punjab
ਮੁਹਾਲੀ ਵਿੱਚ ਐਮਿਟੀ ਯੂਨੀਵਰਸਿਟੀ ਮੌਜੂਦਾ ਵਰ੍ਹੇ ‘ਚ ਕਾਰਜਸ਼ੀਲ ਹੋਣ ਲਈ ਰਾਹ ਤਿਆਰ
ਪੰਜਾਬ ਵਿਧਾਨ ਸਭਾ ਦੇ ਅਗਾਮੀ ਬਜਟ ਇਜਲਾਸ ਵਿੱਚ ਸਵੈ-ਵਿੱਤੀ ਪ੍ਰਾਈਵੇਟ ਐਮਿਟੀ ਯੂਨੀਵਰਸਿਟੀ ਦੀ ਸਥਾਪਨਾ ਲਈ ਬਿੱਲ ਨੂੰ ਕਾਨੂੰਨੀ ਰੂਪ ਦੇਣ ਵਾਸਤੇ ਸਦਨ ਵਿੱਚ ਪੇਸ਼ ਕੀਤਾ ਜਾਵੇਗਾ। ਇਹ ਯੂਨੀਵਰਸਿਟੀ ਆਈ.ਟੀ. ਸਿਟੀ, ਮੁਹਾਲੀ ਵਿਖੇ ਏਸੇ ਸਾਲ ‘ਚ ਕਾਰਜਸ਼ੀਲ ਹੋ ਜਾਵੇਗੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਮੰਤਰੀ ਮੰਡਲ ਦੀ ਮੀਟਿੰਗ ਤੋਂ ਬਾਅਦ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਮਿਊਂਸਪਲ ਚੋਣਾਂ ਲਈ ਚੋਣ ਜ਼ਾਬਤਾ ਅਮਲ ਵਿੱਚ ਹੋਣ ਕਰਕੇ ਪਹਿਲਾਂ ਯੂਨੀਵਰਸਿਟੀ ਦੀ ਸਥਾਪਨਾ ਦਾ ਆਰਡੀਨੈਂਸ ਲਾਗੂ ਨਹੀਂ ਹੋ ਸਕਿਆ ਜਿਸ ਕਰਕੇ ਬਿੱਲ ਨੂੰ ਕਾਨੂੰਨੀ ਰੂਪ ਦੇਣ ਲਈ ਸਦਨ ਦੀ ਮਨਜ਼ੂਰੀ ਦੀ ਲੋੜ ਹੈ।
‘ਪੰਜਾਬ ਪ੍ਰਾਈਵੇਟ ਯੂਨੀਵਰਸਿਟੀ ਪਾਲਿਸੀ-2010’ ਦੇ ਤਹਿਤ ਪ੍ਰਵਾਨ ਹੋਈ ਇਹ ਯੂਨੀਵਰਸਿਟੀ 40.44 ਏਕੜ ਰਕਬੇ ਵਿੱਚ ਬਣੇਗੀ ਅਤੇ ਪੰਜ ਸਾਲਾਂ ਵਿੱਚ 664.32 ਕਰੋੜ ਰੁਪਏ ਦਾ ਨਿਵੇਸ਼ ਹੋਵੇਗਾ। ਇਸ ਵਿੱਚ ਸਾਲਾਨਾ 1500-2000 ਵਿਦਿਆਰਥੀ ਦਾਖ਼ਲਾ ਲੈਣਗੇ। ਬਿੱਲ ਅਤੇ ਨਿਯਮਾਂ ਤੇ ਸ਼ਰਤਾਂ ਦੇ ਮੁਤਾਬਕ ਪੰਜਾਬ ਸਰਕਾਰ ਨੇ ਯੂਨੀਵਰਸਿਟੀ ਵਿੱਚ ਪੰਜਾਬ ਦੇ ਵਿਦਿਆਰਥੀਆਂ ਲਈ 15 ਫੀਸਦੀ ਰਾਖਵਾਂਕਰਨ ਲਾਜ਼ਮੀ ਕੀਤਾ ਹੈ। ਇਸ ਦੇ ਨਾਲ ਹੀ ਕੁੱਲ ਗਿਣਤੀ ਵਿੱਚੋਂ 5 ਫੀਸਦੀ ਵਿਦਿਆਰਥੀਆਂ ਨੂੰ ਮੁਫਤ ਸਿੱਖਿਆ ਦੇਣੀ ਲਾਜ਼ਮੀ ਹੋਵੇਗੀ। ਯੂਨੀਵਰਸਿਟੀ ਯੂ.ਜੀ.ਸੀ. ਦੇ ਦਿਸ਼ਾ ਨਿਰਦੇਸ਼ਾਂ ਤਹਿਤ ਟੀਚਿੰਗ ਤੇ ਨਾਨ-ਟੀਚਿੰਗ ਦੇ ਅਮਲੇ ਦੀ ਭਰਤੀ ਕਰ ਸਕੇਗੀ।
ਮੁਹਾਲੀ ਵਿੱਚ ਮਿਆਰੀ ਸਿੱਖਿਆ ਅਤੇ ਇਸ ਖੇਤਰ ਦੇ ਸਰਬਪੱਖੀ ਵਿਕਾਸ ਲਿਆਉਣ ਦੀ ਉਮੀਦ ਨਾਲ ਇਹ ਯੂਨੀਵਰਸਿਟੀ ਅਜਿਹੀ ਬਹ-ਅਨੁਸ਼ਾਸਨੀ ਸੰਸਥਾ ਹੋਵੇਗਾ ਜਿਸ ਵਿੱਚ ਵੱਖ-ਵੱਖ ਵਿਭਾਗ ਜਿਵੇਂ ਕਿ ਇੰਜੀਅਨਰਿੰਗ, ਕੰਪਿਊਟਰ/ਆਈ.ਟੀ., ਕਮਿਊਨੀਕੇਸ਼ਨ, ਕਾਮਰਸ, ਮੈਨੇਜਮੈਂਟ, ਮਨੋਵਿਗਿਆਨ, ਲਿਬਰਲ ਆਰਟ, ਇੰਗਲਿਸ਼ ਲਿਟਰੇਚਰ ਆਦਿ ਹੋਣਗੇ। ਰਿਤਨੰਦ ਬੈਲਵਦ ਐਜੂਕੇਸ਼ਨ ਫਾਊਂਡੇਸ਼ਨ, ਨਵੀਂ ਦਿੱਲੀ ਵੱਲੋਂ ਐਸ.ਏ.ਐਸ. ਨਗਰ (ਮੁਹਾਲੀ) ਦੀ ਆਈ.ਟੀ.ਸਿਟੀ ਦੇ ਸੈਕਟਰ-82 ਅਲਫਾ ਦੇ ਡੀ ਬਲਾਕ ਵਿੱਚ ਐਮਿਟੀ ਯੂਨੀਵਰਸਿਟੀ ਸਥਾਪਤ ਕਰਨ ਦੀ ਤਜਵੀਜ਼ ਪ੍ਰਾਪਤ ਹੋਈ ਸੀ। ਤਜਵੀਜ਼ ਨੂੰ ਵਿਚਾਰਨ ਅਤੇ ‘ਪੰਜਾਬ ਪ੍ਰਾਈਵੇਟ ਯੂਨੀਵਰਸਿਟੀਜ਼ ਪਾਲਿਸੀ-2010’ ਦੇ ਉਪਬੰਧਾਂ ਮੁਤਾਬਕ ਲੋੜੀਂਦੀ ਪ੍ਰਕ੍ਰਿਆ ਨੂੰ ਅਪਣਾਉਣ ਤੋਂ ਬਾਅਦ 18 ਫਰਵਰੀ, 2020 ਨੂੰ ਸਬੰਧਤ ਸੰਸਥਾ ਨੂੰ ਸਹਿਮਤੀ ਪੱਤਰ ਜਾਰੀ ਕੀਤਾ ਗਿਆ ਸੀ। ਮੁਹਾਲੀ ਅਤੇ ਇਸ ਦੇ ਨਾਲ ਲਗਦੇ ਇਲਾਕਿਆਂ ਨੂੰ ਸਿੱਖਿਆ ਅਤੇ ਆਈ.ਟੀ. ਧੁਰੇ ਵਜੋਂ ਸਥਾਪਤ ਕਰਨ ਲਈ ਪੰਜਾਬ ਸਰਕਾਰ ਦਾ ਇਹ ਸਾਰਥਕ ਉਪਰਾਲਾ ਹੈ।