Punjab
ਇਸ ਪਿੰਡ ‘ਚ ਵੜੇ ਅਣਪਛਾਤੇ ਵਿਅਕਤੀ, ਲੋਕਾਂ ‘ਚ ਮਚੀ ਹਫੜਾ-ਦਫੜੀ
ਪੰਜਾਬ ਵਿੱਚ ਸ਼ੱਕੀ ਵਿਅਕਤੀ ਦੇ ਨਜ਼ਰ ਆਉਣ ਵਾਲੀਆਂ ਖ਼ਬਰਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਹੁਣ ਤਾਜ਼ਾ ਮਾਮਲਾ ਦੀਨਾਨਗਰ ਤੋਂ ਸਾਹਮਣੇ ਆਇਆ ਹੈ, ਜਿੱਥੇ ਬੀਤੀ ਦੇਰ ਰਾਤ ਰੇਲਵੇ ਸਟੇਸ਼ਨ ਅਤੇ ਗੁਰੂ ਨਾਨਕ ਮੁਹੱਲਾ ਵਿਖੇ 2 ਸ਼ੱਕੀ ਬੰਦੇ ਨਜ਼ਰ ਆਏ । ਪਤਾ ਲੱਗਿਆ ਹੈ ਕਿ ਦੋਵਾਂ ਨੇ ਆਪਣੇ ਮੂੰਹ ਬੰਨ੍ਹੇ ਹੋਏ ਸੀ ਅਤੇ ਦੋਵਾਂ ਨੇ ਆਪਣੀਆਂ ਪਿੱਠਾਂ ‘ਤੇ ਬੈਗ ਪਾਏ ਹੋਏ ਸੀ। ਇਸ ਦੀ ਜਾਣਕਾਰੀ ਮਿਲਦਿਆਂ ਹੀ ਦੀਨਾਨਗਰ ਪੁਲਿਸ ਵੱਲੋਂ ਦੇਰ ਰਾਤ ਵੱਡੇ ਪੱਧਰ ‘ਤੇ ਇਲਾਕੇ ਅੰਦਰ ਸਰਚ ਮੁਹਿੰਮ ਚਲਾਈ ਗਈ। ਇਸ ਘਟਨਾ ਮਗਰੋਂ ਪੂਰੇ ਪਿੰਡ ਵਿੱਚ ਹਫੜਾ-ਦਫੜੀ ਵਾਲਾ ਮਾਹੌਲ ਪੈਦਾ ਹੋ ਗਿਆ ਸੀ।
ਇਸ ਸਬੰਧੀ ਥਾਣਾ ਮੁਖੀ ਦੀਨਾਨਗਰ ਕਰਿਸ਼ਮਾ ਵੱਲੋਂ ਦੱਸਿਆ ਗਿਆ ਕਿ ਬੀਤੀ ਰਾਤ ਕਿਸੇ ਵੱਲੋਂ ਕੰਟਰੋਲ ਰੂਮ ‘ਤੇ ਜਾਣਕਾਰੀ ਦਿੱਤੀ ਗਈ ਸੀ, ਜਿਸ ਤੋਂ ਬਾਅਦ ਪੁਲਸ ਵੱਲੋਂ ਪੂਰੇ ਇਲਾਕੇ ਅੰਦਰ ਸਰਚ ਅਭਿਆਨ ਚਲਾਇਆ ਗਿਆ ਹੈ। ਬਾਕੀ ਇਲਾਕੇ ਅੰਦਰ ਥਾਂ-ਥਾਂ ‘ਤੇ ਪੁਲਸ ਵੱਲੋਂ ਪੂਰੀ ਨਜ਼ਰ ਬਣਾਈ ਹੋਈ ਹੈ।
ਜ਼ਿਕਰਯੋਗ ਹੈ ਕਿ ਪਠਾਨਕੋਟ ਦੇ ਸਰਹੱਦੀ ਇਲਾਕਿਆਂ ‘ਚ ਚੌਕਸੀ ਵਧਾਈ ਗਈ, ਕਿਉਂਕਿ ਪੰਜਾਬ-ਜੰਮੂ ਸਰਹੱਦ ‘ਤੇ ਨੇੜੇ ਸਥਿਤ ਕੀੜੀ ਗੰਢਿਆਲ ਇਲਾਕੇ ‘ਚ ਬੀਤੇ ਦਿਨੀ 2 ਸ਼ੱਕੀ ਵੜ੍ਹੇ ਸਨ, ਜਿੱਥੇ ਉਨ੍ਹਾਂ ਨੇ ਇੱਕ ਘਰ ਚ ਬੰਦੂਕ ਦੇ ਜ਼ੋਰ ਤੇ ਰੋਟੀ ਬਣਵਾਈ ! ਇੰਨਾ ਹੀ ਨਹੀਂ ਸ਼ੱਕੀਆਂ ਨੇ ਰੋਟੀ ਖਵਾਉਣ ਵਾਲੇ ਪਰਿਵਾਰ ਨੂੰ ਮੂੰਹ ਬੰਦ ਰੱਖਣ ਲਈ ਧਮਕੀ ਵੀ ਦਿੱਤੀ ਸੀ ਅਤੇ ਫਿਰ ਉੱਥੋ ਦੋਵੇਂ ਫਰਾਰ ਗਏ ਸਨ। ਇਸ ਦੀ ਸੂਚਨਾ ਮਿਲਦੇ ਹੀ ਪੁਲਿਸ ਅਤੇ ਕਮਾਂਡੋਜ਼ ਨੇ ਤਲਾਸ਼ੀ ਮੁਹਿੰਮ ਚਲਾਈ। ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਸੀ। ਇਸ ਮਗਰੋਂ ਪੰਜਾਬ ਪੁਲਸ ਦੇ ਡੀ.ਆਈ.ਜੀ. ਬਾਰਡਰ ਰੇਂਜ ਰਾਕੇਸ਼ ਕੌਸ਼ਲ ਵੱਲੋਂ ਇਸ ਸਕੈੱਚ ਨਾਲ ਇੱਕ ਪ੍ਰੈਸ ਨੋਟ ਵੀ ਜਾਰੀ ਕੀਤਾ ਗਿਆ ਹੈ।