Governance
ਬੇਰੋਜ਼ਗਾਰ ਅਧਿਆਪਕਾਂ ‘ਤੇ ਜ਼ਾਲਮਾਨਾ ਹਮਲੇ ਦੇ ਦੋਸ਼ੀ ਪੁਲਿਸ ਅਧਿਕਾਰੀਆਂ ਖ਼ਿਲਾਫ਼ ਫੌਜਦਾਰੀ ਕੇਸ ਦਰਜ ਕੀਤਾ ਜਾਵੇ-ਸੁਖਬੀਰ ਬਾਦਲ
ਚੰਡੀਗੜ, 11 ਮਾਰਚ : ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਬੇਰੋਜ਼ਗਾਰ ਅਧਿਆਪਕਾਂ ‘ਤੇ ਜ਼ਾਲਮਾਨਾ ਹਮਲੇ ਦੇ ਦੋਸ਼ੀ ਪੁਲਿਸ ਅਧਿਕਾਰੀਆਂ ਖ਼ਿਲਾਫ਼ ਫੌਜਦਾਰੀ ਕੇਸ ਦਰਜ ਕੀਤਾ ਜਾਵੇ । ਉਹਨਾਂ ਕਿਹਾ ਕਿ ਇਹ ਹਮਲਾ ਸਿਰਫ ਆਪਣੇ ਸਿਆਸੀ ਆਕਾਵਾਂ ਨੂੰ ਖੁਸ਼ ਕਰਨ ਵਾਸਤੇ ਕੀਤਾ ਗਿਆ ‘ਤੇ ਇਸ ਵਹਿਸ਼ੀ ਕਾਰਵਾਈ ਦਾ ਹੁਕਮ ਦੇਣ ਵਾਲਿਆਂ ਖ਼ਿਲਾਫ਼ ਵੀ ਕਾਰਵਾਈ ਹੋਣੀ ਚਾਹੀਦੀ ਹੈ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਇਹ ਗੱਲ ਸਾਹਮਣੇ ਆਈ ਹੈ ਕਿ ਪਟਿਆਲਾ ਦੇ ਐਸ.ਪੀ ਸਿਟੀ ਸਮੇਤ ਕੁਝ ਪੁਲਿਸ ਅਫਸਰਾਂ ਵੱਲੋਂ ਆਪਣੇ ਆਕਾਵਾਂ ਨੂੰ ਖੁਸ਼ ਕਰਨ ਵਾਸਤੇ ਬਿਨਾਂ ਭੜਕਾਹਟ ਦੇ ਬੇਰੋਜ਼ਗਾਰੀ ਅਧਿਆਪਕਾਂ ਨੂੰ ਬੇਰਹਿਮੀ ਨਾਲ ਕੁੱਟਿਆ ਗਿਆ। ਉਹਨਾਂ ਕਿਹਾ ਕਿ ਜਦੋਂ ਸੀਨੀਅਰ ਪੁਲਿਸ ਅਧਿਕਾਰੀ ਨੌਜਵਾਨਾਂ ‘ਤੇ ਹਮਲੇ ਦੀ ਅਗਵਾਈ ਕਰ ਰਹੇ ਸਨ ਤਾਂ ਹੋਰ ਪੁਲਿਸ ਮੁਲਾਜ਼ਮ ਵੀ ਨਾਲ ਲੱਗ ਗਏ ਤੇ ਸਮਝ ਬੈਠੇ ਕਿ ਸਿੱਧਾ ਉਪਰੋਂ ਹੁਕਮ ਆਇਆ ਹੈ ਕਿ ਬੇਰੋਜ਼ਗਾਰ ਅਧਿਆਪਕਾਂ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਵੱਲ ਮਾਰਚ ਕਰਨ ਲਈ ਸਬਕ ਸਿਖਾਇਆ ਜਾਵੇ। ਉਹਨਾਂ ਕਿਹਾ ਕਿ ਇਸ ਹਮਲੇ ਦੇ ਨਤੀਜੇ ਵਜੋਂ ਮਹਿਲਾਵਾਂ ਸਮੇਤ ਦਰਜਨ ਦੇ ਕਰੀਬ ਅਧਿਆਪਕ ਜ਼ਖਮੀ ਹੋ ਗਏ। ਉਹਨਾਂ ਕਿਹਾ ਕਿ ਪੁਲਿਸ ਅਧਿਕਾਰੀਆਂ ਨੇ ਮਹਿਲਾਵਾਂ ਨੂੰ ਵਾਲਾਂ ਤੋਂ ਫੜ ਕੇ ਘਸਿਟੀਆ ਤੇ ਉਹਨਾਂ ਨਾਲ ਬਹੁਤ ਮਾੜਾ ਵਿਵਹਾਰ ਵੀ ਕੀਤਾ। ਉਹਨਾਂ ਕਿਹਾ ਕਿ ਇਹ ਵਿਵਹਾਰ ਇੰਨਾ ਜ਼ਾਲਮਾਨਾ ਸੀ ਕਿ ਦੋ ਨੌਜਵਾਨ ਤਾਂ ਭਾਖੜਾ ਨਹਿਰ ਵਿਚ ਕੁੱਦ ਪਏ।
ਬਾਦਲ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਪੁਲਿਸ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਕਰਨ ਦੀ ਥਾਂ ਬੇਰਹਿਮੀ ਨਾਲ ਕੁੱਟਮਾਰ ਦਾ ਸ਼ਿਕਾਰ ਹੋਏ 70 ਬੇਰੋਜ਼ਗਾਰ ਅਧਿਆਪਕਾਂ ‘ਤੇ ਹੀ ਕੇਸ ਦਰਜ ਕਰ ਦਿੱਤਾ। ਉਹਨਾਂ ਕਿਹਾ ਕਿ ਅਜਿਹੀਆਂ ਕਾਰਵਾਈਆਂ ਤਾਨਾਸ਼ਾਹੀ ਸਰਕਾਰ ਦਾ ਸੰਕੇਤ ਦਿੰਦੀਆਂ ਹਨ। ਅਕਾਲੀ ਦਲ ਦੇ ਪ੍ਰਧਾਨ ਨੇ ਮੰਗ ਕੀਤੀ ਕਿ ਬੇਰੋਜ਼ਗਾਰ ਅਧਿਆਪਕਾਂ ਖ਼ਿਲਾਫ਼ ਦਰਜ ਹੋਇਆ ਕੇਸ ਤੁਰੰਤ ਵਾਪਸ ਲਿਆ ਜਾਵੇ ਤੇ ਐਸ.ਪੀ ਸਿਟੀ ਸਮੇਤ ਹੋਰ ਪੁਲਿਸ ਅਫ਼ਸਰ ਜੋ ਕਿ ਹਮਲੇ ਵਿਚ ਸ਼ਾਮਲ ਸਨ ਖ਼ਿਲਾਫ਼ ਫੌਜਦਾਰੀ ਕੇਸ ਦਰਜ ਕੀਤਾ ਜਾਵੇ ਤੇ ਇਸ ਹਮਲੇ ਦਾ ਹੁਕਮ ਦੇਣ ਵਾਲਿਆਂ ‘ਤੇ ਵੀ ਕਾਰਵਾਈ ਕੀਤੀ ਜਾਵੇ।