Corona Virus
ਹੁਣ ਬਾਹਰੋਂ ਆਉਣ ਵਾਲੇ ਵਿਦਿਆਰਥੀਆਂ ਅਤੇ ਐਨਆਰਆਈਜ਼ ਨੂੰ ਰੱਖਿਆ ਜਾਵੇਗਾ ਹੋਟਲਾਂ ਦੇ ਕਮਰਿਆਂ ਚ, ਖੁਦ ਆਪਣੇ ਖ਼ਰਚੇ ਦਾ ਕਰਨਗੇ ਭੁਗਤਾਨ
ਲੁਧਿਆਣਾ,15 ਮਈ(ਸੰਜੀਵ ਸੂਦ): ਪੰਜਾਬ ਦੇ ਵਿੱਚ ਕਰਫਿਊ ਦੇ ਕਾਰਨ ਜਿੱਥੇ ਹੋਟਲ ਰੈਸਟੋਰੈਂਟ ਆਦਿ ਦਾ ਕੰਮ ਵੀ ਪੂਰੀ ਤਰ੍ਹਾਂ ਠੱਪ ਹੋ ਗਿਆ ਹੈ ਉਥੇ ਹੀ ਪੰਜਾਬ ਸਰਕਾਰ ਨੇ ਹੋਟਲ ਐਸੋਸੀਏਸ਼ਨ ਦੇ ਨਾਲ ਟਾਈਅੱਪ ਕਰਕੇ ਹੁਣ ਬਾਹਰੋਂ ਆਉਣ ਵਾਲੇ ਕਾਰੋਬਾਰੀ ਵਿਦਿਆਰਥੀਆਂ ਅਤੇ ਐਨਆਰਆਈਜ਼ ਨੂੰ ਹੋਟਲਾਂ ਦੇ ਵਿੱਚ ਇਕਾਂਤਵਾਸ ‘ਚ ਰੱਖਣ ਦਾ ਫੈਸਲਾ ਲਿਆ ਹੈ ਅਤੇ ਇਨ੍ਹਾਂ 14 ਦਿਨਾਂ ਦਾ ਖਰਚਾ ਉਹ ਖ਼ੁਦ ਆਪਣੇ ਕੋਲੋਂ ਕਰਨਗੇ। ਪੂਰੇ ਪੰਜਾਬ ਭਰ ਦੇ ਵਿੱਚ ਵੱਖ ਵੱਖ ਜ਼ਿਲ੍ਹਿਆਂ ‘ਚ ਹੋਟਲ ਐਸੋਸੀਏਸ਼ਨ ਦੇ ਨਾਲ ਟਾਈਅੱਪ ਕਰਕੇ ਹੋਟਲਾਂ ਦੀ ਚੋਣ ਕੀਤੀ ਗਈ ਹੈ ਜੇਕਰ ਗੱਲ ਲੁਧਿਆਣਾ ਦੀ ਕੀਤੀ ਜਾਵੇ ਤਾਂ ਲੁਧਿਆਣਾ ਦੇ ਵਿੱਚ 22 ਹੋਟਲਾਂ ਦੀ ਚੋਣ ਕੀਤੀ ਗਈ ਹੈ।
ਹੋਟਲ ਐਸੋਸੀਏਸ਼ਨ ਦੇ ਪ੍ਰਧਾਨ ਨੇ ਦੱਸਿਆ ਕਿ ਪੂਰੇ ਪੰਜਾਬ ਭਰ ਦੇ ਵਿੱਚ ਹਰ ਜ਼ਿਲ੍ਹੇ ‘ਚ ਲੋਕਾਂ ਨੂੰ ਇਕਾਂਤਵਾਸ ‘ਚ ਰੱਖਣ ਲਈ ਹੋਟਲਾਂ ਦੀ ਚੋਣ ਕੀਤੀ ਗਈ ਹੈ ਅਤੇ ਲੁਧਿਆਣਾ ਵਿੱਚ 800 ਕਮਰਿਆਂ ਦਾ ਪ੍ਰਬੰਧ ਕੀਤਾ ਗਿਆ ਹੈ ਜਦੋਂਕਿ ਪੰਜਾਬ ਦੇ ਬਾਕੀ ਜ਼ਿਲਿਆਂ ਵਿੱਚ ਵੀਂ 150-200 ਕਮਰਿਆਂ ਦਾ ਪ੍ਰਬੰਧ ਕੀਤਾ ਗਿਆ ਹੈ ਜਿਸ ਵਿੱਚ ਇਕਾਂਤ ਵਾਸ ‘ਚ ਇਨ੍ਹਾਂ ਐਨਾਰਾਈਜ਼ ਨੂੰ ਰੱਖਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਰੂਮ ਸਰਵਿਸ ਕਮਰਿਆਂ ਤੱਕ ਨਹੀਂ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਸਿਰਫ ਇਨ੍ਹਾਂ ਲੋਕਾਂ ਨੂੰ ਸ਼ਾਕਾਹਾਰੀ ਭੋਜਨ ਹੀ ਪਰੋਸਿਆ ਜਾਵੇਗਾ। ਹੋਟਲ ਸਟਾਫ ਵੀ ਇਨ੍ਹਾਂ ਦੇ ਸੰਪਰਕ ‘ਚ ਆਉਣ ਤੋਂ ਸੁਚੇਤ ਰਹਿਣਗੇ ਅਤੇ ਕੰਮ ਵੀ ਹੋਟਲ ਦੇ ਵਿੱਚ ਪੂਰੀ ਸੈਂਸੀਟਾਈਜ਼ੇਸ਼ਨ ਨਾਲ ਹੀ ਕੀਤਾ ਜਾਵੇਗਾ।