Punjab
ਪੰਜਾਬ ਦੇ ਸਕੂਲਾਂ ਨੂੰ ਜਾਰੀ ਕੀਤੇ ਸਖ਼ਤ ਨਿਰਦੇਸ਼, ਸਿੱਖਿਆ ਮੰਤਰਾਲੇ, ਨਵੀਂ ਦਿੱਲੀ ਦੇ ਪੋਰਟਲ ‘ਤੇ ਅਪਲੋਡ ਕਰੋ ਇਹ ਡਾਟਾ

ਲੁਧਿਆਣਾ 5 ਜੁਲਾਈ 2023 : ਗਰਮੀਆਂ ਦੀਆਂ ਛੁੱਟੀਆਂ ਤੋਂ ਬਾਅਦ ਸੋਮਵਾਰ ਤੋਂ ਸੂਬੇ ਦੇ ਸਾਰੇ ਸਕੂਲ ਖੁੱਲ੍ਹ ਗਏ ਹਨ ਅਤੇ ਸਾਰੇ ਸਕੂਲਾਂ ‘ਚ ਵਿਦਿਆਰਥੀਆਂ ਲਈ ਰੋਜ਼ਾਨਾ ਮਿਡ-ਡੇ-ਮੀਲ ਤਿਆਰ ਕੀਤਾ ਜਾ ਰਿਹਾ ਹੈ। ਮਿਡ-ਡੇ-ਮੀਲ ਦਾ ਸੇਵਨ ਕਰਨ ਵਾਲੇ ਵਿਦਿਆਰਥੀਆਂ ਦਾ ਡਾਟਾ ਮੋਬਾਈਲ ਐਪ ‘ਤੇ ਭਰਿਆ ਜਾਂਦਾ ਹੈ ਅਤੇ ਇਹ ਜ਼ਿਲ੍ਹਾ ਪੱਧਰੀ ਇਕਸਾਰ ਰਿਪੋਰਟ ਦਫ਼ਤਰ ਵੱਲੋਂ ਹਰ ਰੋਜ਼ ਸ਼ਾਮ 4:30 ਵਜੇ ਸਿੱਖਿਆ ਮੰਤਰਾਲੇ, ਨਵੀਂ ਦਿੱਲੀ ਦੇ ਪੋਰਟਲ ‘ਤੇ ਅਪਲੋਡ ਕੀਤੀ ਜਾਂਦੀ ਹੈ।
ਇਸ ਲਈ ਸਿੱਖਿਆ ਵਿਭਾਗ ਨੇ ਸੂਬੇ ਦੇ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ (ਪ੍ਰਾਇਮਰੀ-ਸੈਕੰਡਰੀ ਸਿੱਖਿਆ) ਅਤੇ ਸਮੂਹ ਸਕੂਲ ਮੁਖੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਹਨ ਕਿ ਉਪਰੋਕਤ ਸਬੰਧੀ ਡਾਇਰੈਕਟਰ ਜਨਰਲ ਆਫ਼ ਸਕੂਲ ਸਿੱਖਿਆ ਵੱਲੋਂ ਰੋਜ਼ਾਨਾ ਨਿਗਰਾਨੀ ਰੱਖੀ ਜਾਵੇ। ਸਾਰੇ ਸਕੂਲਾਂ ਨੂੰ ਇਹ ਯਕੀਨੀ ਬਣਾਇਆ ਜਾਵੇ ਕਿ ਸਕੂਲ ਮੁਖੀ ਹਰ ਰੋਜ਼ ਸ਼ਾਮ 4 ਵਜੇ ਤੱਕ ਮੋਬਾਈਲ ਐਪ ‘ਤੇ ਡਾਟਾ ਭਰ ਦੇਣ ਤਾਂ ਜੋ ਪੂਰਾ ਡਾਟਾ ਸਿੱਖਿਆ ਮੰਤਰਾਲੇ, ਨਵੀਂ ਦਿੱਲੀ ਦੇ ਪੋਰਟਲ ‘ਤੇ ਰੋਜ਼ਾਨਾ ਅਪਲੋਡ ਕੀਤਾ ਜਾ ਸਕੇ। ਜੇਕਰ ਕੋਈ ਸਕੂਲ ਪ੍ਰਿੰਸੀਪਲ ਅਜਿਹਾ ਕਰਨ ਵਿੱਚ ਅਸਫਲ ਰਹਿੰਦਾ ਹੈ ਅਤੇ ਦੇਰੀ ਜਾਂ ਲਾਪਰਵਾਹੀ ਹੁੰਦੀ ਹੈ ਤਾਂ ਸਬੰਧਤ ਸਕੂਲ ਮੁਖੀ ਨਿੱਜੀ ਤੌਰ ’ਤੇ ਜ਼ਿੰਮੇਵਾਰ ਹੋਵੇਗਾ ਅਤੇ ਅਗਲੇਰੀ ਕਾਰਵਾਈ ਲਈ ਮਾਮਲਾ ਮੁੱਖ ਦਫ਼ਤਰ ਨੂੰ ਭੇਜਿਆ ਜਾ ਸਕਦਾ ਹੈ।
ਸਾਰੇ ਜ਼ਿਲ੍ਹਿਆਂ ਅਤੇ ਬਲਾਕਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਰੋਜ਼ਾਨਾ ਆਪਣੇ ਪੰਜਾਬ ਸਕੂਲ ਦਾ ਲੌਗਇਨ ਚੈੱਕ ਕਰਨ ਅਤੇ ਜਿਹੜੇ ਸਕੂਲ ਮਿਡ-ਡੇ-ਮੀਲ ਦਾ ਡਾਟਾ ਰੋਜ਼ਾਨਾ ਨਹੀਂ ਭਰ ਰਹੇ ਹਨ, ਉਨ੍ਹਾਂ ਦਾ ਡਾਟਾ ਭਰਨ।