India
ਅਫਗਾਨਿਸਤਾਨ ‘ਚ ਫ਼ਸੇ ਸਿੱਖਾਂ ਦੀ ਮਦਦ ਲਈ ਮੋਦੀ ਨੂੰ ਲਿਖੀ ਸੁਖਬੀਰ ਬਾਦਲ ਨੇ ਚਿੱਠੀ

ਚੰਡੀਗੜ੍ਹ/27 ਮਾਰਚ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਫਗਾਨਿਸਤਾਨ ਵਿਚ ਫਸੇ ਉਹਨਾਂ ਸਿੱਖਾਂ ਦੀ ਤੁਰੰਤ ਏਅਰਲਿਫਟਿੰਗ ਦਾ ਪ੍ਰਬੰਧ ਕਰਵਾਉਣ ਲਈ ਆਖਿਆ ਹੈ, ਜਿਹੜੇ ਆਪਣੇ ਮੁਲਕ ਵਾਪਸ ਆਉਣਾ ਚਾਹੁੰਦੇ ਹਨ। ਪ੍ਰਧਾਨ ਮੰਤਰੀ ਨੂੰ ਲਿਖੀ ਇੱਕ ਚਿੱਠੀ ਵਿਚ ਬਾਦਲ ਨੇ ਬੇਨਤੀ ਕੀਤੀ ਹੈ ਕਿ ਕਾਬੁਲ ਵਿਚ ਭਾਰਤੀ ਦੂਤਾਵਾਸ ਦੇ ਅਧਿਕਾਰੀਆਂ ਨੂੰ ਖਾਸ ਕਰਕੇ ਸਿੱਖ ਆਗੂਆਂ ਨਾਲ ਇਸ ਸੰਬੰਧੀ ਤਾਲਮੇਲ ਬਣਾਉਣ ਲਈ ਆਖਿਆ ਜਾਵੇ। ਉਹਨਾਂ ਕਿਹਾ ਕਿ ਉੱਥੇ ਵੱਡੀ ਗਿਣਤੀ ਵਿਚ ਸਿੱਖ ਪਰਿਵਾਰ ਰਹਿੰਦੇ ਹਨ, ਜਿਹੜੇ ਜਲਦੀ ਤੋਂ ਜਲਦੀ ਉਸ ਦੇਸ਼ ਵਿਚੋਂ ਨਿਕਲਣਾ ਚਾਹੁੰਦੇ ਹਨ। ਉਹਨਾਂ ਕਿਹਾ ਕਿ ਉਹਨਾਂ ਪਰਿਵਾਰਾਂ ਨੂੰ ਏਅਰਲਿਫਟਿੰਗ ਰਾਹੀਂ ਵਾਪਸ ਆਪਣੇ ਮੁਲਕ ਲਿਆਉਣ ਲਈ ਤੁਰੰਤ ਜਲਦੀ ਪ੍ਰਬੰਧ ਕਰਨ ਦੀ ਲੋੜ ਹੈ। ਉਨ੍ਹਾਂ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਨਾ ਸਿਰਫ ਅਫਗਾਨਿਸਤਾਨ ਦੇ ਸਿੱਖਾਂ ਦੀ , ਸਗੋਂ ਉਹਨਾਂ ਸਾਰੇ ਸੰਵੇਦਵਸ਼ੀਲ ਮੁਲਕਾਂ ਵਿਚ ਰਹਿੰਦੇ ਸਿੱਖਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਅੰਤਰਾਸ਼ਟਰੀ ਪੱਧਰ ਉੱਤੇ ਸਿੱਧੀ ਪਹੁੰਚ ਕਰਨ, ਜਿਹਨਾਂ ਨੂੰ ਕਦੇ ਵੀ ਨਿਸ਼ਾਨਾ ਬਣਾਇਆ ਜਾ ਸਕਦਾ ਹੈ। ਉਹਨਾਂ ਕਿਹਾ ਕਿ ਇਹ ਬਹੁਤ ਹੀ ਨਾਜ਼ੁਕ ਸਥਿਤੀ ਹੈ ਅਤੇ ਦੇਸ਼ ਨੂੰ ਵਿਦੇਸ਼ਾਂ ਵਿਚ ਰਹਿੰਦੇ ਸਿੱਖਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸਾਰੇ ਕੂਟਨੀਤਿਕ ਚੈਨਲਾਂ ਦਾ ਇਸਤੇਮਾਲ ਕਰਨ ਦੀ ਲੋੜ ਹੈ।
ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ ਉਹਨਾਂ ਨੂੰ ਅਫਗਾਨਿਤਸਾਨ ਅਤੇ ਬਾਕੀ ਮੁਲਕਾਂ ਵਿਚ ਰਹਿੰਦੇ ਬਹੁਤ ਸਾਰੇ ਸਿੱਖਾਂ ਦੇ ਫੋਨ ਆਏ ਹਨ, ਜੋ ਕਿ ਆਪਣੀ ਸੁਰੱਖਿਆ ਵਾਸਤੇ ਸਰਕਾਰ ਵੱਲੋਂ ਤੇਜ਼ ਕੂਟਨੀਤਿਕ ਕਾਰਵਾਈ ਦੀ ਮੰਗ ਕਰ ਰਹੇ ਹਨ।