Connect with us

Punjab

ਭਾਸ਼ਾ ਵਿਭਾਗ ਵੱਲੋਂ ਕਹਾਣੀਕਾਰ ਸੁਖਜੀਤ ਦਾ ਰੂਬਰੂ ਸਮਾਗਮ ਕਰਵਾਇਆ

Published

on

ਪਟਿਆਲਾ : ਭਾਸ਼ਾ ਵਿਭਾਗ ਪੰਜਾਬ ਵੱਲੋਂ ਇੱਥੇ ਮੁੱਖ ਦਫਤਰ ਵਿਖੇ ਜਿਲ੍ਹਾ ਭਾਸ਼ਾ ਦਫਤਰ ਦੇ ਸਹਿਯੋਗ ਨਾਲ ਨਾਮਵਰ ਕਹਾਣੀਕਾਰ ਸੁਖਜੀਤ ਦਾ ਰੂਬਰੂ ਸਮਾਗਮ ਕਰਵਾਇਆ ਗਿਆ। ਵਿਭਾਗ ਦੀ ਸੰਯੁਕਤ ਨਿਰੇਦਸ਼ਕਾ ਡਾ. ਵੀਰਪਾਲ ਕੌਰ ਦੀ ਅਗਵਾਈ ‘ਚ ਕਰਵਾਏ ਗਏ ਇਸ ਸਮਾਗਮ ਦੌਰਾਨ ਡਾ. ਭੀਮ ਇੰਦਰ ਸਿੰਘ ਮੁੱਖ ਮਹਿਮਾਨ, ਡਾ. ਸੁਰਜੀਤ ਸਿੰਘ ਵਿਸ਼ੇਸ਼ ਮਹਿਮਾਨ ਤੇ ਡਾ. ਗੁਰਮੀਤ ਕੱਲਰਮਾਜਰੀ ਵਕਤਾ ਵਜੋਂ ਹਾਜ਼ਰ ਹੋਏ। 

ਸਮਾਗਮ ਦੀ ਪ੍ਰਧਾਨਗੀ ਕਿਰਪਾਲ ਕਜ਼ਾਕ ਨੇ ਕੀਤੀ। ਡਾ. ਜਸਵਿੰਦਰ ਸਿੰਘ ਤੇ ਦਰਸ਼ਨ ਬੁੱਟਰ ਵੀ ਉਚੇਚੇ ਤੌਰ ‘ਤੇ ਹਾਜ਼ਰ ਸਨ। ਡਾ. ਵੀਰਪਾਲ ਕੌਰ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਭਾਸ਼ਾ ਵਿਭਾਗ ਦੀਆਂ ਸਰਗਰਮੀਆਂ ਤੇ ਪ੍ਰਾਪਤੀਆਂ ਬਾਰੇ ਦੱਸਿਆ। ਉਨ੍ਹਾਂ ਕਿਹਾ ਕਿ ਵਿਭਾਗ ਦਾ ਮੁੱਖ ਮਕਸਦ ਪਾਠਕਾਂ ਤੱਕ ਮਿਆਰੀ ਸਾਹਿਤ ਪੁੱਜਦਾ ਕਰਨਾ ਹੈ ਅਤੇ ਸਾਹਿਤਕਾਰਾਂ ਨੂੰ ਢੁਕਵਾਂ ਸਨਮਾਨ ਦੇਣਾ ਹੈ।ਸਮਾਗਮ ਦੇ ਕੇਂਦਰ ਬਿੰਦੂ ਸੁਖਜੀਤ ਨੇ ਆਪਣੀ ਕਹਾਣੀ ਸਿਰਜਣਾ ਦਾ ਅਧਾਰ ਬਣੇ ਨਿੱਜੀ ਜੀਵਨ ਦੇ ਤਜ਼ਰਬੇ ਤੇ ਘਟਨਾਵਾਂ ਬਾਰੇ ਖੂਬਸੂਰਤ ਅੰਦਾਜ਼ ‘ਚ ਬਿਆਨ ਕੀਤਾ। ਉਨ੍ਹਾਂ ਸੰਖੇਪ ‘ਚ ਦੱਸਿਆ ਕਿ ਕਿਵੇਂ ਨਿੱਕੀਆਂ-ਨਿੱਕੀਆਂ ਘਟਨਾਵਾਂ ਉਨ੍ਹਾਂ ਦੀਆਂ ਵੱਡੀਆਂ ਕਹਾਣੀਆਂ ਲਈ ਪ੍ਰੇਰਕ ਬਣੀਆਂ। ਸੁਖਜੀਤ ਨੇ ਮਿਸਾਲਾਂ ਸਹਿਤ ਦੱਸਿਆ ਕਿਵੇਂ ਉਨ੍ਹਾਂ ਨੇ ਬਹੁਤ ਸਾਰੀਆਂ ਪ੍ਰੰਪਰਾਵਾਂ ਤੋਂ ਪਾਰ ਜਾ ਕੇ, ਕਹਾਣੀਆਂ ਦੀ ਸਿਰਜਣਾ ਕੀਤੀ। ਉਨ੍ਹਾਂ ਕਿਹਾ ਕਿ ਗਿਆਨ ਨੂੰ ਅਨੁਭਵ ਅੱਗੇ ਝੁਕਣਾ ਚਾਹੀਦਾ ਹੈ, ਜਿਸ ਦੇ ਸਾਹਿਤ ਰਚਨਾ ‘ਚ ਬੜੇ ਵਧੀਆ ਨਤੀਜੇ ਆਉਂਦੇ ਹਨ। 

ਸੁਖਜੀਤ ਨੇ ਦੱਸਿਆ ਕਿ ਉਨ੍ਹਾਂ ਦੀ ਕਹਾਣੀ ਸਿਰਜਣਾ ‘ਚ ਨਾਨਕੇ-ਦਾਦਕਿਆਂ ਤੋਂ ਸੁਣੀਆਂ ਲੋਕ ਕਹਾਣੀਆਂ ਦਾ ਬਹੁਤ ਯੋਗਦਾਨ ਹੈ। ਜਿਸ ਕਰਕੇ ਉਹ ਬਚਪਨ ‘ਚ ਕਹਾਣੀਆਂ ਬੁਣਨ ਲੱਗ ਗਏ ਸਨ। ਉਨ੍ਹਾਂ ਦੱਸਿਆ ਕਿ ਉਹ ਹੁਣ ਤੱਕ 24 ਕਹਾਣੀਆਂ ਤੇ ਸਵੈਜੀਵਨੀ ਲਿਖ ਚੁੱਕੇ ਹਨ। ਡਾ. ਗੁਰਮੀਤ ਕੱਲਰਮਾਜਰੀ ਨੇ ਸ੍ਰੀ ਸੁਖਜੀਤ ਦੀ ਕਹਾਣੀ ਕਲਾ ਬਾਰੇ ਪਰਚਾ ਪੜ੍ਹਿਆ। ਉਨ੍ਹਾਂ ਕਿਹਾ ਕਿ ਸੁਖਜੀਤ ਦੀਆਂ ਕਹਾਣੀਆਂ ਵਿਸ਼ਵ ਪੱਧਰੀ ਕੈਨਵਸ ਵਾਲੀਆਂ ਹੁੰਦੀਆਂ ਹਨ। ਉਹ ਪਾਠਕ ਨੂੰ ਉਂਗਲ ਫੜਕੇ ਨਾਲ ਤੋਰ ਲੈਂਦੇ ਹਨ ਅਤੇ ਕਹਾਣੀ ਦੇ ਆਖਰੀ ਪੈਰ੍ਹੇ ‘ਤੇ ਜਾ ਕੇ ਪਾਠਕ ਮੰਜ਼ਿਲ ‘ਤੇ ਪੁੱਜ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਸੁਖਜੀਤ ਦੀ ਪਹਿਲਾ ਕਿਤਾਬ ‘ਅੰਤਰਾ’ 1997 ‘ਚ ਛਪੀ। ਮੁੱਖ ਮਹਿਮਾਨ ਡਾ. ਭੀਮ ਇੰਦਰ ਸਿੰਘ ਨੇ ਕਿਹਾ ਕਿ 1990 ਦੇ ਦਹਾਕੇ ਦੌਰਾਨ ਪੰਜਾਬੀ ਕਹਾਣੀ ‘ਚ ਵਰਿਆਮ ਸੰਧੂ ਤੇ ਪ੍ਰੇਮ ਪ੍ਰਕਾਸ਼ ਸਿੰਘ ਦਾ ਨਾਮ ਸਿਖਰ ‘ਤੇ ਸੀ ਅਤੇ ਕਈ ਵਾਰ ਜਾਪਦਾ ਸੀ ਕਿ ਪੰਜਾਬੀ ਕਹਾਣੀ ‘ਚ ਇਸ ਤੋਂ ਅਗਲਾ ਪੜਾਅ ਕਿਹੜਾ ਹੋਵੇਗਾ। ਇਸ ਉਪਰੰਤ ਸੁਖਜੀਤ ਨੇ ਦੋਨਾਂ ਕਹਾਣੀਕਾਰ ਦੇ ਸੁਮੇਲ ਵਜੋਂ ਪੰਜਾਬੀ ਸਾਹਿਤ ਦੀ ਸਰਦਲ ‘ਤੇ ਕਦਮ ਰੱਖਿਆ ਅਤੇ ਅੱਜ ਇਹ ਸਭ ਤੋਂ ਵੱਧ ਪੜ੍ਹੇ ਜਾਣ ਵਾਲੇ ਪੰਜਾਬੀ ਲਿਖਾਰੀਆਂ ‘ਚ ਸ਼ਾਮਲ ਹਨ।

ਕਿਰਪਾਲ ਕਜ਼ਾਕ ਨੇ ਕਿਹਾ ਕਿ ਕਦੇ ਵੀ ਰਵਾਇਤੀ ਰੂਪ ‘ਚ ਲਿਖਣ ਵਾਲੇ ਵਧੀਆ ਸਾਹਿਤਕਾਰ ਨਹੀਂ ਹੁੰਦੇ ਹਮੇਸ਼ਾ ਪ੍ਰੰਪਰਾਵਾਂ ਦੀ ਵਲਗਣ ‘ਚੋਂ ਨਿੱਕਲਕੇ ਲਿਖਣ ਵਾਲੇ ਲਿਖਾਰੀ ਹੀ ਵੱਡੇ ਸਾਹਿਤਕਾਰਾਂ ਦੇ ਰੂਪ ‘ਚ ਉਭਰਦੇ ਹਨ। ਕਜ਼ਾਕ ਨੇ ਕਿਹਾ ਕਿ ਸੁਖਜੀਤ ਦੀ ਕਹਾਣੀ ਪੜ੍ਹੀ ਜਾਂ ਸੁਣੀ ਜਾਣ ਵਾਲੀ ਕਹਾਣੀ ਨਹੀਂ ਹੁੰਦੀ ਸਗੋਂ ਇਹ ਪਾਠਕ ਨੂੰ ਆਪਣੀਆਂ ਅੱਖਾਂ ਸਾਹਮਣੇ ਵਾਪਰਦੀ ਨਜ਼ਰ ਆਉਂਦੀ ਹੈ। ਡਾ. ਸੁਰਜੀਤ ਸਿੰਘ ਨੇ ਕਿਹਾ ਕਿ ਸੁਖਜੀਤ ਦੀਆਂ ਕਹਾਣੀਆਂ ਗਿਆਨ, ਅਨੁਭਵ ਤੇ ਸੰਵੇਦਨਾ ਦਾ ਸੁਮੇਲ ਹਨ ਇਸੇ ਕਰਕੇ ਪਾਠਕ ਛੇਤੀ ਉਨ੍ਹਾਂ ਨਾਲ ਜੁੜ ਜਾਂਦਾ ਹੈ। ਉਨ੍ਹਾਂ ਦਾ ਕਹਾਣੀ ਨੂੰ ਬੁਣਨਾ ਤੇ ਲਿਖਣਾ ਬਾ-ਕਮਾਲ ਹੈ। ਮੰਚ ਸੰਚਾਲਨ ਤੇਜਿੰਦਰ ਸਿੰਘ ਗਿੱਲ ਨੇ ਬਾਖੂਬੀ ਕੀਤਾ। ਅਖੀਰ ਵਿੱਚ ਸਾਰੀਆਂ ਸ਼ਖਸ਼ੀਅਤਾਂ ਦਾ ਵਿਭਾਗ ਵੱਲੋਂ ਸਨਮਾਨ ਕੀਤਾ ਗਿਆ। ਜਿਲ੍ਹਾ ਭਾਸ਼ਾ ਅਫਸਰ ਚੰਦਨਦੀਪ ਕੌਰ ਨੇ ਸਭ ਦਾ ਧੰਨਵਾਦ ਕੀਤਾ।

ਇਸ ਮੌਕੇ ਵਿਭਾਗ ਵੱਲੋਂ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਗਈ। ਇਸ ਮੌਕੇ ਸਹਾਇਕ ਨਿਰਦੇਸ਼ਕ ਪਰਵੀਨ ਕੁਮਾਰ, ਅਮਰਿੰਦਰ ਸਿੰਘ, ਸੁਖਪ੍ਰੀਤ ਕੌਰ, ਆਲੋਕ ਚਾਵਲਾ, ਨਾਮਵਰ ਲੇਖਕ ਡਾ. ਅਮਰਜੀਤ ਕੌਂਕੇ, ਸੱਤਪਾਲ ਭੀਖੀ, ਅਵਤਾਰਜੀਤ, ਰਘਵੀਰ ਕੈਂਥ, ਹਰਪ੍ਰੀਤ ਸੰਧੂ ਵੱਖ-ਵੱਖ ਸਾਹਿਤ ਸਭਾਵਾਂ ਦੇ ਨੁਮਾਇੰਦੇ ਹਾਜ਼ਰ ਸਨ। ਤਸਵੀਰ- ਭਾਸ਼ਾ ਵਿਭਾਗ ਪੰਜਾਬ ਵੱਲੋਂ ਸੰਯੁਕਤ ਨਿਰੇਦਸ਼ਕਾ ਡਾ. ਵੀਰਪਾਲ ਕੌਰ ਤੇ ਹੋਰ ਅਧਿਕਾਰੀ ਕਹਾਣੀਕਾਰ ਸੁਖਜੀਤ ਦਾ ਸਨਮਾਨ ਕਰਦੇ ਹੋਏ। ਨਾਲ ਹਨ ਡਾ. ਭੀਮਇੰਦਰ ਸਿੰਘ, ਪ੍ਰੋ. ਕਿਰਪਾਲ ਕਜਾਕ, ਡਾ. ਜਸਵਿੰਦਰ ਸਿੰਘ, ਡਾ. ਸੁਰਜੀਤ ਸਿੰਘ, ਡਾ. ਚੰਦਨਦੀਪ ਕੌਰ ਤੇ ਹੋਰ।