Punjab
ਕਿਉਂ ਇਸ NRI ਪੰਜਾਬੀ ਦੀ ਕੋਠੀ ਨੂੰ ਖੜ੍ਹ-ਖੜ੍ਹ ਵੇਖਦੇ ਰਹਿ ਜਾਂਦੇ ਹਨ ਲੋਕ ?
ਪੰਜਾਬੀ ਆਪਣੇ ਵਿਲੱਖਣ ਸ਼ੌਂਕਾਂ ਕਰਕੇ ਜਾਣੇ ਜਾਂਦੇ ਹਨ। ਬਹੁਤੇ ਪ੍ਰਵਾਸੀ ਪੰਜਾਬੀਆਂ ਦੇ ਘਰਾਂ ਉੱਤੇ ਜਹਾਜ਼, ਭਲਵਾਨ, ਭੰਗੜਾ ਪਾਉਂਦੀਆਂ ਮੂਰਤੀਆਂ ਲੱਗੀਆਂ ਤਾਂ ਤੁਸੀਂ ਦੇਖੀਆਂ ਹੀ ਹੋਣੀਆਂ ਹਨ ਪਰ ਇਸ ਪੰਜਾਬੀ ਨੇ ਤਾਂ ਵੱਖਰੀ ਹੀ ਕਮਾਲ ਕਰ ਦਿੱਤੀ। ਨਕੋਦਰ ਦੇ ਪਿੰਡ ਬਜੂਆ ਖੁਰਦ ਦੇ ਰਹਿਣ ਵਾਲੇ ਇਕ ਵਿਅਕਤੀ ਨੇ ਆਪਣੇ ਘਰ ਦੀ ਛੱਤ ਤੇ ਸਟੈਚੂ ਆਫ ਲਿਬਰਟੀ ਦੀ ਮੂਰਤੀ ਬਣਾਈ ਹੈ। ਇਸ ਨੂੰ ਦੇਖਣ ਲਈ ਦੂਰੋਂ ਦੂਰੋਂ ਲੋਕ ਆ ਕੇ ਫੋਟੋਵਾਂ ਖਿਚਵਾ ਰਹੇ ਹਨ। ਆਖਰਕਾਰ ਕਿਉਂ ਇਸ ਵਿਅਕਤੀ ਨੇ ਸਟੈਚੂ ਆਫ ਲਿਬਰਟੀ ਦੀ ਮੂਰਤੀ ਆਪਣੇ ਘਰ ‘ਤੇ ਲਵਾਈ ਹੈ, ਇਸ ਬਾਰੇ ਦੱਸਦੇ ਹਾਂ ਪਰ ਪੜ੍ਹੋ ਕਿ ਸਟੈਚੂ ਆਫ ਲਿਬਰਟੀ ਹੈ ਕੀ ?
ਕੀ ਹੈ ਸਟੈਚੂ ਆਫ ਲਿਬਰਟੀ-
ਦੁਨੀਆ ਭਰ ‘ਚ ਮਸ਼ਹੂਰ ਸਟੈਚੂ ਆਫ ਲਿਬਰਟੀ ਅਮਰੀਕਾ ਦੇ ਨਿਊਯਾਰਕ ਸ਼ਹਿਰ ਦੇ ਮੈਨਹਟਨ ਵਿਚ ‘ਲਿਬਰਟੀ ਆਈਲੈਂਡ’ ‘ਤੇ ਸਥਿਤ ਹੈ। ਜੋ ਕਿ 4 ਜੁਲਾਈ, 1776 ਨੂੰ ਅਮਰੀਕਾ ਦੀ ਆਜ਼ਾਦੀ ਦੀ ਯਾਦ ਵਿੱਚ ਫਰਾਂਸੀਸੀ ਲੋਕਾਂ ਨੂੰ ਦਿੱਤਾ ਗਿਆ ਤੋਹਫ਼ਾ ਸੀ। ਸਟੈਚੂ ਆਫ ਲਿਬਰਟੀ ਫਰਾਂਸ ਅਤੇ ਅਮਰੀਕਾ ਦੋਵਾਂ ਦੇ ਸਾਂਝੇ ਯਤਨਾਂ ਨਾਲ ਬਣਾਈ ਗਈ ਸੀ, ਇਸ ਲਈ ਅਮਰੀਕਾ ਅਤੇ ਫਰਾਂਸ ਦੀ ਸਰਕਾਰ ਦੇ ਵਿਚਕਾਰ ਇੱਕ ਸਮਝੌਤਾ ਹੋਇਆ ਸੀ, ਜਿਸ ਦੇ ਅਨੁਸਾਰ ਅਮਰੀਕੀ ਲੋਕਾਂ ਨੇ ਇਸ ਮੂਰਤੀ ਨੂੰ ਬਣਾ ਕੇ ਸਥਾਪਿਤ ਕੀਤਾ ਸੀ।
NRI ਪੰਜਾਬੀ ਨੇ ਕੋਠੀ ‘ਤੇ ਲਵਾਇਆ ਸਟੈਚੂ ਆਫ ਲਿਬਰਟੀ-
ਆਪਣੇ ਘਰ ‘ਤੇ ਸਟੈਚੂ ਆਫ ਲਿਬਰਟੀ ਦੀ ਮੂਰਤੀ ਲਗਾਉਣ ਵਾਲਾ ਨਕੋਦਰ ਦੇ ਪਿੰਡ ਬਜੂਆ ਖੁਰਦ ਦੇ ਵਸਨੀਕ ਸੰਤੋਖ ਸਿੰਘ ਨੇ ਦੱਸਿਆ ਹੈ ਕਿ ਉਨ੍ਹਾਂ ਦੇ ਪੁੱਤਰ ਵਿਦੇਸ਼ ਰਹਿੰਦੇ ਹਨ। ਘਰ ਤੇ ਸਟੈਚੂ ਆਫ ਲਿਬਰਟੀ ਮੂਰਤੀ ਬਣਾਉਣ ਦਾ ਵਿਚਾਰ ਉਨ੍ਹਾਂ ਦੇ ਪੁੱਤਰ ਦਲਵੀਰ ਸਿੰਘ ਦਾ ਸੀ, ਜੋ ਪਹਿਲਾਂ ਅਮਰੀਕਾ ਸੀ ਤੇ ਹੁਣ ਕੈਨੇਡਾ ਰਹਿੰਦਾ ਹੈ। ਦੂਜਾ ਪੁੱਤਰ ਆਸਟਰੇਲੀਆ ਵਿੱਚ ਰਹਿੰਦਾ ਹੈ। ਦੋਵਾਂ ਦੀ ਸਲਾਹ ਮਗਰੋਂ ਮੂਰਤੀ ਨੂੰ ਬਣਾਇਆ ਗਿਆ ਹੈ।
ਸੰਤੋਖ ਸਿੰਘ ਨੇ ਦੱਸਿਆ ਹੈ ਕਿ ਦੋ ਮੰਜ਼ਿਲੀ ਕੋਠੀ ਤੇ ਇਸ ਮੂਰਤੀ ਨੂੰ ਲਗਵਾਉਣ ਲਈ ਢਾਈ ਤੋਂ ਤਿੰਨ ਲੱਖ ਰੁਪਏ ਦਾ ਖਰਚਾ ਹੋਇਆ ਹੈ, ਜਿਸਦੀ ਉਚਾਈ ਕਰੀਬ 15 ਫੁੱਟ ਹੈ। ਇਹ ਮੂਰਤੀ ਕਿਸੇ ਬਾਹਰੋਂ ਆਏ ਕਾਰੀਗਰ ਨੇ ਨਹੀਂ ਸਗੋਂ ਪੰਜਾਬ ਦੇ ਹੀ ਇੱਕ ਕਾਰੀਗਰ ਨੇ ਇਸ ਨੂੰ ਤਿਆਰ ਕੀਤਾ ਹੈ। ਸੰਤੋਖ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪੁੱਤਰਾਂ ਦੀ ਇਸ ਸੋਚ ‘ਤੇ ਪੂਰਾ ਪਿੰਡ ਮਾਣ ਕਰ ਰਿਹਾ ਕਿ ਲੰਮਾ ਸਮਾਂ ਵਿਦੇਸ਼ ਵਿੱਚ ਗੁਜ਼ਾਰਨ ਮਗਰੋਂ ਪਿੰਡ ਨਹੀਂ ਭੁੱਲੇ। ਇਸ ਮੂਰਤੀ ਦੇ ਬਣਨ ਨਾਲ ਜਿੱਥੇ ਪਿੰਡ ਨੂੰ ਵਖਰੀ ਪਛਾਣ ਮਿਲੀ ਹੈ ਉੱਥੇ ਹੀ ਹਰ ਪਾਸੇ ਇਸ ਦੀ ਚਰਚਾ ਵੀ ਹੋ ਰਹੀ ਹੈ।