Governance
ਸਿਮਰਜੀਤ ਬੈਂਸ ਨੇ ਲੁਧਿਆਣਾ ਸਿਵਲ ਹਸਪਤਾਲ ‘ਚ ਮਰੀਜ਼ਾਂ ਦਾ ਜਾਣਿਆ ਹਾਲ, ਪੰਜਾਬ ਵਿੱਚ ਅਫ਼ਸਰਸ਼ਾਹੀ ‘ਤੇ ਸਾਧੇ ਨਿਸ਼ਾਨੇ
ਲੁਧਿਆਣਾ, 12 ਮਈ( ਸੰਜੀਵ ਸੂਦ): ਪੰਜਾਬ ਦੇ ਵਿੱਚ ਕਰੋਨਾ ਵਾਇਰਸ ਦਾ ਕਹਿਰ ਜਾਰੀ ਹੈ ਉਥੇ ਹੀ ਲੁਧਿਆਣਾ ਦੇ ਲੋਕ ਸਾਫ ਪਾਰਟੀ ਦੇ ਮੁੱਖੀ ਸਿਮਰਜੀਤ ਬੈਂਸ ਵੱਲੋਂ ਅੱਜ ਲੁਧਿਆਣਾ ਦੇ ਸਿਵਲ ਹਸਪਤਾਲ ਦਾ ਦੌਰਾ ਕੀਤਾ ਗਿਆ ਇਸ ਦੌਰਾਨ ਉਨ੍ਹਾਂ ਹਸਪਤਾਲ ‘ਚ ਜ਼ੇਰੇ ਇਲਾਜ ਕਰੋਨਾ ਤੋਂ ਪਾਜ਼ੀਟਿਵ ਮਰੀਜ਼ਾਂ ਨਾਲ ਗੱਲਬਾਤ ਕੀਤੀ ਅਤੇ ਦੂਰੋਂ ਹੀ ਉਨ੍ਹਾਂ ਦੀਆਂ ਮੁਸ਼ਕਿਲਾਂ ਸੁਣੀਆਂ ਅਤੇ ਉਨ੍ਹਾਂ ਦਾ ਹੱਲ ਕਰਨ ਦਾ ਵੀ ਭਰੋਸਾ ਦਿੱਤਾ, ਇਸ ਦੌਰਾਨ ਬੈਂਸ ਨੇ ਕਿਹਾ ਕਿ ਪੰਜਾਬ ਦੇ ਵਿਚ ਸਰਕਾਰ ‘ਤੇ ਅਫ਼ਸਰਸ਼ਾਹੀ ਭਾਰੀ ਹੈ ਮੁੱਖ ਮੰਤਰੀ ਕੈਪਟਨ ਖੁਦ ਅਫ਼ਸਰਾਂ ਦੀ ਹੀ ਸੁਣਦੇ ਹਨ ਅਤੇ ਉਨ੍ਹਾਂ ਦੇ ਕੈਬਨਿਟ ਵਜ਼ੀਰ ਪ੍ਰੇਸ਼ਾਨ ਨੇ ਕਿਉਂਕਿ ਉਨ੍ਹਾਂ ਦੀ ਕੋਈ ਨਹੀਂ ਸੁਣਦਾ।
ਸਾਡੀ ਟੀਮ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਸਿਮਰਜੀਤ ਬੈਂਸ ਨੇ ਕਿਹਾ ਕਿ ਉਹ ਹਸਪਤਾਲ ‘ਚ ਮਰੀਜ਼ਾਂ ਦਾ ਹਾਲ ਜਾਣਨ ਆਏ ਨੇ ਕਿਉਂਕਿ ਸਿਹਤ ਵਿਭਾਗ ਵੱਲੋਂ ਉਨ੍ਹਾਂ ਨਾਲ ਸਹੀ ਤਰ੍ਹਾਂ ਡੀਲ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਬੀਮਾਰੀ ਤੋਂ ਬਚਣ ਦੀ ਲੋੜ ਹੈ ਨਾ ਕਿ ਬਿਮਾਰਾਂ ਤੋਂ, ਬੈਂਸ ਨੇ ਕਿਹਾ ਕਿ ਉਹ ਇੱਥੇ ਮਰੀਜ਼ਾਂ ਦੀ ਹੌਸਲਾ ਅਫਜਾਈ ਕਰਨ ਲਈ ਪਹੁੰਚੇ ਤੇ ਇਸ ਦੌਰਾਨ ਜਦੋਂ ਉਨ੍ਹਾਂ ਨੂੰ ਲੁਧਿਆਣਾ ਵਿੱਚ ਹੀ ਇੱਕ ਮਜ਼ਦੂਰ ਵੱਲੋਂ ਰਾਸ਼ਨ ਨਾ ਮਿਲਣ ਤੇ ਸੁਸਾਈਡ ਕਰਨ ਸਬੰਧੀ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਸਰਕਾਰ ਨੂੰ ਉਸ ਪੀੜਤ ਪਰਿਵਾਰ ਦੀ ਹਰ ਸੰਭਵ ਮਦਦ ਕਰਨੀ ਚਾਹੀਦੀ ਹੈ।
ਉਧਰ ਕੈਬਨਿਟ ਬੈਠਕ ‘ਚ ਮੰਤਰੀਆਂ ਦੀ ਮੁੱਖ ਸਕੱਤਰ ਦੇ ਨਾਲ ਬਹਿਸ ਹੋਣ ਦੇ ਮਾਮਲੇ ਨੂੰ ਲੈ ਕੇ ਵੀ ਬੈਂਸ ਮੰਤਰੀਆਂ ਦਾ ਪੱਖ ਪੂਰਦੇ ਵਿਖਾਈ ਦਿੱਤੇ ਉਨ੍ਹਾਂ ਨੇ ਕਿਹਾ ਕਿ ਮੰਤਰੀਆਂ ਨੂੰ ਜ਼ਮੀਨੀ ਹਾਲਾਤ ਪਤਾ ਹਨ, ਪਰ ਸਰਕਾਰ ‘ਤੇ ਅਫ਼ਸਰਸ਼ਾਹੀ ਭਾਰੂ ਹੈ ਕੈਬਨਿਟ ਵਿੱਚ ਵਜ਼ੀਰਾਂ ਦੀ ਵੀ ਗੱਲ ਨਹੀਂ ਸੁਣੀ ਜਾਂਦੀ ਅਤੇ ਉਨ੍ਹਾਂ ਨੇ ਜੋ ਸਟੈਂਡ ਲਿਆ ਹੈ ਉਹ ਬਿਲਕੁਲ ਸਹੀ ਹੈ।
ਇਸ ਦੌਰਾਨ ਬੈਂਸ ਨੇ ਸ਼ਰਾਬ ਦੀ ਹੋਮ ਡਲਿਵਰੀ ਨੂੰ ਲੈ ਕੇ ਵੀ ਸਰਕਾਰ ਵੱਲੋਂ ਕੀਤੀ ਜਾ ਰਹੀਆਂ ਸਿਫਾਰਸ਼ਾਂ ਦੀ ਸਖ਼ਤ ਸ਼ਬਦਾਂ ‘ਚ ਨਿਖੇਦੀ ਕੀਤੀ।