Connect with us

Punjab

ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲਣ ਪਹੁੰਚੇ ਰਾਜਾ ਵੜਿੰਗ ਸਮੇਤ ਕਈ ਕਾਂਗਰਸੀ ਆਗੂ ਪੁਲਿਸ ਹਿਰਾਸਤ ‘ਚ

Published

on

ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ‘ਤੇ ਪੁੱਜੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਕਾਂਗਰਸੀ ਆਗੂਆਂ ਨੂੰ ਪੁਲਿਸ ਨੇ ਹਿਰਾਸਤ ‘ਚ ਲੈ ਲਿਆ ਹੈ। ਦਰਅਸਲ ਰਾਜਾ ਵੜਿੰਗ ਅਤੇ ਕਾਂਗਰਸੀ ਆਗੂ ਮੁੱਖ ਮੰਤਰੀ ਮਾਨ ਵੱਲੋਂ ਦਿੱਤੇ ਗਏ ਸਮੇਂ ਅਨੁਸਾਰ ਮਿਲਣ ਲਈ ਪਹੁੰਚੇ ਸਨ। ਇਸ ਦੌਰਾਨ ਪੁਲਿਸ ਅਤੇ ਕਾਂਗਰਸ ਵਿਚਾਲੇ ਹੱਥੋਪਾਈ ਹੋ ਗਈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹਿਰਾਸਤ ‘ਚ ਲੈ ਲਿਆ ਗਿਆ।ਇਸ ਮੌਕੇ ਰਾਜਾ ਵੜਿੰਗ ਨੇ ਸੋਸ਼ਲ ਮੀਡੀਆ ‘ਤੇ ਲੋਕਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਕਰੀਬ ਇੱਕ ਘੰਟਾ ਮੁੱਖ ਮੰਤਰੀ ਦੀ ਰਿਹਾਇਸ਼ ਦੇ ਬਾਹਰ ਖੜ੍ਹੇ ਰਹੇ ਅਤੇ ਮਾਨ ਵੱਲੋਂ ਦਿੱਤਾ ਸਮਾਂ ਵੀ ਬੀਤ ਚੁੱਕਾ ਹੈ। ਇੰਨਾ ਲੰਬਾ ਇੰਤਜ਼ਾਰ ਕਰਨ ਤੋਂ ਬਾਅਦ ਵੀ ਅਜੇ ਤੱਕ ਮੁੱਖ ਮੰਤਰੀ ਨਾਲ ਕੋਈ ਮੀਟਿੰਗ ਨਹੀਂ ਹੋਈ।

ਰਾਜਾ ਵੜਿੰਗ ਨੇ ਤਾਅਨਾ ਮਾਰਦੇ ਹੋਏ ਕਿਹਾ ਕਿ ਇਹ ਪੰਜਾਬ ਦਾ ਸੱਭਿਆਚਾਰ ਹੈ ਕਿ ਜੋ ਵੀ ਘਰ ਆਉਂਦਾ ਹੈ, ਉਸ ਨਾਲ ਹਮੇਸ਼ਾ ਸਤਿਕਾਰ ਅਤੇ ਮਹਿਮਾਨ ਨਿਵਾਜ਼ੀ ਕੀਤੀ ਜਾਂਦੀ ਹੈ ਪਰ ਇਸ ਮੌਕੇ ਸਾਡੇ ਨਾਲ ਜਿਸ ਤਰ੍ਹਾਂ ਦਾ ਸਲੂਕ ਕੀਤਾ ਜਾ ਰਿਹਾ ਹੈ, ਉਹ ਪੰਜਾਬ ਦੇ ਸੱਭਿਆਚਾਰ ਦੇ ਬਿਲਕੁਲ ਉਲਟ ਹੈ। ਉਨ੍ਹਾਂ ਕਿਹਾ ਕਿ ਸੁਰੱਖਿਆ ਮੁਲਾਜ਼ਮ ਉਸ ਨੂੰ ਕਿਸੇ ਪਾਸੇ ਤੇ ਕਦੇ ਕਿਸੇ ਪਾਸੇ ਜਾਣ ਲਈ ਕਹਿ ਰਹੇ ਹਨ। ਜਿਸ ਕਾਰਨ ਅਜਿਹਾ ਲੱਗਦਾ ਹੈ ਕਿ ਅਸੀਂ ਸਾਰੇ ਅਪਰਾਧੀ ਹਾਂ ਜਿਨ੍ਹਾਂ ਨੂੰ ਅੰਦਰ ਜਾਣ ਤੋਂ ਰੋਕਿਆ ਜਾ ਰਿਹਾ ਹੈ।