Connect with us

Punjab

ਬੇਅੰਤ ਸਿੰਘ ਕਤਲ ਮਾਮਲੇ ‘ਚ 27 ਸਾਲਾਂ ਤੋਂ ਜੇਲ੍ਹ ਕੱਟ ਰਹੇ ਸ਼ਮਸ਼ੇਰ ਸਿੰਘ ਨੂੰ ਮਿਲੀ ਜ਼ਮਾਨਤ

Published

on

ਚੰਡੀਗੜ੍ਹ 21ਸਤੰਬਰ 2023: 1995 ‘ਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਦੇ ਮਾਮਲੇ ‘ਚ ਦੋਸ਼ੀ ਸ਼ਮਸ਼ੇਰ ਸਿੰਘ ਨੂੰ ਚੰਡੀਗੜ੍ਹ ਦੇ ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ ਡਾਕਟਰ ਅਮਨਿੰਦਰ ਸਿੰਘ ਸੰਧੂ ਦੀ ਅਦਾਲਤ ਨੇ ਬੁੱਧਵਾਰ ਨੂੰ ਜ਼ਮਾਨਤ ਦੇ ਦਿੱਤੀ ਹੈ। ਉਹ ਪਿਛਲੇ 27 ਸਾਲ 6 ਮਹੀਨਿਆਂ ਤੋਂ ਬੁੜੈਲ ਜੇਲ੍ਹ ਵਿੱਚ ਬੰਦ ਹੈ। ਉਸ ਦੇ ਵਕੀਲ ਅਮਰ ਸਿੰਘ ਚਾਹਲ ਅਤੇ ਦਿਲਸ਼ੇਰ ਸਿੰਘ ਜੰਡਿਆਲਾ ਨੇ ਦੱਸਿਆ ਕਿ ਸ਼ਮਸ਼ੇਰ ਦੀ ਸਜ਼ਾ ਵੀ ਪੂਰੀ ਹੋ ਚੁੱਕੀ ਹੈ ਪਰ ਉਸ ਨੂੰ ਜੇਲ੍ਹ ਤੋਂ ਬਾਹਰ ਨਹੀਂ ਲਿਆਂਦਾ ਗਿਆ। ਜੇਲ੍ਹ ਵਿੱਚ ਉਸਦਾ ਵਿਵਹਾਰ ਵੀ ਚੰਗਾ ਹੈ। ਉਸ ਨੇ ਆਪਣੀ ਸਜ਼ਾ ਪੂਰੀ ਕਰਨ ਲਈ ਚੰਡੀਗੜ੍ਹ ਪ੍ਰਸ਼ਾਸਨ ਨੂੰ ਪ੍ਰੀ-ਮੈਚਿਓਰ ਰਿਹਾਈ ਲਈ ਅਰਜ਼ੀ ਦਿੱਤੀ ਹੈ।

ਹਾਲਾਂਕਿ ਇਸ ਅਰਜ਼ੀ ‘ਤੇ ਅਜੇ ਕੋਈ ਫੈਸਲਾ ਨਹੀਂ ਲਿਆ ਗਿਆ ਹੈ। ਇਸ ਆਧਾਰ ‘ਤੇ ਉਸ ਨੂੰ ਜ਼ਮਾਨਤ ਮਿਲਣੀ ਚਾਹੀਦੀ ਹੈ। ਅਜਿਹੇ ‘ਚ ਅਦਾਲਤ ਨੇ ਸ਼ਮਸ਼ੇਰ ਸਿੰਘ ਨੂੰ ਸ਼ਰਤੀਆ ਜ਼ਮਾਨਤ ਦੇ ਦਿੱਤੀ ਹੈ। ਅਦਾਲਤ ਨੇ ਆਪਣੇ ਫੈਸਲੇ ਵਿੱਚ ਕਿਹਾ ਕਿ ਜੇਕਰ ਪ੍ਰਸ਼ਾਸਨ ਨੇ ਉਸ ਦੀ ਰਿਹਾਈ ਦੀ ਅਰਜ਼ੀ ਰੱਦ ਕਰ ਦਿੱਤੀ ਤਾਂ ਸ਼ਮਸ਼ੇਰ ਨੂੰ ਆਤਮ ਸਮਰਪਣ ਕਰਕੇ ਵਾਪਸ ਜੇਲ੍ਹ ਜਾਣਾ ਪਵੇਗਾ।

ਜੁਲਾਈ 2007 ‘ਚ ਸੁਣਾਈ ਗਈ ਸਜ਼ਾ : 1995 ‘ਚ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੀ ਹੱਤਿਆ ਕਰ ਦਿੱਤੀ ਗਈ ਸੀ। ਉਸ ਦੀ ਕਾਰ ਬੰਬ ਧਮਾਕੇ ਨਾਲ ਉਡਾ ਦਿੱਤੀ ਗਈ ਸੀ। ਪੁਲਿਸ ਨੇ ਇਸ ਮਾਮਲੇ ਵਿੱਚ ਕਈ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਉਸ ਨੂੰ 31 ਜੁਲਾਈ 2007 ਨੂੰ ਸਜ਼ਾ ਸੁਣਾਈ ਗਈ ਸੀ।

ਪੈਰੋਲ ਇੱਕ ਦਿਨ ਪਹਿਲਾਂ ਖ਼ਤਮ ਹੋਈ, ਅਗਲੇ ਦਿਨ ਜ਼ਮਾਨਤ ਮਿਲ ਗਈ
ਸ਼ਮਸ਼ੇਰ ਸਿੰਘ ਨੂੰ 42 ਦਿਨਾਂ ਦੀ ਪੈਰੋਲ ਮਿਲੀ ਸੀ, ਜੋ 19 ਸਤੰਬਰ ਨੂੰ ਖਤਮ ਹੋ ਗਈ ਸੀ। ਉਸ ਨੇ ਬੀਤੇ ਮੰਗਲਵਾਰ ਨੂੰ ਆਤਮ ਸਮਰਪਣ ਕਰ ਦਿੱਤਾ ਅਤੇ ਵਾਪਸ ਜੇਲ੍ਹ ਚਲਾ ਗਿਆ। ਅਗਲੇ ਹੀ ਦਿਨ ਅਦਾਲਤ ਨੇ ਉਸ ਦੀ ਜ਼ਮਾਨਤ ਅਰਜ਼ੀ ਮਨਜ਼ੂਰ ਕਰ ਲਈ ਸੀ। ਸ਼ਮਸ਼ੇਰ ਤੋਂ ਪਹਿਲਾਂ ਦੋ ਦੋਸ਼ੀਆਂ ਗੁਰਮੀਤ ਸਿੰਘ ਅਤੇ ਲਖਵਿੰਦਰ ਸਿੰਘ ਨੂੰ ਵੀ ਅਦਾਲਤ ਤੋਂ ਜ਼ਮਾਨਤ ਮਿਲ ਚੁੱਕੀ ਹੈ। ਦੋਵਾਂ ਦੀਆਂ ਪ੍ਰੀ-ਮੈਚਿਓਰ ਰੀਲੀਜ਼ ਅਰਜ਼ੀਆਂ ਵੀ ਪੈਂਡਿੰਗ ਹਨ।