Punjab
ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਸਰਕਾਰੀ ਮਿਡਲ ਸਕੂਲ ਗੋਚਰ ਦਾ ਦੌਰਾ

ਚੰਡੀਗੜ੍ਹ:
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਰਕਾਰੀ ਸਿੱਖਿਆ ਸੰਸਥਾਵਾਂ ਨੂੰ ਬਿਹਤਰ ਬਣਾਉਣ ਲਈ ਲਗਾਤਾਰ ਕਾਰਜ਼ ਕੀਤੇ ਜਾ ਰਹੇ ਹਨ। ਇਸੇ ਲੜੀ ਤਹਿਤ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਸਰਕਾਰੀ ਸਕੂਲਾਂ ਦੀ ਅਸਲ ਸਥਿਤੀ ਜਾਣਨ ਲਈ ਸਰਕਾਰੀ ਸਕੂਲਾਂ ਦਾ ਦੌਰਾ ਕੀਤਾ ਜਾ ਰਿਹਾ ਹੈ।
ਬੈਂਸ ਵੱਲੋਂ ਅੱਜ ਸਰਕਾਰੀ ਮਿਡਲ ਸਕੂਲ ਗੋਚਰ ਦਾ ਦੌਰਾ ਕੀਤਾ ਗਿਆ ।
ਇਸ ਦੌਰੇ ਦੌਰਾਨ ਸਾਹਮਣੇ ਆਇਆ ਕਿ ਵਿਦਿਆਰਥੀ ਬੁਨਿਆਂਦੀ ਸਹੂਲਤਾਂ ਤੋਂ ਵਾਂਝੇ ਹਨ, ਉਸ ਦੇ ਨਾਲ ਹੀ ਸਕੂਲ ਦੀ ਇਮਾਰਤ ਦੀ ਹਾਲਤ ਵੀ ਤਰਸਯੋਗ ਹੈ। ਸਕੂਲ ਦੀ ਚਾਰਦੀਵਾਰੀ ਕਈ ਥਾਵਾਂ ਤੋ ਡਿੱਗੀ ਹੋਈ ਸੀ ਅਤੇ ਸਕੂਲ ਦੀ ਬਿਜਲੀ ਫਿਟਿੰਗ ਦੀ ਸਥਿਤੀ ਵੀ ਬਹੁਤ ਤਰਸਯੋਗ ਹੈ ਜਿਸ ਕਾਰਣ ਬਰਸਾਤ ਦੇ ਦਿਨਾਂ ਵਿੱਚ ਕੰਧਾਂ ਵਿੱਚ ਅਕਸਰ ਕਰੰਟ ਆ ਜਾਂਦਾ ਹੈ ਅਤੇ ਬੱਚਿਆਂ ਨੂੰ ਕਰੰਟ ਤੋਂ ਬਚਾਉਣ ਲਈ ਗਰਮੀ ਦੇ ਮੌਸਮ ਵਿੱਚ ਬਿਜਲੀ ਦੀ ਸਪਲਾਈ ਬੰਦ ਰੱਖਣੀ ਪੈਂਦੀ ਹੈ। ਇਸੇ ਤਰ੍ਹਾਂ ਸਕੂਲ ਦੇ ਖੇਡ ਮੈਦਾਨ ਦੀ ਹਾਲਤ ਵੀ ਬਹੁਤ ਖਰਾਬ ਹੈ। ਸਕੂਲ ਦੀਆਂ ਸਮਸਿਆਵਾਂ ਦਾ ਜਲਦ ਨਿਬੇੜਾ ਕਰਨ ਲਈ ਸਿੱਖਿਆਂ ਮੰਤਰੀ ਨੇ ਵਿਭਾਗ ਦੇ ਜੇ.ਈ ਨੂੰ ਆਪਣੀ ਰਿਪੋਰਟ ਤੁਰੰਤ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ।
ਹਰਜੋਤ ਸਿੰਘ ਬੈਂਸ ਨੇ ਪਿਛਲੇ ਕਈ ਸਾਲਾਂ ਤੋਂ ਤਰਸ਼ਯੋਗ ਹਾਲਾਤਾਂ ਵਿੱਚ ਵਿਦਿਆਰਥੀਆਂ ਨੂੰ ਪੜਾ ਰਹੇ ਅਧਿਆਪਕਾਂ ਦੀ ਸਲਾਘਾ ਕੀਤੀ ਅਤੇ ਵਿਦਿਆਰਥੀਆਂ ਦੀ ਹੌਂਸਲਾ ਅਫ਼ਜ਼ਾਈ ਵੀ ਕੀਤੀ।