Connect with us

Uncategorized

ਅਕਾਲੀਆਂ ਦਾ ਸਦਨ ‘ਚ ਗੈਰ-ਜ਼ਿੰਮੇਵਾਰਾਨਾ ਰੱਵਈਆ ਹੈਰਾਨੀਜਨਕ ਤੇ ਸ਼ਰਮਸਾਰ – ਕੈਪਟਨ ਅਮਰਿੰਦਰ ਸਿੰਘ

Published

on

capt amarinder singh

ਸਦਨ ਵਿੱਚ ਅਕਾਲੀ ਵਿਧਾਇਕਾਂ ਦੇ ਹੰਗਾਮੇ ਅਤੇ ਗੈਰ-ਜ਼ਿੰਮੇਵਾਰ ਰਵੱਈਏ ਦਰਮਿਆਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ੁਕਰਵਾਰ ਨੂੰ ਇਸ ਹੈਰਾਨਕੁੰਨ ਵਤੀਰੇ  ਦੇ ਨਾਲ ਨਾਲ ਖੇਤੀ ਕਾਨੂੰਨ ਦੇ ਮੁੱਦੇ ‘ਤੇ ਢੀਠਸਾ ਨਾਲ ਯੂ-ਟਰਨ ਲੈਣ ਲਈ ਅਕਾਲੀਆਂ ਦੀ ਸਖ਼ਤ ਸ਼ਬਦਾਂ ‘ਚ ਨਿਖੇਧੀ ਕੀਤੀ ਹੈ। ਵਿਧਾਨ ਸਭਾ ਦੇ ਸਪੀਕਰ ਵੱਲੋਂ ਵਾਰ-ਵਾਰ ਅਪੀਲਾਂ ਕਰਨ ਦੇ ਬਾਵਜੂਦ ਸਦਨ ਦੀ ਕਾਰਵਾਈ ਵਿੱਚ ਵਿਘਨ ਪਾਉਣ ਕਰਕੇ ਸਪੀਕਰ ਨੇ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਵਿਧਾਇਕਾਂ ਨੂੰ ਬਜਟ ਇਜਲਾਸ ਦੇ ਰਹਿੰਦੇ ਸਮੇਂ ਲਈ ਮੁਅੱਤਲ ਕਰ ਦਿੱਤਾ ਹੈ। ਸਦਨ ਦੀ ਕਾਰਵਾਈ 15 ਮਿੰਟਾਂ ਲਈ ਮੁਲਤਵੀ ਕਰਦਿਆਂ ਸਪੀਕਰ ਨੇ ਮਾਰਸ਼ਲਾਂ ਨੂੰ ਅਕਾਲੀ ਵਿਧਾਇਕਾਂ ਦੇ ਇਸ ਸਲੂਕ ਲਈ ਉਨ੍ਹਾਂ ਨੂੰ ਸਦਨ ਤੋਂ ਹਟਾਉਣ ਲਈ ਆਖਿਆ।

ਸੱਤਾਧਾਰੀ ਬੈਂਚਾਂ ਵੱਲੋਂ ‘ਸ਼ਰਮ ਕਰੋ’ ‘ਸ਼ਰਮ ਕਰੋ’ ਦੀਆਂ ਅਵਾਜ਼ਾਂ ਦੌਰਾਨ ਮੁੱਖ ਮੰਤਰੀ ਨੇ ਵਿਧਾਨ ਸਭਾ ਵਿੱਚ ਰਾਜਪਾਲ ਦੇ ਭਾਸ਼ਣ ਦੇ ਧੰਨਵਾਦ ਮਤੇ ‘ਤੇ ਆਪਣੀ ਤਕਰੀਰ ਵਿੱਚ ਕਿਸਾਨ ਅੰਦੋਲਨ ‘ਤੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਸੁਖਬੀਰ ਬਾਦਲ ਅਤੇ ਹਰਸਿਮਰਤ ਬਾਦਲ, ਦੋਵਾਂ ਨੇ ਖੇਤੀ ਕਾਨੂੰਨਾਂ ਦੇ ਮੁੱਦੇ ‘ਤੇ ਦੋਗਲਾਪਣ ਦਿਖਾ ਕੇ ਪੰਜਾਬ ਦੇ ਲੋਕਾਂ ਨਾਲ ਦਗ਼ਾ ਕਮਾਇਆ।

ਮੁੱਖ ਮੰਤਰੀ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਤਾਂ ਸ਼ੁਰੂਆਤ ਵਿੱਚ ਉਨ੍ਹਾਂ ਦੀ ਸਰਕਾਰ ‘ਤੇ ਹੀ ਦੋਸ਼ ਲਾਏ ਸਨ ਕਿ ਉਸ ਵੱਲੋਂ ਕਿਸਾਨਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ ਅਤੇ ਇੱਥੋਂ ਤੱਕ ਕਿ ਅਕਾਲੀ ਪ੍ਰਧਾਨ ਨੇ ਇਹ ਦਾਅਵਾ ਵੀ ਕੀਤਾ ਸੀ ਕਿ ਇਹ ਖੇਤੀ ਕਾਨੂੰਨ ਕਿਸਾਨਾਂ ਦੇ ਹੱਕ ਵਿੱਚ ਹਨ। ਇਸ ਤੋਂ ਬਾਅਦ ਸੁਖਬੀਰ ਬੇਸ਼ਰਮੀ ਨਾਲ ਆਪਣੇ ਪਹਿਲੇ ਸਟੈਂਡ ‘ਤੇ ਪਿਛਾਂਹ ਹਟ ਗਿਆ ਅਤੇ ਇਨ੍ਹਾਂ ਕਾਨੂੰਨਾਂ ਦੇ ਵਿਰੋਧ ਵਿੱਚ ਉਤਰ ਆਇਆ। ਉਨ੍ਹਾਂ ਨੇ 25 ਜੂਨ, 2020 ਦੇ ਇਕ ਪੱਤਰ ਦਾ ਕੁਝ ਹਿੱਸਾ ਵੀ ਪੜ੍ਹਿਆ ਜਿਸ ਵਿੱਚ ਸੁਖਬੀਰ ਬਾਦਲ ਪੂਰੀ ਤਰ੍ਹਾਂ ਖੇਤੀ ਕਾਨੂੰਨਾਂ ਦੀ ਪਿੱਠ ‘ਤੇ ਖੜ੍ਹਾ ਹੋਇਆ ਇਸ ਗੱਲ ‘ਤੇ ਜ਼ੋਰ ਦਿੰਦਾ,”ਇਨ੍ਹਾਂ ਆਰਡੀਨੈਂਸਾਂ ਵਿੱਚ ਅਜਿਹਾ ਕੁਝ ਵੀ ਨਹੀਂ ਹੈ ਜੋ ਸੰਘੀ ਢਾਂਚੇ ਜਾਂ ਕਿਸਾਨਾਂ ਦੇ ਖਿਲਾਫ਼ ਜਾਂਦਾ ਹੋਵੇ।” ਸੁਖਬੀਰ ਨੇ ਇਸ ਪੱਤਰ ਵਿੱਚ ਇਹ ਵੀ ਕਿਹਾ ਕਿ ਜੇਕਰ ਸਰਕਾਰ ਇਸ ਬਾਰੇ ਸਪੱਸ਼ਟ ਨਾ ਹੋਈ ਤਾਂ ਜਿਸ ਵੇਲੇ ਸਰਕਾਰ ਸੰਸਦ ਵਿੱਚ ਬਿੱਲ ਪੇਸ਼ ਕਰਦੀ ਹੈ ਤਾਂ ਉਸ ਵੇਲੇ ਅਸੀਂ ਮੁਲਕ ਦੇ ਕਿਸਾਨਾਂ ਨੂੰ ਸੰਸਦ ਦੇ ਅੰਦਰੋਂ ਵੀ ਘੱਟੋ-ਘੱਟ ਸਮਰਥਨ ਮੁੱਲ ਅਤੇ ਖਰੀਦ ਬਾਰੇ ਭਰੋਸਾ ਦੇਵਾਂਗੇ।

ਅਕਾਲੀ ਦਲ ਦੇ ਪ੍ਰਧਾਨ, ਜਿਨ੍ਹਾਂ ਨੇ ਇਸ ਮੁੱਦੇ ‘ਤੇ ਸ਼੍ਰੋਮਣੀ ਅਕਾਲੀ ਦਲ ਦੀ ਰਾਏ ਦਾ ਸਪੱਸ਼ਟ ਕਥਨ ਕਰਾਰ ਦਿੱਤਾ, ਨੇ ਇਹ ਵੀ ਦਾਅਵਾ ਕੀਤਾ ਸੀ ਕਿ ਖੇਤੀ ਕਾਨੂੰਨਾਂ ਦੇ ਜੋ ਅਰਥ ਕੱਢੇ ਜਾ ਰਹੇ ਹਨ ਕਿ ਇਹ ਕਾਨੂੰਨ ਘੱਟੋ-ਘੱਟ ਸਮਰਥਨ ਮੁੱਲ ਅਤੇ ਖਰੀਦ ਲਈ ਤਬਾਹਕੁੰਨ ਸਾਬਤ ਹੋਣਗੇ, ਪੂਰੀ ਤਰ੍ਹਾਂ ਗਲਤ ਹਨ। ਉਨ੍ਹਾਂ ਕਿਹਾ ਕਿ ਬਹੁਤ ਬਾਅਦ ਵਿੱਚ ਜਦੋਂ ਅਕਾਲੀਆਂ ਨੂੰ ਕਿਸਾਨਾਂ ਦੇ ਰੋਹ ਦਾ ਸੇਕ ਲੱਗਣਾ ਸ਼ੁਰੂ ਹੋਇਆ ਅਤੇ ਇਸ ਮੁੱਦੇ ‘ਤੇ ਸਿਆਸੀ ਹੋਂਦ ਦਾ ਖ਼ਤਰਾ ਪੈਦਾ ਹੋਇਆ ਤਾਂ ਉਸ ਵੇਲੇ ਉਨ੍ਹਾਂ ਨੂੰ ਆਪਣੇ ਪਹਿਲੇ ਸਟੈਂਡ ਤੋਂ ਪੈਰ ਪਿਛਾਂਹ ਖਿੱਚਣੇ ਪਏ ਸਨ। ਜਿੱਥੋਂ ਤੱਕ ਹਰਸਿਮਰਤ ਬਾਦਲ ਦਾ ਸਵਾਲ ਹੈ, ਉਸ ਨੇ ਫੇਸਬੁੱਕ ‘ਤੇ ਵੀਡੀਓ ਅਪਲੋਡ ਕਰਕੇ ਸਪੱਸ਼ਟ ਸ਼ਬਦਾਂ ਵਿੱਚ ਖੇਤੀ ਆਰਡੀਨੈਂਸਾਂ ਦੀ ਹਮਾਇਤ ਕੀਤੀ ਜਿਸ ਵਿੱਚ ਉਸ ਨੇ ਇਨ੍ਹਾਂ ਖੇਤੀ ਕਾਨੂੰਨਾਂ ਨੂੰ ਕਿਸਾਨ ਪੱਖੀ ਗਰਦਾਨਿਆ। ਸੱਤਾਧਾਰੀ ਬੈਂਚਾਂ ਵੱਲੋਂ ਲਾਏ ਜਾ ਰਹੇ ‘ਸ਼ਰਮ ਕਰੋ’ ਦੇ ਨਾਅਰਿਆਂ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਇੱਥੋਂ ਤੱਕ ਕਿ ਯੂ.ਟਰਨ ਲੈਣ ਤੋਂ ਪਹਿਲਾਂ ਅਕਾਲੀਆਂ ਨੇ ਕੇਂਦਰੀ ਕਾਨੂੰਨਾਂ ਦੇ ਖਿਲਾਫ਼ ਉਨ੍ਹਾਂ ਦੀ ਸਰਕਾਰ ਵੱਲੋਂ ਵਿਧਾਨ ਸਭਾ ਵਿੱਚ ਲਿਆਂਦੇ ਮਤੇ ਦਾ ਸਮਰਥਨ ਕੀਤਾ ਅਤੇ ਇਸ ਨੂੰ ਰਾਜਪਾਲ ਨੂੰ ਸੌਂਪਣ ਲਈ ਉਨ੍ਹਾਂ ਨਾਲ ਰਾਜ ਭਵਨ ਤੱਕ ਵੀ ਗਏ ਸਨ।

ਕੈਪਟਨ ਅਮਰਿੰਦਰ ਸਿੰਘ ਨੇ ਅੱਗੇ ਕਿਹਾ ਕਿ ਕੇਂਦਰੀ ਮੰਤਰੀਆਂ ਹਰਦੀਪ ਪੁਰੀ ਅਤੇ ਸੋਮ ਪ੍ਰਕਾਸ਼ ਵੀ ਸਪੱਸ਼ਟ ਕਰ ਚੁੱਕੇ ਹਨ ਕਿ ਖੇਤੀ ਆਰਡੀਨੈਂਸ ਪਾਸ ਕਰਨ ਮੌਕੇ ਹਰਸਿਮਰਤ ਬਾਦਲ ਵੀ ਕੈਬਨਿਟ ਮੀਟਿੰਗ ਦਾ ਹਿੱਸਾ ਸੀ ਅਤੇ ਉਸ ਨੇ ਇਸ ‘ਤੇ ਕੋਈ ਇਤਰਾਜ਼ ਵੀ ਨਹੀਂ ਸੀ ਕੀਤਾ। ਅਕਾਲੀ ਲੀਡਰਾਂ ਦੇ ‘ਦੋਗਲੇ ਚਿਹਰੇ’ ਵਾਲੇ ਆਗੂ ਦੱਸਿਆਂ ਮੁੱਖ ਮੰਤਰੀ ਨੇ ਕਿਹਾ,”ਇਹ ਇੱਥੇ ਕੁਝ ਹੋਰ ਕਹਿੰਦੇ ਹਨ ਅਤੇ ਉਥੇ ਕੁਝ ਹੋਰ ਕਹਿੰਦੇ ਹਨ।” ਇਨ੍ਹਾਂ ਨੇ ਤਾਂ ਦੋਹਰੇ ਮਾਪਦੰਡ ਅਪਣਾ ਕੇ ਪੰਜਾਬ ਵਿਧਾਨ ਸਭਾ ਦੇ ਪਵਿੱਤਰ ਸਦਨ ਦਾ ਮਜ਼ਾਕ ਬਣਾ ਕੇ ਰੱਖ ਦਿੱਤਾ।” ਉਨ੍ਹਾਂ ਕਿਹਾ,”ਅਕਾਲੀ ਲਗਾਤਾਰ ਆਪਣਾ ਪੈਂਤੜਾ ਬਦਲਦੇ ਰਹੇ ਅਤੇ ਹੁਣ ਕਿਸਾਨ-ਪੱਖੀ ਹੋਣ ਦਾ ਦਾਅਵਾ ਕਰ ਰਹੇ ਹਨ।”