰਹਿਤ ਕਰ ਰਹੇ ਸਨ।
ਮਾਤਾ ਜੀ ਨੇ ਦੋਵਾਂ ਲਾਡਲੇ ਲਾਲਾਂ ਨੂੰ ਆਪਣੀ ਗੋਦ ਵਿੱਚ ਇਕੱਠੇ ਬਿਠਾ ਕੇ ਸੋਦਰ ਤੇ ਸੋਹਿਲੇ ਜੀ ਦੇ ਪਾਠ ਕੀਤੇ । ਤਿੰਨਾਂ ਦਿਨਾਂ ਦੇ ਭੁੱਖੇ ਮਾਤਾ ਜੀ ਤੇ ਸਾਹਿਬਜ਼ਾਦਿਆਂ ਨੂੰ ਮੁੜ ਅੱਧੀ ਰਾਤ ਪਹਿਰੇਦਾਰਾਂ ਨੂੰ ਘਰ ਦਾ ਗਹਿਣਾ ਗੱਟਾ ਵੇਚ ਕੇ ਬਾਬਾ ਮੋਤੀ ਰਾਮ ਜੀ ਨੇ ਗਰਮ-ਗਰਮ ਦੁੱਧ ਛਕਾਇਆ । ਮਾਤਾ ਜੀ ਨੇ ਮੋਤੀ ਰਾਮ ਮਹਿਰਾ ਜੀ ਨੂੰ ਅਨੇਕਾਂ ਅਸੀਸਾਂ ਦੇ ਕੇ ਵਿਦਾ ਕੀਤਾ । ਦੁੱਧ ਪੀ ਕੇ ਸਾਹਿਬਜ਼ਾਦੇ ਮਾਤਾ ਜੀ ਦੀ ਗੋਦ ਦਾ ਨਿੱਘ ਮਾਣਦੇ ਅਰਾਮ ਕਰਨ ਲੱਗ ਪਏ ਪਰ ਮਾਤਾ ਜੀ ਦੀਆਂ ਅੱਖਾਂ ਵਿੱਚ ਨੀਂਦ ਕਿਵੇਂ ਆਵੇ? ਸਾਰੀ ਰਾਤ ਮੁੜ ਜਾਗੋ ਮੀਟੀ ਵਿੱਚ ਬਤੀਤ ਹੋਈ।
ਉਧਰ ਸਤਿਗੁਰੂ ਜੀ ਪਾਸੋਂ ਮਿਲੀ ਹਾਰ ਤੋਂ ਬੁਖਲਾਏ ਸੂਬੇਦਾਰ ਵਜੀਦ ਨੇ ਗੁਰੂ ਲਾਲਾਂ ਨੂੰ ਜਾਨੋਂ ਮਾਰ ਦੇਣ ਦਾ ਪੱਕਾ ਇਰਾਦਾ ਬਣਾ ਲਿਆ ਪਰ ਇਸ ਘੋਰ ਪਾਪ ਦੀ ਸੋਚ ਨੇ ਉਸ ਦੇ ਦਿਲ ਨੂੰ ਚੈਨ ਨਾ ਲੈਣ ਦਿੱਤੀ । ਵਜੀਦ ਖਾਂ ਨੇ ਆਪਣੇ ਮਨ ਵਿੱਚ ਇੱਕ ਵਿਉਂਤ ਬਣਾ ਕੇ ਨਵਾਬ ਮਲੇਰਕੋਟਲਾ ਨੂੰ ਇੱਕ ਪੱਤਰ ਲਿਖਿਆ ਕਿ ਨਵਾਬ ਸਾਹਿਬ! ਤੁਸੀਂ ਸਾਰੇ ਰੁਝੇਵੇਂ ਛੱਡ ਕੇ ਕੱਲ ਨੂੰ ਹੀ ਮੇਰੀ ਕਚਹਿਰੀ ਵਿੱਚ ਜ਼ਰੂਰ ਪੁੱਜਣਾ ਹੈ।” ਉਸਦੀ ਵਿਉਂਤ ਇਹ ਸੀ ਕਿ ਮਲੇਰਕੋਟਲੀਏ ਨਵਾਬ ਦਾ ਭਰਾ ਅਜੇ ਹੁਣੇ ਹੀ ਚਮਕੌਰ ਦੀ ਜੰਗ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਹੱਥੋਂ ਮਾਰੇ ਗਏ ਹਨ, ਸੋ ਕਿਉਂ ਨਾ ਮਲੇਰਕੋਟਲੀਏ ਨਵਾਬ ਸ਼ੇਰ ਮੁਹੰਮਦ ਖਾਂ ਨੂੰ ਉਸਦੇ ਭਰਾਵਾਂ ਦਾ ਬਦਲਾ ਲੈਣ ਲਈ ਉਕਸਾ ਕੇ ਇਹ ਛੋਟੇ ਬੱਚਿਆਂ ਨੂੰ ਉਸਦੇ ਹੱਥੋਂ ਸ਼ਹੀਦ ਕਰਵਾ ਦਿੱਤਾ ਜਾਵੇ, ਸੋ ਸੂਬਾ ਸਰਹੰਦ ਦਾ ਸੁਨੇਹਾ ਪਾ ਕੇ ਅਗਲੀ ਸਵੇਰ ਹੀ ਮਲੇਰਕੋਟਲੇ ਦਾ ਨਵਾਬ ਸ਼ੇਰ ਮੁਹੰਮਦ ਖਾਂ ਵੀ ਸਰਹਿੰਦ ਪੁੱਜ ਗਿਆ। ਅਗਲੀ ਸਵੇਰ ਨਵਾਬ ਮਲੇਰਕੋਟਲਾ ਨੂੰ ਕਚਹਿਰੀ ਵਿੱਚ ਬੱਚਿਆਂ ਤੋਂ ਬਦਲਾ ਲੈਣ ਬਾਰੇ ਕਿਹਾ ਗਿਆ ਤਾਂ ਉਨ੍ਹਾਂ ਨੇ ਸਾਫ ਸ਼ਬਦਾਂ ਵਿੱਚ ਇਨਕਾਰ ਕਰ ਦਿੱਤਾ, ਉਨ੍ਹਾਂ ਨੇ ਕਿਹਾ ਬਾਪ ਦਾ ਬਦਲਾ ਜ਼ਰੂਰ ਲੈ ਸਕਦਾ ਹਾਂ ਪਰ ਇਨ੍ਹਾਂ ਨਿੱਕੇ ਨਿੱਕੇ ਬੱਚਿਆਂ ਤੋਂ ਬਦਲਾ ਲੈਣ ਦਾ ਖਿਆਲ ਵੀ ਮੈਨੂੰ ਝੰਜੋੜ ਰਿਹਾ ਹੈ। ਅਤੇ ਇਸ ਮੌਕੇ ਉਨ੍ਹਾਂ ਨੇ ਸਾਹਿਬਜ਼ਾਦਿਆਂ ਦੇ ਹੱਕ ਵਿੱਚ ਹਾਂ ਦਾ ਨਾਅਰਾ ਮਾਰਿਆ ਅਤੇ ਕਿਹਾ ਕਿ ਵਜ਼ੀਦ ਖਾਂ ਇਸਲਾਮ ਇਸ ਗੱਲ ਦੀ ਇਜ਼ਾਜਤ ਨਹੀਂ ਦਿੰਦਾ, ਇਹ ਬਿਲਕੁਲ ਜ਼ੁਰਮ ਹੈ। ਅਤੇ ਇਹ ਕਹਿੰਦੇ ਹੋਏ ਨਵਾਬ ਮਲੇਰਕੋਟਲਾ ਕਚਹਿਰੀ ਛੱਡ ਗੁੱਸੇ ਵਿੱਚ ਚਲਾ ਜਾਂਦਾ ਹੈ।