Punjab
ਸਟੇਟ ਕਾਲਜ ਆਫ਼ ਐਜੂਕੇਸ਼ਨ ਦੇ ਵਿਦਿਆਰਥੀਆਂ ਨੇ ਰੋਜ਼ਗਾਰ ਬਿਊਰੋ ਦਾ ਕੀਤਾ ਦੌਰਾ

ਪਟਿਆਲਾ: ਸਟੇਟ ਕਾਲਜ ਆਫ਼ ਐਜੂਕੇਸ਼ਨ ਦੇ ਵਿਦਿਆਰਥੀਆਂ ਵੱਲੋਂ ਅੱਜ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਦਾ ਦੌਰਾ ਕੀਤਾ ਗਿਆ ਅਤੇ ਬਿਊਰੋ ਵੱਲੋਂ ਨੌਜਵਾਨਾਂ ਲਈ ਰੋਜ਼ਗਾਰ ਤੇ ਸਵੈ ਰੋਜ਼ਗਾਰ ਲਈ ਕੀਤੇ ਜਾ ਰਹੇ ਯਤਨਾਂ ਸਬੰਧੀ ਜਾਣਕਾਰੀ ਪ੍ਰਾਪਤ ਕੀਤੀ। ਇਸ ਮੌਕੇ ਬਿਊਰੋ ਦੇ ਮਾਹਰਾਂ ਵੱਲੋਂ ਵਿਦਿਆਰਥੀਆਂ ਦੀ ਕੈਰੀਅਰ ਕਾਊਂਸਲਿੰਗ ਵੀ ਕੀਤੀ ਗਈ, ਜਿਸ ‘ਚ 50 ਵਿਦਿਆਰਥੀਆਂ ਨੇ ਭਾਗ ਲਿਆ।
ਇਸ ਮੌਕੇ ਜ਼ਿਲ੍ਹਾ ਰੋਜ਼ਗਾਰ ਅਫ਼ਸਰ ਸਿੰਪੀ ਸਿੰਗਲਾ ਨੇ ਵਿਦਿਆਰਥੀਆਂ ਨੂੰ ਰਜ਼ਿਉਮੇ ਰਾਈਟਿੰਗ, ਇੰਟਰਵਿਊ ਸਕਿੱਲਸ ਬਾਰੇ ਦੱਸਿਆ ਤਾਂ ਜੋ ਵਿਦਿਆਰਥੀਆਂ ਨੂੰ ਇੰਟਰਵਿਊ ਪਾਸ ਕਰਨ ਵਿੱਚ ਮਦਦ ਮਿਲ ਸਕੇ। ਕੈਰੀਅਰ ਕਾਂਉਸਲਰ ਡਾ. ਰੂਪਸੀ ਪਹੂਜਾ ਵੱਲੋਂ ਵਿਦਿਆਰਥੀਆਂ ਨੂੰ ਬਿਉਰੋ ਦੀ ਗਤੀਵਿਧੀਆਂ ਜਿਸ ‘ਚ ਸਕਿੱਲ ਕੋਰਸ, ਮੁਫ਼ਤ ਕੋਚਿੰਗ, ਰੋਜ਼ਗਾਰ ਸਹਾਇਤਾ, ਰਜਿਸਟ੍ਰੇਸ਼ਨ, ਸਵੈ-ਰੋਜ਼ਗਾਰ, ਕਾਊਂਸਲਿੰਗ, ਪਲੇਸਮੈਂਟ ਕੈਂਪ ਬਾਰੇ ਜਾਣੂ ਵੀ ਕਰਵਾਇਆ ਗਿਆ।
ਉਨ੍ਹਾਂ ਦੱਸਿਆ ਕਿ ਬਿਊਰੋ ਵੱਲੋਂ ਸਮੇਂ ਸਮੇਂ ‘ਤੇ ਪਲੇਸਮੈਂਟ ਕੈਂਪ ਲਗਾਕੇ ਵਿਦਿਆਰਥੀਆਂ ਨੂੰ ਰੋਜ਼ਗਾਰ ਦੇ ਮੌਕੇ ਪ੍ਰਦਾਨ ਕੀਤੇ ਜਾਂਦੇ ਹਨ ਅਤੇ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਵੀ ਕਰਵਾਈ ਜਾਂਦੀ ਹੈ। ਉਨ੍ਹਾਂ ਇਸ ਮੌਕੇ ਵਿਦਿਆਰਥੀਆਂ ਵੱਲੋਂ ਆਪਣੇ ਕੈਰੀਅਰ ਸਬੰਧੀ ਪੁੱਛੇ ਸਵਾਲਾਂ ਦਾ ਜਵਾਬ ਦਿੰਦਿਆ ਕਿਹਾ ਕਿ ਬੀ.ਐਡ ਤੇ ਐਮ.ਐਡ ਪਾਸ ਵਿਦਿਆਰਥੀਆਂ ਲਈ ਨੌਕਰੀ ਦੀ ਅਥਾਹ ਸੰਭਾਵਨਾਵਾਂ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਲਈ ਵੀ ਪ੍ਰੋਰਿਤ ਕੀਤਾ।