Connect with us

Punjab

ਸਿਰਫ਼ ਸਮਾਰਟ ਸਕੂਲ ਦਾ ਫੱਟਾ ਲਗਾਉਣ ਨਾਲ ਹੀ ਸਕੂਲ ਸਮਾਰਟ ਨਹੀਂ ਬਣ ਜਾਂਦੇ: ਸਕੂਲ ਸਿੱਖਿਆ ਮੰਤਰੀ

Published

on

  • ਹਰਜੋਤ ਸਿੰਘ ਬੈਂਸ ਵੱਲੋਂ ਇੱਕ ਮਹੀਨੇ ਵਿੱਚ ਸਕੂਲ ਦੀ ਨੁਹਾਰ ਬਦਲਣ ਦਾ ਹੁਕਮ
  • ਸਰਕਾਰੀ ਪ੍ਰਾਇਮਰੀ ਸਕੂਲ ਮਸੌਲ ਨੂੰ 50 ਲੱਖ ਰੁਪਏ ਦੀ ਗ੍ਰਾਂਟ ਜਾਰੀ ਕਰਨ ਦੇ ਹੁਕਮ

ਚੰਡੀਗੜ੍ਹ, 13 ਅਕਤੂਬਰ:

ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਅੱਜ ਇੱਥੇ ਕਿਹਾ ਕਿ ਸਿਰਫ਼ ਸਮਾਰਟ ਸਕੂਲ ਦਾ ਫੱਟਾ ਲਗਾਉਣ ਨਾਲ ਹੀ ਸਕੂਲ ਸਮਾਰਟ ਨਹੀਂ ਹੋ ਜਾਂਦਾ। ਉਨ੍ਹਾਂ ਕਿਹਾ ਕਿ ਅਤੀਤ ਵਿੱਚ ਰਹੀਆਂ ਕਾਂਗਰਸ ਪਾਰਟੀ ਅਤੇ ਅਕਾਲੀ-ਭਾਜਪਾ ਦੀਆਂ ਸਰਕਾਰਾਂ ਦੀ ਸਿੱਖਿਆ ਪ੍ਰਤੀ ਸੁਹਿਰਦਤਾ ਦਾ ਸਰਕਾਰੀ ਪ੍ਰਾਇਮਰੀ ਸਕੂਲ ਮਸੌਲ ਸਭ ਤੋਂ ਵੱਡਾ ਗਵਾਹ ਹੈ। ਸ. ਹਰਜੋਤ ਸਿੰਘ ਬੈਂਸ ਵੱਲੋਂ ਅੱਜ ਚੰਡੀਗੜ੍ਹ ਦੇ ਨਾਲ ਲਗਦੇ ਪੰਜਾਬ ਰਾਜ ਦੇ ਪਿੰਡ ਮਸੌਲ ਦਾ ਦੌਰਾ ਕੀਤਾ ਗਿਆ। ਇਸ ਸਕੂਲ ਨੂੰ ਕਾਂਗਰਸ ਸਰਕਾਰ ਵੱਲੋਂ ਸਮਾਰਟ ਸਕੂਲ ਦਾ ਦਰਜਾ ਦੇ ਦਿੱਤਾ ਗਿਆ ਸੀ ਪ੍ਰੰਤੂ ਇਸ ਸਕੂਲ ਵਿੱਚ ਨਾ ਤਾਂ ਕਲਾਸਰੂਮ ਹਨ, ਨਾ ਪੀਣ ਵਾਲਾ ਪਾਣੀ, ਨਾ ਹੀ ਸਾਫ਼-ਸਫਾਈ ਦਾ ਕੋਈ ਪ੍ਰਬੰਧ ਅਤੇ ਨਾ ਹੀ ਸਕੂਲ ਦੀ ਚਾਰਦੀਵਾਰੀ ਹੈ।

ਸਕੂਲ ਸਿੱਖਿਆ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਰਾਜ ਵਿੱਚ ਸ਼ੁਰੂ ਕੀਤੀ ਗਈ ਸਿੱਖਿਆ ਕ੍ਰਾਂਤੀ ਦਾ ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਵੱਲੋਂ ਬਹੁਤ ਵਿਰੋਧ ਕੀਤੇ ਜਾਣ ਦਾ ਕਾਰਨ ਅੱਜ ਸਮਝ ਆਇਆ ਹੈ। ਉਨ੍ਹਾਂ ਕਿਹਾ ਕਿ ਉਕਤ ਪਾਰਟੀਆਂ ਸਿਰਫ਼ ਨਾਮ ਦੇ ਸਮਾਰਟ ਸਕੂਲ ਬਣਾ ਕੇ ਹੀ ਲੋਕਾਂ ਨੂੰ ਮੂਰਖ ਬਣਾਉਣ ਨੂੰ ਹੀ ਪ੍ਰਾਪਤੀ ਸਮਝਦੀਆਂ ਹਨ ਜਦਕਿ ਸਾਡੀ ਸਰਕਾਰ ਲੋਕਾਂ ਨੂੰ ਸੱਚਮੁੱਚ ਦੇ ਬਿਹਤਰੀਨ ਸਕੂਲ ਬਣਾਉਣ ਦੀ ਦਿਸ਼ਾ ਵਿੱਚ ਕੰਮ ਕਰ ਰਹੀ ਹੈ, ਜਿਸ ਤੋਂ ਇਨ੍ਹਾਂ ਪਾਰਟੀਆਂ ਨੂੰ ਦਿੱਕਤ ਮਹਿਸੂਸ ਹੁੰਦੀ ਹੈ। ਸਕੂਲ ਸਿੱਖਿਆ ਮੰਤਰੀ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੈਸ (ਐਨ.ਏ.ਐਸ.) ਦੀ ਰਿਪੋਰਟ ਦੇ ਆਧਾਰ ‘ਤੇ ਆਪਣੇ ਆਪ ਨੂੰ ਦੇਸ਼ ਦਾ ਸਰਵੋਤਮ ਸਿੱਖਿਆ ਮਾਡਲ ਵਾਲਾ ਸਕੂਲ ਦੱਸਦੀਆਂ ਸਨ। ਇਸ ਰਿਪੋਰਟ ਅਨੁਸਾਰ ਸਰਕਾਰੀ ਸਕੂਲਾਂ ਦੇ 50 ਫੀਸਦੀ ਵਿਦਿਆਰਥੀ ਨੂੰ ਭਾਸ਼ਾਵਾਂ ਦਾ ਗਿਆਨ ਹੁੰਦਾ ਹੈ ਜਦਕਿ ਸਰਕਾਰੀ ਪ੍ਰਾਇਮਰੀ ਸਕੂਲ ਮਸੌਲ ਦੇ ਵਿਦਿਆਰਥੀ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਪੜ੍ਹਨ ਵਿੱਚ ਬਿਲਕੁਲ ਅਸਮਰੱਥ ਸਨ।

ਉਨ੍ਹਾਂ ਕਿਹਾ ਕਿ 1990 ਵਿੱਚ ਸਕੂਲ ਲਈ ਬਣਾਈ ਗਈ ਬਿਲਡਿੰਗ ਬਿਨਾਂ ਵਰਤੋਂ ਦੇ ਹੀ ਖੰਡਰ ਬਣ ਗਈ ਹੈ ਜਿਸ ਬਾਰੇ ਬੀਤੇ ਤਿੰਨ ਦਹਾਕਿਆਂ ਵਿੱਚ ਰਹੇ ਕਿਸੇ ਵੀ ਸਿੱਖਿਆ ਮੰਤਰੀ ਵੱਲੋਂ ਧਿਆਨ ਨਹੀਂ ਦਿੱਤਾ ਗਿਆ।

ਸ. ਹਰਜੋਤ ਸਿੰਘ ਬੈਂਸ ਨੇ ਇਸ ਸਕੂਲ ਦੀ ਸਫ਼ਾਈ ਦੀ ਸ਼ੁਰੂਆਤ ਖੁਦ ਕਰਦਿਆਂ ਸਕੂਲ ਵਿੱਚ ਝਾੜੂ ਲਗਾਇਆ ਗਿਆ ਅਤੇ ਨਾਲ ਹੀ ਕਮਰਿਆਂ ਵਿੱਚ ਲੱਗੇ ਜਾਲਿਆਂ ਨੂੰ ਲਾਹਿਆ ਗਿਆ। ਇਸ ਕੰਮ ਵਿੱਚ ਨਰੇਗਾ ਵਰਕਰਾਂ ਵੱਲੋਂ ਵੀ ਸਾਥ ਦਿੱਤਾ ਗਿਆ।
ਸਫਾਈ ਦੌਰਾਨ ਸਕੂਲ ਸਿੱਖਿਆ ਮੰਤਰੀ ਨੂੰ ਦੋ ਡੱਬਾਬੰਦ ਕੰਪਿਊਟਰ ਵੀ ਮਿਲੇ ਜੋ ਕਿ ਬੀਤੇ ਤਿੰਨ ਸਾਲ ਤੋਂ ਬਿਨਾਂ ਵਰਤੋਂ ਤੋਂ ਹੀ ਸਕੂਲ ਵਿੱਚ ਪਏ ਹੋਏ ਸਨ।

 

Schools don't magically become smarter just by renaming them as 'smart  schools- Education Minister

ਸਕੂਲ ਸਿੱਖਿਆ ਮੰਤਰੀ ਨੇ ਇਸ ਮੌਕੇ ਸਕੂਲ ਦੇ ਕਮਰਿਆਂ ਉੱਤੇ ਕੀਤੇ ਗਏ ਨਾਜਾਇਜ਼ ਕਬਜ਼ੇ ਨੂੰ ਵੀ ਛੁਡਵਾਇਆ ਅਤੇ ਇੱਕ ਕਲਾਸ ਦੇ ਵਿਦਿਆਰਥੀਆਂ ਨੂੰ ਇਥੇ ਬਿਠਾਇਆ ਗਿਆ। ਵਿਦਿਆਰਥੀਆਂ ਦੇ ਸਿੱਖਿਆ ਪੱਧਰ ਦੀ ਜਾਂਚ ਕਰਨ ਲਈ ਜਦੋਂ ਸਕੂਲ ਸਿੱਖਿਆ ਮੰਤਰੀ ਵੱਲੋਂ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਇਹ ਗੱਲ ਸਾਹਮਣੇ ਆਈ ਕਿ ਚੌਥੀ ਅਤੇ ਪੰਜਵੀਂ ਜਮਾਤ ਦੇ ਵਿਦਿਆਰਥੀ ਵੀ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਪੜ੍ਹਨ ਵਿੱਚ ਬਿਲਕੁਲ ਅਸਮਰੱਥ ਸਨ। ਇਸ ‘ਤੇ ਕਾਰਵਾਈ ਕਰਦਿਆਂ ਸਕੂਲ ਸਿੱਖਿਆ ਮੰਤਰੀ ਵੱਲੋਂ ਸਕੂਲ ਵਿੱਚ ਲੰਮੇ ਸਮੇਂ ਤੋਂ ਸੇਵਾਵਾਂ ਨਿਭਾ ਰਹੇ ਦੋਵੇਂ ਅਧਿਆਪਕਾਂ ਨੂੰ ਮੁਅੱਤਲ ਕਰਨ ਅਤੇ ਨਵੇਂ ਅਧਿਆਪਕ ਤੁਰੰਤ ਨਿਯੁਕਤ ਕਰਨ ਦੇ ਵੀ ਆਦੇਸ਼ ਦਿੱਤੇ ਗਏ।

ਮੰਤਰੀ ਦੇ ਦੌਰੇ ਦੀ ਸੂਚਨਾ ਮਿਲਣ ‘ਤੇ ਪਿੰਡ ਦੀਆਂ ਔਰਤਾਂ ਇਕੱਠੀਆਂ ਹੋ ਕੇ ਸਕੂਲ ਸਿੱਖਿਆ ਮੰਤਰੀ ਨੂੰ ਮਿਲੀਆਂ ਅਤੇ ਉਨ੍ਹਾਂ ਦਾ ਦੌਰਾ ਕਰਨ ਲਈ ਧੰਨਵਾਦ ਕਰਦਿਆਂ ਕਿਹਾ ਕਿ ਉਹ ਜਦੋਂ ਵੀ ਟੀ.ਵੀ. ਉੱਤੇ ਸਕੂਲ ਸਿੱਖਿਆ ਮੰਤਰੀ ਦੇ ਸਕੂਲੀ ਦੌਰੇ ਬਾਰੇ ਖਬਰਾਂ ਦੇਖਦੀਆਂ ਸਨ ਤਾਂ ਉਹ ਅਰਦਾਸ ਕਰਦੀਆਂ ਸਨ ਕਿ ਸਕੂਲ ਸਿੱਖਿਆ ਮੰਤਰੀ ਸਾਡੇ ਪਿੰਡ ਦੇ ਸਕੂਲ ਦਾ ਵੀ ਦੌਰਾ ਕਰਨ, ਜੋ ਕਿ ਅੱਜ ਸੁਣੀ ਗਈ ਹੈ।

ਸਕੂਲ ਸਿੱਖਿਆ ਮੰਤਰੀ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਮਸੌਲ ਦੀ ਦਸ਼ਾ ਨੂੰ ਸੁਧਾਰਨ ਲਈ 50 ਲੱਖ ਰੁਪਏ ਦੀ ਗ੍ਰਾਂਟ ਜਾਰੀ ਕਰਨ ਦੇ ਹੁਕਮ ਦਿੱਤੇ ਹਨ। ਉਨ੍ਹਾਂ ਸਕੂਲ ਵਿਦਿਆਰਥੀਆਂ ਅਤੇ ਪਿੰਡ ਵਾਸੀਆਂ ਨੂੰ ਭਰੋਸਾ ਦਿੱਤਾ ਕਿ ਇੱਕ ਮਹੀਨੇ ਵਿੱਚ ਹੀ ਇਸ ਸਕੂਲ ਦੀ ਨੁਹਾਰ ਬਦਲ ਦਿੱਤੀ ਜਾਵੇਗੀ ਅਤੇ ਨਾਲ ਹੀ ਅਗਲੇਰੀ ਪੜ੍ਹਾਈ ਵਾਸਤੇ ਵਿਦਿਆਰਥੀਆਂ ਨੂੰ ਟਰਾਂਸਪੋਰਟ ਦੀ ਸੁਵਿਧਾ ਵੀ ਮੁਹੱਈਆ ਕਰਵਾਈ ਜਾਵੇਗੀ।