Punjab
ਪੰਜਾਬ ‘ਚ ਸਰਦੀਆਂ ਦੀਆਂ ਛੁੱਟੀਆਂ ਦੌਰਾਨ ਸਕੂਲ ਬੰਦ ਪਰ ਸਖ਼ਤ ਫ਼ਰਮਾਨ ਹੋਏ ਜਾਰੀ!
ਪੰਜਾਬ ਸਰਕਾਰ ਨੇ ਸੂਬੇ ਦੇ ਸਾਰੇ ਸਕੂਲਾਂ ਲਈ ਅਹਿਮ ਫੈਸਲਾ ਲਿਆ ਹੈ। ਜਿਸ ਸਬੰਧੀ ਸਮੂਹ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ। ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਾਰੇ 233 ਪੀ.ਐਮ ਸ਼੍ਰੀ ਸਕੂਲਾਂ ਦੇ ਵਿਦਿਆਰਥੀਆਂ ਲਈ ‘ਵਿੰਟਰ ਕੈਂਪ’ (Winter Camp) ਲਗਾਏ ਜਾ ਰਹੇ ਹਨ। ਇਸ ਦੇ ਲਈ ਸਾਰੇ ਸਕੂਲਾਂ ਨੂੰ ਸਖ਼ਤ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ।
ਦੱਸ ਦੇਈਏ ਕਿ ਇਹ ਵਿੰਟਰ ਕੈਂਪ ਪੰਜਾਬ ਦੇ 233 ਪੀਐਮ ਸ਼੍ਰੀ ਸਕੂਲਾਂ ਵਿੱਚ ਪੜ੍ਹਦੇ 6ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਹੈ। ਇਸ ਦੇ ਲਈ ਸਰਕਾਰ ਨੇ ਪ੍ਰਤੀ ਵਿਦਿਆਰਥੀ 100 ਰੁਪਏ ਦਾ ਬਜਟ ਵੀ ਰੱਖਿਆ ਹੈ। ਵਿੰਟਰ ਕੈਂਪ ਦਾ ਉਦੇਸ਼ ਗਰਮੀਆਂ ਦੀਆਂ ਛੁੱਟੀਆਂ ਵਾਂਗ ਸਰਦੀਆਂ ਵਿੱਚ ਵੀ ਵਿਦਿਆਰਥੀਆਂ ਨੂੰ ਵੱਖ-ਵੱਖ ਗਤੀਵਿਧੀਆਂ ਵਿੱਚ ਰੁਝੇ ਰੱਖਣਾ ਹੈ। ਇਸ ਦੇ ਨਾਲ ਹੀ ਵਿਦਿਆਰਥੀਆਂ ਦੀ ਵੱਖ-ਵੱਖ ਵਿਸ਼ਿਆਂ, ਸਰਵਪੱਖੀ ਵਿਕਾਸ, ਅਨੁਭਵੀ ਸਿੱਖਿਆ ਆਦਿ ਵਿੱਚ ਰੁਚੀ ਵਧਦੀ ਹੈ। ਇਹ ਕੈਂਪ ਸਕੂਲਾਂ ਵਿੱਚ ਲਗਾਉਣ ਦੀ ਬਜਾਏ ਵਿਦਿਆਰਥੀ ਘਰ ਬੈਠੇ ਹੀ ਵੱਖ-ਵੱਖ ਗਤੀਵਿਧੀਆਂ ਕਰ ਸਕਦੇ ਹਨ।
ਸਾਰੇ ਸਕੂਲਾਂ ਨੂੰ ਹਦਾਇਤ ਦਿੱਤੀ ਗਈ ਹੈ ਕਿ ਵਿੰਟਰ ਕੈਂਪ ਦੀਆਂ ਸਾਰੀਆਂ ਗਤੀਵਿਧੀਆਂ ਦੀ ਰਿਪੋਰਟ ਫੋਟੋਆਂ ਸਮੇਤ 31 ਮਾਰਚ, 2025 ਤੱਕ ਮੁੱਖ ਦਫ਼ਤਰ ਨੂੰ ਭੇਜਣ। ਇਸ ਤੋਂ ਇਲਾਵਾ ਅਕਾਦਮਿਕ ਸੰਸ਼ੋਧਨ ਤਹਿਤ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਵਰਕਸ਼ੀਟਾਂ ਵੀ ਦਿੱਤੀਆਂ ਜਾਣ। ਵਿਦਿਆਰਥੀਆਂ ਵੱਲੋਂ ਤਿਆਰ ਕੀਤੇ ਪ੍ਰੋਜੈਕਟਾਂ ਦੀ ਪ੍ਰਦਰਸ਼ਨੀ ਲਗਾਈ ਜਾਵੇਗੀ, ਜਿਸ ਵਿੱਚ ਮੁੱਖ ਦਫ਼ਤਰ, ਜ਼ਿਲ੍ਹਾ ਸਿੱਖਿਆ ਅਫ਼ਸਰ, ਬੀ.ਐਨ.ਓ ਅਤੇ ਏ.ਐਸ.ਜੀ ਗਰੁੱਪ ਦੇ ਮੈਂਬਰ ਵੀ ਭਾਗ ਲੈਣਗੇ।
ਵਿਦਿਆਰਥੀਆਂ ਦੇ ਮਾਪਿਆਂ ਤੋਂ ਇਲਾਵਾ ਸੀਐਮਸੀ ਮੈਂਬਰਾਂ ਨੂੰ ਵੀ ਇਸ ਪ੍ਰਦਰਸ਼ਨੀ ਵਿੱਚ ਬੁਲਾਉਣ ਲਈ ਕਿਹਾ ਗਿਆ ਹੈ। ਸਕੂਲਾਂ ਨੂੰ ਇਸ ਪ੍ਰਦਰਸ਼ਨੀ ਦੀਆਂ ਰਿਪੋਰਟਾਂ ਅਤੇ ਫੋਟੋਆਂ ਵੀ ਰੱਖਣੀਆਂ ਪੈਣਗੀਆਂ। ਇਨ੍ਹਾਂ ਹਦਾਇਤਾਂ ਨੂੰ ਸਖ਼ਤੀ ਨਾਲ ਲਾਗੂ ਕਰਨ ਲਈ ਕਿਹਾ ਗਿਆ ਹੈ।