Sports
ਫਰਾਂਸ ਨੂੰ ਸਵਿਟਜ਼ਰਲੈਂਡ ਨੇ ਪੈਨਲਟੀ ਸ਼ੂਟਆਊਟ ‘ਚ 5-4 ਨਾਲ ਹਰਾਇਆ

ਗੋਲਕੀਪਰ ਯਾਨ ਸੋਮੇਰ ਦੇ ਸ਼ਾਨਦਾਰ ਬਚਾਅ ਨਾਲ ਸਵਿਟਜ਼ਰਲੈਂਡ ਨੇ ਵਿਸ਼ਵ ਚੈਂਪੀਅਨ ਫਰਾਂਸ ਨੂੰ ਪੈਨਲਟੀ ਸ਼ੂਟਆਊਟ ਵਿਚ 5-4 ਨਾਲ ਹਰਾ ਕੇ ਯੂਰੋ ਕੱਪ ਦੇ ਕੁਆਰਟਰ ਫਾਈਨਲ ਵਿਚ ਪ੍ਰਵੇਸ਼ ਕੀਤਾ। ਆਪਣੀ ਸੋਮੇਰ ਨੇ ਦੁਨੀਆ ਦੇ ਸਰਬੋਤਮ ਖਿਡਾਰੀਆਂ ਵਿਚੋਂ ਇਕ ਕਾਇਲੀਅਨ ਐਮਬਾਪੇ ਨੂੰ ਪੈਨਲਟੀ ‘ਤੇ ਗੋਲ ਨਹੀਂ ਕਰਨ ਦਿੱਤਾ। ਇਸ ਨਾਲ ਸਵਿਟਜ਼ਰਲੈਂਡ 67 ਸਾਲ ਵਿਚ ਪਹਿਲੀ ਵਾਰ ਕਿਸੇ ਵੱਡੇ ਟੂਰਨਾਮੈਂਟ ਦੇ ਕੁਆਰਟਰ ਫਾਈਨਲ ਵਿਚ ਥਾਂ ਬਣਾਉਣ ਵਿਚ ਕਾਮਯਾਬ ਰਿਹਾ। ਮੈਚ ਤੈਅ ਸਮੇਂ ਵਿਚ 3-3 ਨਾਲ ਬਰਾਬਰ ਸੀ ਜਿਸ ਤੋਂ ਬਾਅਦ ਵਾਧੂ ਸਮੇਂ ਵਿਚ ਵੀ ਦੋਵਾਂ ਟੀਮਾਂ ਵਿਚੋਂ ਕੋਈ ਗੋਲ ਨਹੀਂ ਕਰ ਸਕਿਆ। ਖ਼ਾਸ ਕਰ ਕੇ ਫਰਾਂਸ ਦੀ ਟੀਮ ਤੋਂ ਵਾਧੂ ਸਮੇਂ ਵਿਚ ਗੋਲ ਦੀ ਉਮੀਦ ਸੀ ਕਿਉਂਕਿ ਉਸ ਕੋਲ ਟੋਨੀ ਗ੍ਰੀਜ਼ਮੈਨ, ਐਮਬਾਪੇ, ਕਰੀਮ ਬੇਂਜੇਮਾ ਵਰਗੇ ਸਟਾਰ ਖਿਡਾਰੀ ਮੌਜੂਦ ਸਨ। ਇਸ ਤੋਂ ਬਾਅਦ ਪੈਨਲਟੀ ਸ਼ੂਟਆਊਟ ਦਾ ਸਹਾਰਾ ਲਿਆ ਗਿਆ। ਸਵਿਟਜ਼ਰਲੈਂਡ ਨੇ ਆਪਣੀਆਂ ਪੰਜਾਂ ਪੈਨਲਟੀਆਂ ‘ਤੇ ਗੋਲ ਕੀਤੇ। ਫਰਾਂਸ ਵੱਲੋਂ ਐਮਬਾਪੇ ਆਖ਼ਰੀ ਪੈਨਲਟੀ ਲੈਣ ਲਈ ਆਏ ਪਰ ਸੋਮੇਰ ਨੇ ਆਪਣੇ ਸੱਜੇ ਪਾਸੇ ਛਾਲ ਮਾਰ ਕੇ ਉਸ ਨੂੰ ਬਚਾ ਦਿੱਤਾ। ਇਸ ਨਾਲ ਪਿਛਲੇ ਵਿਸ਼ਵ ਕੱਪ ਫਾਈਨਲ ਵਿਚ ਗੋਲ ਕਰ ਕੇ ਸੁਪਰ ਸਟਾਰ ਬਣੇ ਐਮਬਾਪੇ ਹੀ ਨਹੀਂ ਪੂਰਾ ਫਰਾਂਸ ਗ਼ਮ ਵਿਚ ਡੁੱਬ ਗਿਆ। ਸਵਿਸ ਟੀਮ 1954 ਵਿਚ ਵਿਸ਼ਵ ਕੱਪ ਦੀ ਮੇਜ਼ਬਾਨੀ ਤੋਂ ਬਾਅਦ ਕਦੀ ਕਿਸੇ ਟੂਰਨਾਮੈਂਟ ਦੇ ਕੁਆਰਟਰ ਫਾਈਨਲ ਤਕ ਨਹੀਂ ਪੁੱਜੀ ਸੀ। ਯੂਰੋ ਕੱਪ ਵਿਚ ਉਹ ਕਦੀ ਆਖ਼ਰੀ-16 ਤੋਂ ਅੱਗੇ ਨਹੀਂ ਵਧ ਸਕੀ ਸੀ। ਕੁਆਰਟਰ ਫਾਈਨਲ ਵਿਚ ਉਸ ਦਾ ਮੁਕਾਬਲਾ ਸਪੇਨ ਨਾਲ ਹੋਵੇਗਾ।