International
ਸਿੰਗਾਪੁਰ ਏਅਰਲਾਈਨਜ਼ ਦੇ ਜਹਾਜ਼ ‘ਚ ਅਚਾਨਕ ਲੱਗੇ ਜ਼ੋਰਦਾਰ ਝਟਕੇ, 1 ਦੀ ਮੌਤ ਤੇ ਕਈ ਜ਼ਖ਼ਮੀ

ਉੱਡਦੀ ਉਡਾਣ ਵਿੱਚ ਅਚਾਨਕ ਜ਼ੋਰਦਾਰ ਝਟਕੇ ਲੱਗਣ ਨਾਲ ਵੱਡਾ ਹਾਦਸਾ ਵਾਪਰਿਆ ਹੈ। ਦਰਅਸਲ ਸਿੰਗਾਪੁਰ ਏਅਰਲਾਈਨਜ਼ ਦਾ ਜਹਾਜ਼ ਉੱਡਦੇ ਸਮੇਂ ਅਚਾਨਕ ਇਕੋ ਦਮ ਹਿਲਿਆ ਭਾਵ ਕਿ ਝਟਕਾ ਲੱਗਿਆ, ਜਿਸ ਕਾਰਨ ਇਕ ਯਾਤਰੀ ਦੀ ਮੌਤ ਹੋ ਗਈ, ਜਿਸ ਦੀ ਪਛਾਣ 73 ਸਾਲਾ ਬਰਤਾਨਵੀ ਦੇ ਵਸਨੀਕ ਵਜੋਂ ਹੋਈ ਜਦਕਿ ਦੋ ਦਰਜਨ ਤੋਂ ਵੱਧ ਯਾਤਰੀਆਂ ਦੇ ਜ਼ਖ਼ਮੀ ਹੋਣ ਦੀ ਜਾਣਕਾਰੀ ਮਿਲੀ ਹੈ।
ਦੱਸਣਯੋਗ ਹੈ ਕਿ ਲੰਡਨ ਤੋਂ ਸਿੰਗਾਪੁਰ ਆ ਰਹੀ ਸਿੰਗਾਪੁਰ ਏਅਰਲਾਈਨ ਦਾ ਜਹਾਜ਼ ਐੱਸਕਿਊ321 ਵਿਚ ਤਿੰਨ ਭਾਰਤੀ ਨਾਗਰਿਕਾਂ ਸਣੇ 229 ਵਿਅਕਤੀ ਸਵਾਰ ਸਨ। ਇਹ ਘਟਨਾ 20 ਮਈ ਦੀ ਹੈ। ਜਦੋਂ ਜਹਾਜ਼ ਨੂੰ ਝਟਕੇ ਲੱਗਣ ਲੱਗੇ ਉਸ ਮੌਕੇ ਇਹ 37,000 ਫੁੱਟ ਦੀ ਉਚਾਈ ’ਤੇ ਸੀ। ਪਾਇਲਟ ਨੇ ਫੌਰੀ ਐਮਰਜੈਂਸੀ ਐਲਾਨਦਿਆਂ ਉਡਾਣ ਬੈਂਕਾਕ ਵੱਲ ਨੂੰ ਮੋੜ ਲਈ ਸੀ।
ਏਅਰਲਾਈਨਜ਼ ਜਾ ਬਿਆਨ-
ਇਸ ਫਲਾਈਟ ਬੋਇੰਗ 777-300ER ਵਿੱਚ 211 ਯਾਤਰੀ ਅਤੇ 18 ਚਾਲਕ ਦਲ ਦੇ ਮੈਂਬਰ ਸਵਾਰ ਸਨ। ਏਅਰਲਾਈਨਜ਼ ਵੱਲੋਂ ਮਰਨ ਵਾਲੇ ਯਾਤਰੀ ਦੇ ਪਰਿਵਾਰ ਨਾਲ ਹਮਦਰਦੀ ਜ਼ਾਹਰ ਕਰਦੇ ਹੋਏ ਇਹ ਕਿਹਾ ਗਿਆ , “ਅਸੀਂ ਪੁਸ਼ਟੀ ਕੀਤੀ ਹੈ ਕਿ ਬੋਇੰਗ ਵਿੱਚ ਸਵਾਰ ਯਾਤਰੀ ਜ਼ਖਮੀ ਹੋਏ ਹਨ ਅਤੇ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ… ਸਾਡੀ ਤਰਜੀਹ ਜਹਾਜ਼ ਦੇ ਸਾਰੇ ਯਾਤਰੀਆਂ ਅਤੇ ਚਾਲਕ ਦਲ ਨੂੰ ਹਰ ਸੰਭਵ ਮਦਦ ਪ੍ਰਦਾਨ ਕਰਨਾ ਹੈ। ਅਸੀਂ ਲੋੜੀਂਦੀ ਡਾਕਟਰੀ ਸਹਾਇਤਾ ਪ੍ਰਦਾਨ ਕਰਨ ਲਈ ਥਾਈਲੈਂਡ ਵਿੱਚ ਸਥਾਨਕ ਅਧਿਕਾਰੀਆਂ ਨਾਲ ਕੰਮ ਕਰ ਰਹੇ ਹਾਂ ਅਤੇ ਲੋੜ ਅਨੁਸਾਰ ਵਾਧੂ ਸਹਾਇਤਾ ਪ੍ਰਦਾਨ ਕਰਨ ਲਈ ਇੱਕ ਟੀਮ ਬੈਂਕਾਕ ਭੇਜ ਰਹੇ ਹਾਂ।”
ਕਿਵੇਂ ਵਾਪਰਿਆ ਹਾਦਸਾ-
ਜਹਾਜ਼ ਦੇ ਉਡਾਣ ਭਰਦੇ ਸਮੇਂ ਜਦੋਂ ਹਵਾ ਬੇਕਾਬੂ ਹੋ ਕੇ ਉਸ ਦੇ ਖੰਭਾਂ ਨਾਲ ਟਕਰਾ ਜਾਂਦੀ ਹੈ ਤਾਂ ਜਹਾਜ਼ ਵਿੱਚ ਏਅਰ ‘ਟਰਬੁਲੈਂਸ’ ਹੁੰਦਾ ਹੈ। ਇਸ ਕਾਰਨ ਜਹਾਜ਼ ਨਿਰਧਾਰਿਤ ਉਚਾਈ ਤੋਂ ਉੱਪਰ-ਨੀਚੇ ਜਾਣ ਲੱਗ ਜਾਂਦਾ ਹੈ, ਜਿਸ ਕਾਰਨ ਯਾਤਰੀਆਂ ਨੂੰ ਝਟਕੇ ਲੱਗਣੇ ਸ਼ੁਰੂ ਹੋ ਜਾਂਦੇ ਹਨ।
(ਸਟੋਰੀ- ਇਕਬਾਲ ਕੌਰ, ਵਰਲਡ ਪੰਜਾਬੀ)